ਨਕਵੀ ਬੋਲੇ- ਤਿੰਨ ਤਲਾਕ ''ਚ 82 ਫੀਸਦੀ ਦੀ ਹੋਈ ਕਮੀ

07/22/2020 5:34:42 PM

ਨਵੀਂ ਦਿੱਲੀ— ਕੇਂਦਰੀ ਘੱਟ ਗਿਣਤੀ ਮਾਮਲਿਆਂ ਦੇ ਮੰਤਰੀ ਮੁਖਤਾਰ ਅੱਬਾਸ ਨਕਵੀ ਨੇ 'ਤਿੰਨ ਤਲਾਕ' ਖ਼ਿਲਾਫ਼ ਬਣਾਏ ਗਏ ਕਾਨੂੰਨ ਨੂੰ ਇਤਿਹਾਸਕ ਕਰਾਰ ਦਿੱਤਾ ਹੈ। ਉਨ੍ਹਾਂ ਨੇ ਕਿਹਾ ਕਿ ਇਕ ਸਾਲ ਵਿਚ ਤਿੰਨ ਤਲਾਕ ਦੇ ਮਾਮਲਿਆਂ 'ਚ 82 ਫੀਸਦੀ ਕਮੀ ਆਈ ਹੈ। ਮੁਸਲਿਮ ਬੀਬੀਆਂ ਲਈ ਇਹ ਦਿਨ ਸੰਵਿਧਾਨਕ-ਮੌਲਿਕ-ਲੋਕਤੰਤਰੀ ਅਤੇ ਸਮਾਨਤਾ ਦੇ ਅਧਿਕਾਰਾਂ ਦਾ ਦਿਨ ਬਣ ਗਿਆ। ਨਕਵੀ ਨੇ ਇਕ ਬਿਆਨ ਜਾਰੀ ਕਰਦਿਆਂ ਕਿਹਾ ਕਿ ਅੱਜ ਇਕ ਸਾਲ ਹੋ ਗਿਆ ਹੈ, ਇਸ ਦੌਰਾਨ 'ਤਿੰਨ ਤਲਾਕ' ਦੀਆਂ ਘਟਨਾਵਾਂ ਵਿਚ 82 ਫੀਸਦੀ ਕਮੀ ਆਈ ਹੈ, ਜਿੱਥੇ ਅਜਿਹੀ ਘਟਨਾ ਹੋਈ ਵੀ ਹੈ ਉੱਥੇ ਕਾਨੂੰਨ ਨੇ ਆਪਣਾ ਕੰਮ ਕੀਤਾ ਹੈ। ਉਨ੍ਹਾਂ ਆਖਿਆ ਕਿ ਮੋਦੀ ਸਰਕਾਰ ਹਰ ਵਰਗ ਦੇ ਮਜ਼ਬੂਤੀਕਰਨ ਅਤੇ ਸਮਾਜਿਕ ਸੁਧਾਰ ਨੂੰ ਸਮਰਪਿਤ ਹੈ। ਇਹ ਬਿੱਲ ਭਾਜਪਾ ਦੀ ਮੋਦੀ ਸਰਕਾਰ ਵਲੋਂ ਪਾਸ ਕੀਤਾ ਗਿਆ।

ਨਕਵੀ ਨੇ ਅੱਗੇ ਕਿਹਾ ਕਿ ਇਕ ਅਗਸਤ, ਮੁਸਲਿਮ ਬੀਬੀਆਂ ਨੂੰ ਤਿੰਨ ਤਲਾਕ ਦੀ ਕੁਰੀਤੀ ਤੋਂ ਮੁਕਤ ਕਰਨ ਦਾ ਦਿਨ, ਭਾਰਤ ਦੇ ਇਤਿਹਾਸ ਵਿਚ 'ਮੁਸਲਿਮ ਬੀਬੀ ਅਧਿਕਾਰ ਦਿਵਸ' ਦੇ ਰੂਪ ਵਿਚ ਦਰਜ ਹੋ ਚੁੱਕਾ ਹੈ। ਕੇਂਦਰੀ ਮੰਤਰੀ ਨੇ ਕਿਹਾ ਕਿ ਇਕ ਅਗਸਤ 2019 ਭਾਰਤੀ ਸੰਸਦ ਦੇ ਇਤਿਹਾਸ ਵਿਚ ਉਹ ਦਿਨ ਹੈ, ਜਿਸ ਦਿਨ ਕਾਂਗਰਸ, ਕਮਿਊੁਨਿਸਟ ਪਾਰਟੀ, ਬਸਪਾ, ਸਪਾ ਸਮੇਤ ਤਮਾਮ ਸਿਆਸੀ ਪਾਰਟੀਆਂ ਦੇ ਵਿਰੋਧ ਦੇ ਬਾਵਜੂਦ ਤਿੰਨ ਤਲਾਕ ਨੂੰ ਖਤਮ ਕਰਨ ਦੇ ਬਿੱਲ ਨੂੰ ਕਾਨੂੰਨ ਬਣਾਇਆ ਗਿਆ। ਦੇਸ਼ ਦੀ ਅੱਧੀ ਆਬਾਦੀ ਅਤੇ ਮੁਸਲਿਮ ਬੀਬੀਆਂ ਲਈ ਇਹ ਦਿਨ ਸੰਵਿਧਾਨਕ-ਮੌਲਿਕ-ਲੋਕਤੰਤਰੀ ਅਤੇ ਸਮਾਨਤਾ ਦੇ ਅਧਿਕਾਰਾਂ ਦਾ ਦਿਨ ਬਣ ਗਿਆ। ਇਹ ਦਿਨ ਭਾਰਤੀ ਲੋਕਤੰਤਰ ਅਤੇ ਸੰਸਦੀ ਇਤਿਹਾਸ ਦੇ ਸੁਨਹਿਰੀ ਪੰਨਿਆ ਦਾ ਹਿੱਸਾ ਰਹੇਗਾ। ਉਨ੍ਹਾਂ ਇਹ ਵੀ ਕਿਹਾ ਕਿ ਦੁਨੀਆ ਦੇ ਕਈ ਪ੍ਰਮੁੱਖ ਇਸਲਾਮੀ ਦੇਸ਼ਾਂ ਨੇ ਬਹੁਤ ਪਹਿਲਾਂ ਹੀ 'ਤਿੰਨ ਤਲਾਕ' ਨੂੰ ਗੈਰ-ਕਾਨੂੰਨੀ ਅਤੇ ਗੈਰ-ਇਸਲਾਮੀ ਐਲਾਨ ਕਰ ਕੇ ਖਤਮ ਕਰ ਦਿੱਤਾ ਸੀ।


Tanu

Content Editor

Related News