ਉਮਰ ਅਬਦੁੱਲਾ ਵੱਖਰਾ ਰਾਗ ਅਲਾਪ ਰਹੇ ਹਨ

Wednesday, Oct 16, 2024 - 04:12 PM (IST)

ਸ਼੍ਰੀਨਗਰ- ‘ਨਯਾ ਕਸ਼ਮੀਰ’ ਵਿਚ ਭਾਜਪਾ ਦੇ ਨੁਮਾਇੰਦੇ ਭਾਵੇਂ ਅਸਫਲ ਰਹੇ ਹੋਣ ਪਰ ਮੁੱਖ ਮੰਤਰੀ ਬਣੇ ਉਮਰ ਅਬਦੁੱਲਾ ਭਾਜਪਾ ਜਾਂ ਉਪ ਰਾਜਪਾਲ ਮਨੋਜ ਸਿਨਹਾ ਨਾਲ ਟਕਰਾਅ ਦਾ ਰਾਹ ਅਪਣਾਉਣ ਦੇ ਮੂਡ ਵਿਚ ਨਹੀਂ ਹਨ। ਹਾਲਾਂਕਿ ਅਰਵਿੰਦ ਕੇਜਰੀਵਾਲ ਨੇ ਉਮਰ ਨੂੰ ਸਲਾਹ ਦਿੱਤੀ ਹੈ ਕਿ ਉਨ੍ਹਾਂ ਨੂੰ ਕੇਂਦਰ ਸ਼ਾਸਿਤ ਪ੍ਰਦੇਸ਼ ਦੇ ਮੁੱਖ ਮੰਤਰੀ ਵਜੋਂ ਕਿਵੇਂ ਵਿਵਹਾਰ ਕਰਨਾ ਚਾਹੀਦਾ ਹੈ ਪਰ ਉਮਰ ਨੇ ਚੁੱਪ ਰਹਿਣਾ ਹੀ ਬਿਹਤਰ ਸਮਝਿਆ।

ਵਿਧਾਨ ਸਭਾ ਚੋਣਾਂ ਜਿੱਤਣ ਤੋਂ ਬਾਅਦ ਉਨ੍ਹਾਂ ਸਾਫ ਸੰਦੇਸ਼ ਦਿੱਤਾ ਕਿ ਮੋਦੀ ਸਰਕਾਰ ਤੋਂ ਆਰਟੀਕਲ 370 ਦੀ ਬਹਾਲੀ ਦੀ ਮੰਗ ਕਰਨਾ ਮੂਰਖਤਾ ਹੋਵੇਗੀ, ਜੰਮੂ-ਕਸ਼ਮੀਰ ਨੂੰ ਸੂਬੇ ਦਾ ਦਰਜਾ ਦਿਵਾਉਣਾ ਤਰਜੀਹ ਹੈ। ਉਨ੍ਹਾਂ ਨੇ ਮੰਨਿਆ ਕਿ ਮੌਜੂਦਾ ਕੇਂਦਰ ਸਰਕਾਰ ਦੇ ਤਹਿਤ ਨੈਸ਼ਨਲ ਕਾਨਫਰੰਸ ਦੇ ਚੋਣਾਂ ਤੋਂ ਪਹਿਲਾਂ ਦੇ ਵਾਅਦੇ ਪੂਰੇ ਕਰਨੇ ਸੰਭਵ ਨਹੀਂ। ਉਮਰ ਅਬਦੁੱਲਾ ਵੱਲੋਂ ਕਾਂਗਰਸ ਅਤੇ ਖਾਸ ਤੌਰ ’ਤੇ ਰਾਹੁਲ ਗਾਂਧੀ ਨੂੰ ਵੀ ਸਪੱਸ਼ਟ ਸੰਕੇਤ ਦੇ ਦਿੱਤੇ ਗਏ ਹਨ ਕਿ ਉਨ੍ਹਾਂ ਦੀ ਸਰਕਾਰ ਦਿੱਲੀ ਜਾਂ ਐੱਲ. ਜੀ. ਨਾਲ ਘੱਟ ਤੋਂ ਘੱਟ ਨੇੜਲੇ ਭਵਿੱਖ ਵਿਚ ਟਕਰਾਅ ਦੀ ਰਾਹ ’ਤੇ ਨਹੀਂ ਚੱਲੇਗੀ। ਕੁਝ ਆਜ਼ਾਦ, ਸੀ. ਪੀ. ਐੱਮ. ਅਤੇ ‘ਆਪ’ ਦੇ ਸਮਰਥਨ ਤੋਂ ਬਾਅਦ ਨੈਸ਼ਨਲ ਕਾਨਫਰੰਸ (ਐੱਨ. ਸੀ.) ਨੇ 90 ਮੈਂਬਰੀ ਵਿਧਾਨ ਸਭਾ ਵਿਚ ਆਪਣੇ ਜ਼ੋਰ ’ਤੇ ਬਹੁਮਤ ਹਾਸਲ ਕਰ ਲਿਆ ਹੈ।

ਐੱਨ. ਸੀ. ਦੀ ਰਣਨੀਤੀ ਦਾ ਉਦੇਸ਼ ਕੇਂਦਰ ਨੂੰ ਇਹ ਸੰਕੇਤ ਦੇਣਾ ਹੋ ਸਕਦਾ ਹੈ ਕਿ ਉਹ ਰਾਜ ਦੇ ਵਿਕਾਸ ਲਈ ਮਿਲ ਕੇ ਕੰਮ ਕਰਨ ਲਈ ਤਿਆਰ ਹੈ ਅਤੇ ਰਾਜ ਦਾ ਦਰਜਾ ਬਹਾਲ ਕਰਾਉਣ ਦੇ ਆਪਣੇ ਚੋਣਾਂ ਤੋਂ ਪਹਿਲਾਂ ਦੇ ਵਾਅਦੇ ਨੂੰ ਪੂਰਾ ਕਰਨ ਲਈ ਉਸ ’ਤੇ ਦਬਾਅ ਬਣਾ ਕੇ ਰੱਖੇਗੀ। ਭਾਜਪਾ ਦੀ ਅਗਵਾਈ ਨੇ ਉਮਰ ਅਬਦੁੱਲਾ ਦੇ ਚੋਣਾਂ ਤੋਂ ਬਾਅਦ ਦੇ ਰੁਖ ’ਤੇ ਚੁੱਪ ਧਾਰ ਰੱਖੀ ਹੈ, ਕਿਉਂਕਿ ਉਹ ‘ਨਯਾ ਕਸ਼ਮੀਰ’ ਵਿਚ ਆਪਣੀ ਅਸਫਲਤਾ ਨਾਲ ਜੂਝ ਰਹੀ ਹੈ, ਜਿਥੇ ਉਸ ਨੂੰ ਇਕ ਵੀ ਵਿਧਾਨ ਸਭਾ ਸੀਟ ਨਹੀਂ ਮਿਲੀ। ਹੈਰਾਨ ਕਰਨ ਵਾਲੀ ਗੱਲ ਇਹ ਸੀ ਕਿ ਗੁਲਾਮ ਨਬੀ ਆਜ਼ਾਦ, ਇੰਜੀਨੀਅਰ ਰਾਸ਼ਿਦ, ਜਮਾਤ ਵਰਗੇ ਭਾਜਪਾ ਸਮਰਥਕ ਅਤੇ ਆਜ਼ਾਦ ਵੀ ਵਾਦੀ ਵਿਚ ਅਸਫਲ ਰਹੇ।
 


Tanu

Content Editor

Related News