ਸਮੁੰਦਰੀ ਫੌਜ ਨੂੰ ਮਿਲਿਆ ਪਹਿਲਾ ਸਵਦੇਸ਼ੀ ਬਹੁ-ਮੰਤਵੀ ਬੇੜਾ ‘ਸਮਰਥਕ’
Friday, Aug 28, 2026 - 11:24 AM (IST)
ਨਵੀਂ ਦਿੱਲੀ (ਏਜੰਸੀ)- ਸਮੁੰਦਰੀ ਨਿਗਰਾਨੀ, ਜਾਸੂਸੀ ਅਤੇ ਤੱਟਵਰਤੀ ਗਸ਼ਤ ਸਮੇਤ ਵੱਖ-ਵੱਖ ਗਤੀਵਿਧੀਆਂ ਨੂੰ ਅੰਜਾਮ ਦੇਣ ਅਤੇ ਉਨ੍ਹਾਂ ਵਿਚ ਸਹਾਇਤਾ ਲਈ ਤਿਆਰ ਕੀਤੇ ਗਏ ਭਾਰਤੀ ਸਮੁੰਦਰੀ ਫੌਜ ਦੇ ਪਹਿਲੇ ਬਹੁ-ਮੰਤਵੀ ਬੇੜੇ ‘ਸਮਰਥਕ’ ਨੂੰ ਵੀਰਵਾਰ ਨੂੰ ਸਮੁੰਦਰੀ ਫੌਜ ਨੂੰ ਸੌਂਪ ਦਿੱਤਾ ਗਿਆ। ਅਧਿਕਾਰੀਆਂ ਨੇ ਇਹ ਜਾਣਕਾਰੀ ਦਿੱਤੀ। ਬੇੜੇ ਵਿਚ 75 ਫੀਸਦੀ ਤੋਂ ਵੱਧ ਸਵਦੇਸ਼ੀ ਸਮੱਗਰੀ ਦੀ ਵਰਤੋਂ ਕੀਤੀ ਗਈ ਹੈ ਅਤੇ ਇਸ ਨੂੰ ਪ੍ਰੀਖਣ ਅਤੇ ਮੁਲਾਂਕਣ ਲਈ ਇਕ ਬਹੁ-ਉਪਯੋਗੀ ਮੰਚ ਵਜੋਂ ਤਿਆਰ ਕੀਤਾ ਗਿਆ ਹੈ।
ਸਮੁੰਦਰੀ ਫੌਜ ਦੇ ਇਕ ਬੁਲਾਰੇ ਨੇ ਦੱਸਿਆ ਕਿ ਲਾਰਸਨ ਐਂਡ ਟੂਬਰੋ (ਐੱਲ. ਐਂਡ ਟੀ.), ਕੱਟੂਪੱਲੀ ਵੱਲੋਂ ਤਿਆਰ ਕੀਤੇ ਪਹਿਲੇ ਬਹੁ-ਮੰਤਵੀ (ਐੱਮ. ਪੀ. ਵੀ.) ‘ਸਮਰਥਕ’ ਨੂੰ ਵੀਰਵਾਰ ਨੂੰ ਭਾਰਤੀ ਸਮੁੰਦਰੀ ਫੌਜ ਨੂੰ ਸੌਂਪ ਦਿੱਤਾ ਗਿਆ। ਅਧਿਕਾਰੀ ਨੇ ਕਿਹਾ ਕਿ ਬੇੜੇ ਨੂੰ ਸਮੁੰਦਰੀ ਨਿਗਰਾਨੀ, ਜਾਸੂਸੀ, ਤੱਟਵਰਤੀ ਗਸ਼ਤ ਅਤੇ ਲੋੜ ਪੈਣ ’ਤੇ ਮਨੁੱਖੀ ਸਹਾਇਤਾ ਅਤੇ ਆਫ਼ਤ ਰਾਹਤ (ਐੱਚ. ਏ. ਡੀ. ਆਰ.) ਮੁਹਿੰਮਾਂ ਵਿਚ ਸਹਿਯੋਗ ਲਈ ਤਿਆਰ ਕੀਤਾ ਗਿਆ ਹੈ। ਜਹਾਜ਼ ਦਾ ਨਾਂ ‘ਸਮਰਥਕ’ ਰੱਖਿਆ ਜਾਣਾ ਸਾਰਥਕ ਹੈ ਅਤੇ ਇਹ ਨਾਂ ਵੱਖ-ਵੱਖ ਮੁਹਿੰਮਾਂ ਵਿਚ ਇਕ ‘ਭਰੋਸੇਮੰਦ ਸਹਿਯੋਗੀ’ ਵਜੋਂ ਇਸ ਦੀ ਭੂਮਿਕਾ ਨੂੰ ਦਰਸਾਉਂਦਾ ਹੈ।
ਸਮੁੰਦਰੀ ਫੌਜ ਦੇ ਬੁਲਾਰੇ ਨੇ ਕਿਹਾ ਕਿ ਆਪਣੇ ਨਾਂ ਦੇ ਅਨੁਕੂਲ ‘ਸਮਰਥਕ’ ਕਿਸੇ ਇਕ ਵਿਸ਼ੇਸ਼ ਕੰਮ ਤੱਕ ਸੀਮਤ ਨਹੀਂ ਹੈ, ਸਗੋਂ ਇਸ ਨੂੰ ਵੱਖ-ਵੱਖ ਪ੍ਰਕਾਰ ਦੀਆਂ ਗਤੀਵਿਧੀਆਂ ਵਿਚ ਸਹਿਯੋਗ ਲਈ ਤਿਆਰ ਕੀਤਾ ਗਿਆ ਹੈ ਅਤੇ ਇਸ ਤਰ੍ਹਾਂ ਇਹ ਇਕ ਬਹੁ-ਮੰਤਵੀ ਜਹਾਜ਼ ਦੀ ਧਾਰਨਾ ਨੂੰ ਸਾਕਾਰ ਕਰਦਾ ਹੈ। ਅਧਿਕਾਰੀ ਨੇ ਕਿਹਾ ਕਿ ‘ਸਮਰਥਕ’ ਦਾ ਸੌਂਪਿਆ ਜਾਣਾ ਭਾਰਤੀ ਸਮੁੰਦਰੀ ਫੌਜ ਦੀ ਸਵਦੇਸ਼ੀ ਜਹਾਜ਼ ਨਿਰਮਾਣ ਯਾਤਰਾ ਵਿਚ ਇਕ ਹੋਰ ਮਹੱਤਵਪੂਰਨ ਪ੍ਰਾਪਤੀ ਹੈ ਅਤੇ ਇਹ ਸਰਕਾਰ ਦੇ ‘ਆਤਮਨਿਰਭਰ ਭਾਰਤ’ ਦੇ ਦ੍ਰਿਸ਼ਟੀਕੋਣ ਦੀ ਵੀ ਪੁਸ਼ਟੀ ਕਰਦਾ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
