ਨੂਹ ਹਿੰਸਾ : ਹਰਿਆਣਾ ਸਰਕਾਰ ਦੀ ਦੰਗਾਕਾਰੀਆਂ ’ਤੇ ਵੱਡੀ ਕਾਰਵਾਈ, ਰੋਹਿੰਗਿਆ ਬਸਤੀ ’ਚ ਚੱਲੇ ਬੁਲਡੋਜ਼ਰ
Saturday, Aug 05, 2023 - 11:40 AM (IST)
ਗੁਰੂਗ੍ਰਾਮ/ਪਲਵਲ (ਧਰਮਿੰਦਰ, ਬਲਰਾਮ)- ਹਰਿਆਣਾ ਦੀ ਭਾਜਪਾ ਸਰਕਾਰ ਨੇ ਨੂਹ ਹਿੰਸਾ ਤੋਂ ਬਾਅਦ ਸ਼ੁੱਕਰਵਾਰ ਨੂੰ ਦੰਗਾਕਾਰੀਆਂ ਖਿਲਾਫ ਵੱਡੀ ਕਾਰਵਾਈ ਕੀਤੀ ਹੈ। ਪ੍ਰਸ਼ਾਸਨ ਨੇ ਨੂਹ ’ਚ ਵੱਡੀ ਗਿਣਤੀ ’ਚ ਰਹਿ ਰਹੇ ਨਾਜਾਇਜ਼ ਘੁਸਪੈਠੀਆਂ ਦੀਆਂ ਝੁੱਗੀਆਂ ’ਤੇ ਬੁਲਡੋਜ਼ਰ ਚਲਾ ਦਿੱਤਾ। ਦੂਜੇ ਪਾਸੇ ਬ੍ਰਜ ਮੰਡਲ ਯਾਤਰਾ ਦੌਰਾਨ ਨੂਹ ’ਚ ਹੋਈ ਹਿੰਸਾ ਦੌਰਾਨ ਛੁੱਟੀ ’ਤੇ ਗਏ ਨੂਹ ਦੇ ਐੱਸ. ਪੀ. ਵਰੁਣ ਸਿੰਗਲਾ ਦਾ ਰਾਜ ਸਰਕਾਰ ਨੇ ਵੀਰਵਾਰ ਦੇਰ ਰਾਤ ਤਬਾਦਲਾ ਭਿਵਾਨੀ ਕਰ ਦਿੱਤਾ ਹੈ। ਉਨ੍ਹਾਂ ਦੀ ਥਾਂ ’ਤੇ ਨਰਿੰਦਰ ਬਿਜਾਰਾਨੀਆ ਨੂੰ ਨੂਹ ਐੱਸ. ਪੀ. ਦਾ ਕੰਮ ਸੌਂਪਿਆ ਗਿਆ ਹੈ। ਬਿਜਾਰਨੀਆ ਪਹਿਲਾਂ ਭਿਵਾਨੀ ਦੇ ਐੱਸ. ਪੀ. ਸਨ। ਪਲਵਲ ’ਚ ਮਾਮੂਲੀ ਘਟਨਾਵਾਂ ਨੂੰ ਛੱਡ ਕੇ ਸ਼ੁੱਕਰਵਾਰ ਨੂੰ ਕੋਈ ਵੱਡੀ ਘਟਨਾ ਸਾਹਮਣੇ ਨਹੀਂ ਆਈ। ਪ੍ਰਸ਼ਾਸਨ ਦੇ ਹੁਕਮਾਂ ਦੀ ਪਾਲਣਾ ਕਰਦੇ ਹੋਏ ਜ਼ਿਲੇ ਵਿਚ ਮੁਸਲਿਮ ਭਾਈਚਾਰੇ ਦੇ ਲੋਕਾਂ ਨੇ ਸ਼ੁੱਕਰਵਾਰ ਨੂੰ ਆਪਣੇ ਘਰਾਂ ਵਿਚ ਹੀ ਜੁੰਮੇ ਦੀ ਨਮਾਜ਼ ਅਦਾ ਕੀਤੀ। ਕੁਝ ਲੋਕ ਮਸਜਿਦਾਂ ਵਿਚ ਵੀ ਨਮਾਜ਼ ਪੜ੍ਹਨ ਗਏ ਪਰ ਉਨ੍ਹਾਂ ਦੀ ਗਿਣਤੀ ਘੱਟ ਰਹੀ।
ਇਹ ਵੀ ਪੜ੍ਹੋ : ਨੂਹ ਹਿੰਸਾ ਦੇ ਸੰਬੰਧ 'ਚ 200 ਤੋਂ ਵੱਧ ਗ੍ਰਿਫ਼ਤਾਰ, 102 FIR ਦਰਜ : ਅਨਿਲ ਵਿਜ
ਪਿਛਲੀ 31 ਜੁਲਾਈ ਨੂੰ ਭੜਕੀ ਹਿੰਸਾ ਵਿਚ ਨਾਜਾਇਜ਼ ਤੌਰ ’ਤੇ ਇਥੇ ਰਹਿ ਰਹੇ ਰੋਹਿੰਗਿਆ ਮੁਸਲਮਾਨਾਂ ਦੇ ਵੀ ਹਿੰਸਾ ਵਿਚ ਸ਼ਾਮਲ ਹੋਣ ਦੀ ਗੱਲ ਸਾਹਮਣੇ ਆਉਣ ਤੋਂ ਬਾਅਦ ਹਰਿਆਣਾ ਸਰਕਾਰ ਨੇ ਸਖਤ ਐਕਸ਼ਨ ਲਿਆ ਹੈ। ਇਨ੍ਹਾਂ ਲੋਕਾਂ ਨੇ ਵੀ ਸ਼ੋਭਾਯਾਤਰਾ ਵਿਚ ਸ਼ਾਮਲ ਸ਼ਰਧਾਲੂਆਂ ’ਤੇ ਪੱਥਰਬਾਜ਼ੀ ਕੀਤੀ ਸੀ। ਔਰਤਾਂ ਅਤੇ ਬੱਚਿਆਂ ਨੂੰ ਵੀ ਿਨਸ਼ਾਨਾ ਬਣਾਇਆ ਸੀ। ਪ੍ਰਸ਼ਾਸਨ ਨੇ ਤਾਵਡੂ ਵਿਚ ਸਰਕਾਰੀ ਜ਼ਮੀਨ ’ਤੇ ਨਾਜਾਇਜ਼ ਕਬਜ਼ਾ ਕਰ ਕੇ ਰਹਿ ਰਹੇ ਰੋਹਿੰਗਿਆ ਮੁਸਲਮਾਨਾਂ ਦੇ 250 ਤੋਂ ਜ਼ਿਆਦਾ ਝੁੱਗੀਨੁਮਾ ਘਰਾਂ ’ਤੇ ਬੁਲਡੋਜਰ ਚਲਾ ਕੇ ਜ਼ਮੀਂਦੋਜ ਕਰ ਦਿੱਤਾ ਹੈ। ਪੁਲਸ ਸੂਤਰਾਂ ਨੇ ਦੱਸਿਆ ਕਿ ਇਥੇ ਬੰਗਲਾਦੇਸ਼ੀ ਰੋਹਿੰਗਿਆ ਨਾਜਾਇਜ਼ ਤਰੀਕੇ ਨਾਲ ਰਹਿ ਰਹੇ ਸਨ ਅਤੇ ਹਿੰਸਾ ਵਿਚ ਸ਼ਾਮਲ ਸਨ। ਕਈ ਵਿਅਕਤੀਆਂ ਦੇ ਨਾਂ ਐੱਫ. ਆਈ. ਆਰ. ’ਚ ਦਰਜ ਹਨ।
ਇਹ ਵੀ ਪੜ੍ਹੋ : ਨੂਹ ਹਿੰਸਾ: ਹਿੰਸਾ ਪ੍ਰਭਾਵਿਤ ਇਲਾਕਿਆਂ 'ਚ 3 ਘੰਟਿਆਂ ਲਈ ਮੋਬਾਇਲ ਇੰਟਰਨੈੱਟ ਸੇਵਾ ਬਹਾਲ
ਉਥੇ, ਜ਼ਿਲਾ ਪ੍ਰਸ਼ਾਸਨ ਨੇ ਨਲਹੜ ਸ਼ਿਵ ਮੰਦਰ ਦੇ ਮੁੱਖ ਗੇਟ ਦੇ ਬਾਹਰ ਹੋ ਰਹੇ ਨਾਜਾਇਜ਼ ਕਬਜ਼ੇ ’ਤੇ ਬੁਲਡੋਜ਼ਰ ਚਲਾਇਆ। ਨਲਹੜ ਸ਼ਿਵ ਮੰਦਰ ਕੋਲ ਜੰਗਲਾਤ ਵਿਭਾਗ ਦੀ ਲਗਭਗ 5 ਏਕੜ ਜ਼ਮੀਨ ’ਤੇ ਲੋਕਾਂ ਨੇ ਨਾਜਾਇਜ਼ ਕਬਜ਼ੇ ਕੀਤੇ ਹਨ ਜਿਸਨੂੰ ਅੱਜ ਢਾਹ ਦਿੱਤਾ ਗਿਆ। ਇਸੇ ਤਰ੍ਹਾਂ ਪੁਨਹਾਨਾ ਵਿਚ ਜੰਗਲਾਤ ਵਿਭਾਗ ਦੀ 6 ਏਕੜ ਜ਼ਮੀਨ ਅਤੇ ਨਾਜਾਇਜ਼ ਤੌਰ ’ਤੇ ਬਣੇ ਇਕ ਮਕਾਨ ਨੂੰ ਵੀ ਢਾਹ ਦਿੱਤਾ। ਨਗੀਨਾ ਦੇ ਐੱਮ. ਸੀ. ਖੇਤਰ ਵਿਚ ਪੈਣ ਵਾਲੇ ਧੋਬੀ ਘਾਟ ਵਿਚ ਵੀ ਭੰਨ-ਤੋੜ ਦਸਤੇ ਵਲੋਂ ਲਗਭਗ ਇਕ ਏਕੜ ਜ਼ਮੀਨ ਨੂੰ ਖਾਲੀ ਕਰਵਾਇਆ ਗਿਆ। ਇਸੇ ਤਰ੍ਹਾਂ ਨਾਂਗਲ ਮੁਬਾਰਕਪੁਰ ਵਿਚ 2 ਏਕੜ ਜ਼ਮੀਨ ’ਤੇ ਬਣੇ ਟੈਂਪਰੇਰੀ ਸ਼ੈੱਡ ਅਤੇ ਉਥੇ ਬਣੇ ਨਾਜਾਇਜ਼ ਕਬਜ਼ੇ ਨੂੰ ਹਟਾਇਆ। ਉਥੇ ਜਿਨ੍ਹਾਂ ਘਰਾਂ ਜਾਂ ਦੁਕਾਨਾਂ ਦੀਆਂ ਛੱਤਾਂ ਤੋਂ ਪੱਥਰਬਾਜ਼ੀ ਕੀਤੀ ਗਈ ਸੀ ਉਨ੍ਹਾਂ ਦੀ ਨਿਸ਼ਾਨਦੇਹੀ ਕੀਤੀ ਜਾ ਰਹੀ ਹੈ ਜਿਸਦੇ ਲਈ ਸਾਈਬਰ ਟੀਮਾਂ ਕੈਮਰਿਆਂ ਦੀ ਫੁਟੇਜ ਖੰਗਾਲ ਰਹੀ ਹੈ। ਉਪਯੁਕਤ ਪ੍ਰਸ਼ਾਂਤ ਪੰਵਾਰ ਨੇ ਦੱਸਿਆ ਕਿ ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਦੇ ਹੁਕਮ ਮੁਤਾਬਕ ਕਿਸੇ ਵੀ ਨਾਜਾਇਜ਼, ਅਸਮਾਜਿਕ ਉਸਾਰੀ ਅਤੇ ਸ਼ਮੂਲੀਅਤ ਨੂੰ ਬਖਸ਼ਿਆ ਨਹੀਂ ਜਾਏਗਾ। ਇਨ੍ਹਾਂ ਹੁਕਮਾਂ ’ਤੇ ਨੂਹ ਜ਼ਿਲਾ ਪ੍ਰਸ਼ਾਸਨ ਨਾਜਾਇਜ਼ ਉਸਾਰੀ ਵਿਰੁੱਧ ਵੱਡੀ ਕਾਰਵਾਈ ਕਰ ਰਿਹਾ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8