ਸੰਯੁਕਤ ਰਾਸ਼ਟਰ ’ਚ ਬੋਲੇ ਜੈਸ਼ੰਕਰ- ਅੱਤਵਾਦ ਖਿਲਾਫ ਸਾਡੀ ਜ਼ੀਰੋ ਟਾਲਰੈਂਸ ਨੀਤੀ ਜਾਰੀ
Monday, Sep 28, 2026 - 05:11 PM (IST)
ਨਿਊਯਾਰਕ (ਇੰਟ.)- ਨਿਊਯਾਰਕ ’ਚ ਸੰਯੁਕਤ ਰਾਸ਼ਟਰ ਮਹਾਸਭਾ ਦੇ 81ਵੇਂ ਸੈਸ਼ਨ ’ਚ ਭਾਰਤ ਦੇ ਵਿਦੇਸ਼ ਮੰਤਰੀ ਐੱਸ. ਜੈਸ਼ੰਕਰ ਨੇ ਪਾਕਿਸਤਾਨ ਦਾ ਨਾਂ ਲਏ ਬਿਨਾਂ ਕਿਹਾ ਕਿ ਅੱਤਵਾਦ ਖਿਲਾਫ ਸਾਡੀ ਜ਼ੀਰੋ ਟਾਲਰੈਂਸ ਨੀਤੀ ਜਾਰੀ ਰਹੇਗੀ। ਸਰਹੱਦ ਪਾਰ ਕੋਈ ਸਰਕਾਰ ਇਸ ’ਚ ਸ਼ਾਮਲ ਹੈ ਤਾਂ ਉਸ ਨੂੰ ਜ਼ਿੰਮੇਵਾਰ ਠਹਿਰਾਉਣਾ ਹੋਵੇਗਾ। ਇਹ ਪੂਰੀ ਦੁਨੀਆ ਲਈ ਚੁਣੌਤੀ ਹੈ। ਅੱਤਵਾਦ ਦੇ ਖਿਲਾਫ ਸਵੈ-ਰੱਖਿਆ ਦੇ ਭਾਰਤ ਦੇ ਅਧਿਕਾਰ ਦੀ ਵਰਤੋਂ ਕੀਤੀ ਜਾਵੇਗੀ। ਅੱਤਵਾਦ ਅਤੇ ਦੋਸਤੀ ਇਕੱਠੇ ਨਹੀਂ ਚੱਲ ਸਕਦੇ।
ਜੈੈਸ਼ੰਕਰ ਨੇ ਖਾੜੀ ਖੇਤਰ ’ਚ ਅਸ਼ਾਂਤੀ ’ਤੇ ਚਿੰਤਾ ਪ੍ਰਗਟਾਉਣ ਦੇ ਨਾਲ-ਨਾਲ ਯੂਕ੍ਰੇਨ ’ਚ ਟਕਰਾਅ ਨੂੰ ਵੀ ‘ਬਰਾਬਰ ਤੌਰ ’ਤੇ ਚਿੰਤਾਜਨਕ’ ਦੱਸਦੇ ਹੋਏ ਵਿਸ਼ਵ ਨੇਤਾਵਾਂ ਨੂੰ ਕਿਹਾ ਕਿ ਜੰਗ ਦਾ ਹੁਣ ਅੰਤ ਹੋਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਇਸ ਸਾਲ ਅਸੀਂ ਖਾੜੀ ਖੇਤਰ ’ਚ ਟਕਰਾਅ ਦੇਖ ਰਹੇ ਹਾਂ, ਜਿਸ ਨਾਲ ਪਹਿਲਾਂ ਤੋਂ ਹੀ ਮੁਸ਼ਕਲ ਹਾਲਾਤ ਹੋਰ ਵਿਗੜ ਰਹੇ ਹਨ। ਜਾਰੀ ਤਣਾਅ ਨੂੰ ਲੈ ਕੇ ਅਸੀਂ ਬਹੁਤ ਚਿੰਤਤ ਹਾਂ। ਉਨ੍ਹਾਂ ਅੰਤਰਰਾਸ਼ਟਰੀ ਜਲਮਾਰਗਾਂ ਤੋਂ ਲੰਘਣ ਵਾਲੇ ਵਪਾਰਕ ਜਹਾਜ਼ਾਂ ਅਤੇ ਮਲਾਹਾਂ ਨੂੰ ਨਿਸ਼ਾਨਾ ਬਣਾਏ ਜਾਣ ਨੂੰ ਪੂਰੀ ਤਰ੍ਹਾਂ ਅਸਵੀਕਾਰਨਯੋਗ ਦੱਸਿਆ।
ਉਨ੍ਹਾਂ ਕਿਹਾ ਕਿ ਯੂਕ੍ਰੇਨ ’ਚ ਟਕਰਾਅ, ਜੋ ਹੁਣ ਲੱਗਭਗ ਆਪਣੇ 5ਵੇਂ ਸਾਲ ’ਚ ਦਾਖਲ ਹੋ ਚੁੱਕਾ ਹੈ, ‘ਚਿੰਤਾਜਨਕ’ ਹੈ। ਉਨ੍ਹਾਂ ਨੇ ਪੱਛਮੀ ਏਸ਼ੀਆ ’ਚ ਜਾਰੀ ਹਿੰਸਾ ’ਤੇ ਵੀ ਚਿੰਤਾ ਪ੍ਰਗਟਾਈ। ਜੈਸ਼ੰਕਰ ਨੇ ਇਜ਼ਰਾਈਲ-ਫਿਲਸਤੀਨ ਟਕਰਾਅ ਦਾ ਜ਼ਿਕਰ ਕਰਦੇ ਹੋਏ ਕਿਹਾ ਕਿ ਪੱਛਮੀ ਏਸ਼ੀਆ ਜਾਂ ਮੱਧ ਪੂਰਬ ’ਚ ਵੀ ਤਣਾਅ ਅਤੇ ਹਿੰਸਾ ਬਦਕਿਸਮਤੀ ਨਾਲ ਜਾਰੀ ਹੈ। ਸਾਡਾ ਦ੍ਰਿੜ੍ਹ ਵਿਸ਼ਵਾਸ ਹੈ ਕਿ ਸਥਾਈ ਅਤੇ ਲੰਬੇ ਸਮੇਂ ਦੀ ਸ਼ਾਂਤੀ ਲਈ ਦੋ-ਰਾਸ਼ਟਰ ਹੱਲ ਜ਼ਰੂਰੀ ਹੈ।
