ਇਕ ਹਨੀਪ੍ਰੀਤ ''ਤੇ ਮੇਹਰਬਾਨ ਤਿੰਨ ''ਗੁਰਮੀਤ''
Saturday, Oct 28, 2017 - 12:05 AM (IST)
ਪੰਚਕੂਲਾ— ਦਿਲਚਸਪ ਗੱਲ ਹੈ ਕਿ ਹਨੀਪ੍ਰੀਤ ਇਕ ਹੈ ਤੇ ਉਸ 'ਤੇ ਮੇਹਰਬਾਨ ਤਿੰਨ ਗੁਰਮੀਤ ਨੇ। ਦੇਸ਼ ਭਰ ਦੀ ਪੁਲਸ ਦੇ ਨੱਕ 'ਚ ਦੰਮ ਕਰਨ ਵਾਲੀ ਹਨੀਪ੍ਰੀਤ ਦੇ ਜੀਵਨ 'ਚ ਗੁਰਮੀਤ ਸਿੰਘ ਨਾਂ ਦੇ ਲੋਕਾਂ ਦਾ ਵੱਡਾ ਯੋਗਦਾਨ ਰਿਹਾ ਹੈ।
ਡੇਰਾ ਮੁਖੀ ਗੁਰਮੀਤ ਰਾਮ ਰਹੀਮ ਜਦੋਂ ਤੱਕ ਜੇਲ ਤੋਂ ਬਾਹਰ ਸੀ, ਉਦੋਂ ਤੱਕ ਉਹ ਪੂਰੀ ਤਰ੍ਹਾਂ ਹਨੀਪ੍ਰੀਤ 'ਤੇ ਮੇਹਰਬਾਨ ਸੀ। ਉਸ ਨੇ ਹਨੀਪ੍ਰੀਤ ਦੇ ਹਰ ਐਸ਼ੋ-ਆਰਾਮ ਦਾ ਖਿਆਲ ਰੱਖਿਆ। ਜਦੋਂ ਗੁਰਮੀਤ ਰਾਮ ਰਹੀਮ ਸਾਧਵੀਆਂ ਦੇ ਸਰੀਰਕ ਸ਼ੋਸ਼ਣ ਮਾਮਲੇ 'ਚ ਜੇਲ 'ਚ ਗਿਆ ਤਾਂ ਸ਼ਰਣਦੀਪ ਦੇ ਪੁੱਤਰ ਗੁਰਮੀਤ ਸਿੰਘ ਤੇ ਮੁਕਤਸਰ ਵਾਸੀ ਗੁਰਮੀਤ ਸਿੰਘ ਨੇ ਉਸ ਦੀ ਮਦਦ ਕੀਤੀ।
ਦੱਸਿਆ ਜਾ ਰਿਹਾ ਹੈ ਕਿ ਜਦੋਂ ਪੁਲਸ ਹਨੀਪ੍ਰੀਤ ਦੀ ਭਾਲ 'ਚ ਜ਼ਮੀਨ ਅਸਮਾਨ ਛਾਣ ਰਹੀ ਸੀ ਤਾਂ ਉਸ ਵੇਲੇ ਹਨੀਪ੍ਰੀਤ ਬਠਿੰਡਾ ਦੇ ਪਿੰਡ ਜੰਗੀਰਾਣਾ 'ਚ ਸੁਖਦੀਪ ਕੌਰ ਨੂੰ ਮਿਲੀ ਸੀ, ਜਿਥੋਂ ਉਸ ਨੂੰ ਸ਼ਰਣਦੀਪ ਦੇ ਘਰ ਰੱਖਿਆ ਗਿਆ ਸੀ। ਇਸ ਤੋਂ ਬਾਅਦ ਹਨੀਪ੍ਰੀਤ ਆਪਣੀ ਅਗਾਊਂ ਜ਼ਮਾਨਤ ਲਈ ਦਿੱਲੀ 'ਚ ਇਕ ਐਡਵੋਕੇਟ ਨੂੰ ਮਿਲੀ। ਦਿੱਲੀ ਤੋਂ ਵਾਪਸ ਆਉਣ ਮਗਰੋਂ ਉਹ ਮੁਕਤਸਰ ਦੇ ਖਾਂਡੇਵਾਲਾ ਵਾਸੀ ਗੁਰਮੀਤ ਸਿੰਘ ਦੇ ਘਰ ਚਲੀ ਗਈ, ਜਿਥੇ ਉਹ 12 ਦਿਨਾਂ ਤੱਕ ਖਾਂਡੇਵਾਲ 'ਚ ਰੁਕੀ ਤੇ ਇਥੋਂ ਉਹ ਸਿੱਧਾ ਚੰਡੀਗੜ੍ਹ ਆਈ। ਇਸ ਮਗਰੋਂ ਹਨੀਪ੍ਰੀਤ ਨੇ ਇਕ ਨਿੱਜੀ ਚੈਨਲ ਨੂੰ ਇੰਟਰਵਿਊ ਦਿੱਤਾ ਪਰ ਇੰਟਰਵਿਊ ਟੈਲੀਕਾਸਟ ਹੋਣ ਮਗਰੋਂ ਪੰਚਕੂਲਾ ਪੁਲਸ ਨੇ ਉਸ ਨੂੰ ਜ਼ਿਰਕਪੁਰ 'ਚ ਪਟਿਆਲਾ ਰੋਡ ਤੋਂ ਗ੍ਰਿਫਤਾਰ ਕਰ ਲਿਆ ਸੀ।
