ਆਪਰੇਸ਼ਨ ਸਿੰਦੂਰ 'ਚ ਅਸੀਂ ਪਾਕਿਸਤਾਨ 'ਚ 9 ਅੱਤਵਾਦੀ ਟਿਕਾਣਿਆਂ ਨੂੰ ਬਣਾਇਆ ਨਿਸ਼ਾਨਾ : ਅਜੀਤ ਡੋਵਾਲ
Friday, Jul 11, 2025 - 03:59 PM (IST)

ਚੇਨਈ- ਰਾਸ਼ਟਰੀ ਸੁਰੱਖਿਆ ਸਲਾਹਕਾਰ (ਐੱਨਐੱਸਏ) ਅਜੀਤ ਡੋਵਾਲ ਨੇ ਸ਼ੁੱਕਰਵਾਰ ਨੂੰ ਕਿਹਾ ਕਿ ਭਾਰਤ ਨੇ ਪਾਕਿਸਤਾਨ ਸਰਹੱਦ ਦੇ ਪਾਰ 9 ਅੱਤਵਾਦੀ ਕੈਂਪਾਂ 'ਤੇ ਸਟੀਕ ਹਮਲੇ ਕੀਤੇ ਅਤੇ ਉਨ੍ਹਾਂ 'ਚੋਂ ਕੋਈ ਵੀ ਖੁੰਝਿਆ ਨਹੀਂ। ਡੋਵਾਲ ਨੇ ਸਰਹੱਦ ਪਾਰ ਦੇ ਖਤਰਿਆਂ ਨੂੰ ਬੇਅਸਰ ਕਰਨ 'ਚ ਭਾਰਤ ਦੀ ਸਮਰੱਥਾ ਅਤੇ ਤਕਨੀਕੀ ਯੋਗਤਾ 'ਤੇ ਮਾਣ ਪ੍ਰਗਟ ਕੀਤਾ। ਰਾਸ਼ਟਰੀ ਸੁਰੱਖਿਆ ਸਲਾਹਕਾਰ ਡੋਵਾਲ ਨੇ ਕਿਹਾ ਕਿ ਸਟੀਕਤਾ ਇੰਨੀ ਸੀ ਕਿ ਭਾਰਤ ਨੂੰ ਪਤਾ ਸੀ ਕਿ ਕੌਣ ਕਿੱਥੇ ਹੈ। ਉਨ੍ਹਾਂ ਦੇ ਅਨੁਸਾਰ, ਪੂਰਾ ਆਪ੍ਰੇਸ਼ਨ 7 ਮਈ ਨੂੰ ਰਾਤ 1 ਵਜੇ ਤੋਂ ਬਾਅਦ ਸ਼ੁਰੂ ਹੋਇਆ ਅਤੇ ਸਿਰਫ਼ 23 ਮਿੰਟ ਤੱਕ ਜਾਰੀ ਰਿਹਾ। ਆਈਆਈਟੀ ਮਦਰਾਸ ਦੇ 62ਵੇਂ ਕਨਵੋਕੇਸ਼ਨ 'ਚ ਬੋਲਦੇ ਹੋਏ, ਡੋਵਾਲ ਨੇ ਸਵਾਲੀਆ ਲਹਿਜੇ 'ਚ ਕਿਹਾ, "ਇਸ ਤੋਂ ਬਾਅਦ ਉਨ੍ਹਾਂ ਨੇ ਕਿਹਾ ਕਿ ਪਾਕਿਸਤਾਨ ਨੇ ਅਜਿਹਾ ਕੀਤਾ। ਕੀ ਤੁਸੀਂ ਮੈਨੂੰ ਇਕ ਵੀ ਤਸਵੀਰ ਦਿਖਾ ਸਕਦੇ ਹੋ ਜੋ ਦਰਸਾਉਂਦੀ ਹੈ ਕਿ ਇਸ ਸਮੇਂ ਦੌਰਾਨ ਭਾਰਤ ਨੂੰ ਕੋਈ ਨੁਕਸਾਨ ਹੋਇਆ ਹੈ?"
ਪਹਿਲਗਾਮ 'ਚ 22 ਅਪ੍ਰੈਲ ਨੂੰ ਹੋਏ ਅੱਤਵਾਦੀ ਹਮਲੇ ਤੋਂ ਬਾਅਦ, ਭਾਰਤ ਨੇ ਪਾਕਿਸਤਾਨ ਅਤੇ ਪਾਕਿਸਤਾਨ ਦੇ ਕਬਜ਼ੇ ਵਾਲੇ ਕਸ਼ਮੀਰ 'ਚ ਅੱਤਵਾਦੀ ਕੈਂਪਾਂ ਨੂੰ ਨਿਸ਼ਾਨਾ ਬਣਾਉਂਦੇ ਹੋਏ ਆਪਰੇਸ਼ਨ ਸਿੰਦੂਰ ਸ਼ੁਰੂ ਕੀਤਾ। ਵਿਦਿਆਰਥੀਆਂ ਨੂੰ ਸੰਬੋਧਨ ਕਰਦੇ ਹੋਏ ਡੋਵਾਲ ਨੇ ਇਹ ਵੀ ਕਿਹਾ ਕਿ ਤਕਨਾਲੋਜੀ ਅਤੇ ਯੁੱਧ ਵਿਚਕਾਰ ਇਕ ਮਹੱਤਵਪੂਰਨ ਸਬੰਧ ਹੈ ਅਤੇ ਦੇਸ਼ ਨੂੰ ਆਪਣੀਆਂ ਜ਼ਰੂਰਤਾਂ ਨੂੰ ਪੂਰਾ ਕਰਨ ਲਈ ਸਵਦੇਸ਼ੀ ਤਕਨਾਲੋਜੀ ਵਿਕਸਿਤ ਕਰਨੀ ਚਾਹੀਦੀ ਹੈ। ਇਸ ਤੋਂ ਪਹਿਲਾਂ, ਪਦਮ ਵਿਭੂਸ਼ਣ ਪੁਰਸਕਾਰ ਜੇਤੂ ਅਤੇ ਉੱਘੇ ਨ੍ਰਿਤਕ ਪਦਮ ਸੁਬ੍ਰਹਮਣੀਅਮ ਨੇ ਆਪਰੇਸ਼ਨ ਸਿੰਦੂਰ ਦੀ ਸਫਲਤਾ ਲਈ ਉਨ੍ਹਾਂ ਨੂੰ ਵਧਾਈ ਦਿੱਤੀ ਅਤੇ ਵਿਦਿਆਰਥੀਆਂ ਵੱਲੋਂ ਤਾੜੀਆਂ ਦੀ ਗੂੰਜ ਨਾਲ ਸਵਾਗਤ ਕੀਤਾ ਗਿਆ। ਇਸ ਮੌਕੇ 'ਤੇ, ਰਾਸ਼ਟਰੀ ਸੁਰੱਖਿਆ ਸਲਾਹਕਾਰ ਨੇ ਕਿਹਾ, "ਮੈਨੂੰ ਇਸ (ਆਪਰੇਸ਼ਨ ਸਿੰਦੂਰ) 'ਤੇ ਮਾਣ ਹੈ।"
ਉਨ੍ਹਾਂ ਕਿਹਾ, "ਸਾਨੂੰ ਮਾਣ ਹੈ ਕਿ ਸਾਡੇ ਕੁਝ ਸਭ ਤੋਂ ਵਧੀਆ ਸਿਸਟਮ ਕੰਮ ਕਰਦੇ ਹਨ, ਭਾਵੇਂ ਇਹ ਬ੍ਰਹਿਮੋਸ (ਮਿਜ਼ਾਈਲ), ਏਕੀਕ੍ਰਿਤ ਹਵਾਈ ਨਿਯੰਤਰਣ ਅਤੇ ਕਮਾਂਡ ਪ੍ਰਣਾਲੀ ਜਾਂ ਜੰਗ ਦੇ ਮੈਦਾਨ ਦੀ ਨਿਗਰਾਨੀ ਹੋਵੇ। ਅਸੀਂ ਸਰਹੱਦੀ ਖੇਤਰਾਂ 'ਚ ਨਹੀਂ ਸਗੋਂ ਪਾਕਿਸਤਾਨ ਦੇ ਪਾਰ 9 ਅੱਤਵਾਦੀ ਟਿਕਾਣਿਆਂ ਨੂੰ ਨਿਸ਼ਾਨਾ ਬਣਾਇਆ ਅਤੇ ਅਸੀਂ ਇਕ ਵੀ ਨਹੀਂ ਖੁੰਝਾਇਆ।" ਉਨ੍ਹਾਂ ਕਿਹਾ ਕਿ ਕੋਈ ਵੀ ਅਜਿਹੀ ਜਗ੍ਹਾ 'ਤੇ ਹਮਲਾ ਨਹੀਂ ਕੀਤਾ ਗਿਆ ਜਿਸ ਦੀ ਚੋਣ ਨਾ ਕੀਤੀ ਗਈ ਹੋਵੇ ਅਤੇ ਹਮਲੇ 'ਚ ਸਟੀਕਤਾ ਇਸ ਪੱਧਰ ਦੀ ਸੀ ਕਿ ਭਾਰਤ ਨੂੰ ਪਤਾ ਸੀ ਕਿ ਕੌਣ ਕਿੱਥੇ ਹੈ ਅਤੇ ਪੂਰਾ ਆਪਰੇਸ਼ਨ 23 ਮਿੰਟ ਤੱਕ ਜਾਰੀ ਰਿਹਾ। ਆਪਰੇਸ਼ਨ ਦੀ ਪ੍ਰਭਾਵਸ਼ੀਲਤਾ 'ਤੇ ਸਵਾਲ ਚੁੱਕਣ ਵਾਲੇ ਅੰਤਰਰਾਸ਼ਟਰੀ ਮੀਡੀਆ ਕਵਰੇਜ 'ਤੇ ਨਿਸ਼ਾਨਾ ਵਿੰਨ੍ਹਦੇ ਹੋਏ ਐੱਨਐੱਸਏ ਨੇ ਕਿਹਾ, "ਉਨ੍ਹਾਂ ਨੇ ਉਹੀ ਲਿਖਿਆ ਜੋ ਉਹ ਚਾਹੁੰਦੇ ਸਨ ਪਰ ਸੈਟੇਲਾਈਟ ਤਸਵੀਰਾਂ 10 ਮਈ ਤੋਂ ਪਹਿਲਾਂ ਅਤੇ ਬਾਅਦ 'ਚ 13 ਪਾਕਿਸਤਾਨੀ ਏਅਰਬੇਸਾਂ 'ਚ ਕੀ ਹੋਇਆ ਸੀ, ਦੀ ਅਸਲ ਕਹਾਣੀ ਦੱਸਦੀਆਂ ਹਨ।"
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8