ਨਿਊਰੋਸਾਇੰਸ ਨੇ ਲੱਭ ਲਿਆ : ਆਖਰ ਦਿਮਾਗ ’ਚ ਕਿੱਥੇ ਰਹਿੰਦੀ ਹੈ ਹਾਰ ਤੇ ਜਿੱਤ
Wednesday, Nov 22, 2023 - 03:42 PM (IST)
ਨਵੀਂ ਦਿੱਲੀ, (ਵਿਸ਼ੇਸ਼)– ਦਿਮਾਗ ’ਚ ਹਾਰ ਤੇ ਜਿੱਤ ਕਿੱਥੇ ਰਹਿੰਦੀ ਅਤੇ ਅਸਰ ਕਰਦੀ ਹੈ, ਵਿਗਿਆਨੀਆਂ ਨੇ ਇਸ ਦਾ ਪਤਾ ਲਾ ਲਿਆ ਹੈ। ਨਿਊਰੋਸਾਇੰਸ ਮੁਤਾਬਕ ਤੁਹਾਡੀ ਮਨਪਸੰਦ ਟੀਮ ਦੇ ਜਿੱਤਣ ਤੇ ਹਾਰਨ ’ਤੇ ਪੈਦਾ ਹੋਣ ਵਾਲੀਆਂ ਭਾਵਨਾਵਾਂ ਨੂੰ ਸਿੱਧੇ ਤੌਰ ’ਤੇ ਤੁਹਾਡੇ ਦਿਮਾਗ ਵਿਚ ਵੇਖਿਆ ਜਾ ਸਕਦਾ ਹੈ।
ਚਿਲੀ ਦੇ ਕਲੀਨਿਕਾ ਅਲੇਮਾਨਾ ਡੀ ਸੈਂਟਿਆਗੋ ਦੇ ਖੋਜੀਆਂ ਨੇ ਫੁੱਟਬਾਲ ਟੀਮਾਂ ਦੇ ਪ੍ਰਸ਼ੰਸਕਾਂ ਦੇ ਦਿਮਾਗ ਵਿਚ ਮੈਚ ਦੌਰਾਨ ਆਉਣ ਵਾਲੇ ਉਤਰਾਅ-ਚੜਾਅ ਨੂੰ ਮੈਗਨੈਟਿਕ ਰਿਜ਼ੋਨੈਂਸ ਇਮੇਜਿੰਗ ਸਕੈਨ ਰਾਹੀਂ ਦਰਜ ਕੀਤਾ ਹੈ। ਇਸ ਖੋਜ ਦੇ ਨਤੀਜੇ ਰੇਡੀਓਲੋਜੀਕਲ ਸੁਸਾਇਟੀ ਆਫ ਨਾਰਥ ਅਮੇਰਿਕਾ ਦੀ ਸਾਲਾਨਾ ਕਾਨਫਰੰਸ ’ਚ ਮੰਗਲਵਾਰ ਨੂੰ ਪੇਸ਼ ਕੀਤੇ ਗਏ। ਇਸ ਅਧਿਐਨ ਦਾ ਮਕਸਦ ਫੁੱਟਬਾਲ ਪ੍ਰਸ਼ੰਸਕਾਂ ਦੇ ਵਤੀਰੇ ਦਾ ਅਧਿਐਨ ਕਰਨਾ ਸੀ, ਖਾਸ ਤੌਰ ’ਤੇ ਆਪਸ ਵਿਚ ਬੇਹੱਦ ਸਖਤ ਮੁਕਾਬਲੇਬਾਜ਼ੀ ਰੱਖਣ ਵਾਲੀਆਂ 2 ਟੀਮਾਂ ਦੇ ਪ੍ਰਸ਼ੰਸਕਾਂ ਦੇ ਵਤੀਰੇ ਦਾ। ਇਸ ਵਿਚ 43 ਪੁਰਸ਼ ਪ੍ਰਸ਼ੰਸਕਾਂ ਦੇ ਦਿਮਾਗ ਦਾ ਅਧਿਐਨ ਕੀਤਾ ਗਿਆ। ਜਦੋਂ ਉਹ ਮੈਚ ਵੇਖ ਰਹੇ ਸਨ ਤਾਂ ਉਨ੍ਹਾਂ ਦੇ ਦਿਮਾਗ ਦਾ ਪੂਰਾ ਮੈਗਨੈਟਿਕ ਰਿਜ਼ੋਨੈਂਸ ਇਮੇਜਿੰਗ ਸਕੈਨ ਖੋਜੀ ਪਾਰਟੀ ਸਕ੍ਰੀਨ ’ਤੇ ਵੇਖ ਰਹੀ ਸੀ।
ਜਿੱਤ ’ਤੇ ਹੁੰਦਾ ਹੈ ਰੋਸ਼ਨ
ਫੁੱਟਬਾਲ ਪ੍ਰਸ਼ੰਸਕਾਂ ਦੇ ਦਿਮਾਗ ਦੇ ਸਕੈਨ ’ਚ ਵੇਖਿਆ ਗਿਆ ਕਿ ਜਦੋਂ ਉਨ੍ਹਾਂ ਦੀ ਮਨਪਸੰਦ ਟੀਮ ਗੋਲ ਕਰਦੀ ਹੈ ਤਾਂ ਉਨ੍ਹਾਂ ਦੇ ਦਿਮਾਗ ਦਾ ਉਹ ਹਿੱਸਾ ਰੋਸ਼ਨ ਹੁੰਦਾ ਹੈ, ਜੋ ਪੁਰਸਕਾਰ ਦੀ ਭਾਵਨਾ ਨਾਲ ਜੁੜਿਆ ਹੋਇਆ ਹੈ। ਇੰਝ ਅਸੀਂ ਜਦੋਂ ਆਪਣੀ ਟੀਮ ਗੋਲ ਕਰਦੀ ਵੇਖਦੇ ਹਾਂ ਤਾਂ ਅਸੀਂ ਚੰਗਾ ਮਹਿਸੂਸ ਕਰਦੇ ਹਾਂ ਪਰ ਜਦੋਂ ਅਸੀਂ ਆਪਣੀ ਟੀਮ ਹਾਰਦੀ ਵੇਖਦੇ ਹਾਂ ਤਾਂ ਲਾਜੀਕਲ ਹੋਣ ਦੀ ਕੋਸ਼ਿਸ਼ ਕਰਦੇ ਹਾਂ।
ਹਾਰ ਬਣਾਉਂਦੀ ਹੈ ਹਮਲਾਵਰੀ
ਜਾਂਚ ਦੌਰਾਨ ਵੇਖਿਆ ਗਿਆ ਕਿ ਜਦੋਂ ਮਨਪਸੰਦ ਟੀਮ ਹਾਰ ਜਾਂਦੀ ਹੈ ਤਾਂ ਮੈਂਟੇਲਾਈਜ਼ੇਸ਼ਨ ਨਾਲ ਜੁੜਿਆ ਦਿਮਾਗ ਦੇ ਪੂਰੇ ਹਿੱਸੇ ਦਾ ਨੈੱਟਵਰਕ ਜ਼ਿਆਦਾ ਐਕਟਿਵ ਹੋ ਜਾਂਦਾ ਹੈ। ਅਸਲ ’ਚ ਦਿਮਾਗ ਦਾ ਉਹ ਪੂਰਾ ਹਿੱਸਾ ਇਸ ਗੱਲ ਦਾ ਵੇਰਵਾ ਲੱਭਣ ’ਚ ਲੱਗ ਜਾਂਦਾ ਹੈ ਕਿ ਅਜਿਹਾ ਕਿਵੇਂ ਹੋ ਗਿਆ।