ਭਾਜਪਾ ਹੈੱਡਕੁਆਰਟਰ ਪਹੁੰਚੇ ਮੋਦੀ, ਬਿਹਾਰੀ ਅੰਦਾਜ਼ ’ਚ ਗਮਛਾ ਲਹਿਰਾਇਆ

Saturday, Nov 15, 2025 - 12:39 AM (IST)

ਭਾਜਪਾ ਹੈੱਡਕੁਆਰਟਰ ਪਹੁੰਚੇ ਮੋਦੀ, ਬਿਹਾਰੀ ਅੰਦਾਜ਼ ’ਚ ਗਮਛਾ ਲਹਿਰਾਇਆ

ਨਵੀਂ ਦਿੱਲੀ- ਬਿਹਾਰ ਵਿਧਾਨ ਸਭਾ ਦੀਆਂ ਚੋਣਾਂ ’ਚ ਮਿਲੀ ਭਾਰੀ ਜਿੱਤ ਤੋਂ ਬਾਅਦ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸ਼ੁੱਕਰਵਾਰ ਰਾਤ ਭਾਜਪਾ ਹੈੱਡਕੁਆਰਟਰ ਪਹੁੰਚੇ।

ਉਨ੍ਹਾਂ ਨਾਲ ਗ੍ਰਹਿ ਮੰਤਰੀ ਅਮਿਤ ਸ਼ਾਹ, ਭਾਜਪਾ ਦੇ ਪ੍ਰਧਾਨ ਜੇ.ਪੀ. ਨੱਡਾ ਤੇ ਰੱਖਿਆ ਮੰਤਰੀ ਰਾਜਨਾਥ ਸਿੰਘ ਵੀ ਸਨ। ‘ਮੋਦੀ-ਮੋਦੀ’ ਦੇ ਨਾਅਰਿਆਂ ਦਰਮਿਅਾਨ ਹੈੱਡਕੁਆਰਟਰ ਪਹੁੰਚੇ ਮੋਦੀ ਨੇ ਬਿਹਾਰੀ ਅੰਦਾਜ਼ ਚ ਗਮਛਾ ਲਹਿਰਾਇਆ ਤੇ ਕਿਹਾ ਕਿ ਬਿਹਾਰ ਦੇ ਲੋਕਾਂ ਨੇ ਗਰਦ ਉਡਾ ਦਿੱਤੀ ਹੈ। ਬਿਹਾਰ ’ਚ ਮਿਲੇ ਭਾਰੀ ਫਤਵੇ ਦੀ ਸ਼ਲਾਘਾ ਕਰਦੇ ਹੋਏ ਮੋਦੀ ਨੇ ਪੱਛਮੀ ਬੰਗਾਲ ਤੋਂ ‘ਜੰਗਲਰਾਜ’ ਨੂੰ ਜੜ੍ਹੋਂ ਪੁੱਟਣ ਦੀ ਸਹੁੰ ਖਾਧੀ ਤੇ ਕਿਹਾ ਕਿ ਜਿਸ ਤਰ੍ਹਾਂ ਗੰਗਾ ਨਦੀ ਬਿਹਾਰ ’ਚੋਂ ਹੋ ਕੇ ਬੰਗਾਲ ’ਚ ਵਗਦੀ ਹੈ, ਉਸੇ ਤਰ੍ਹਾਂ ਇਸ ਜਿੱਤ ਨੇ ਉੱਥੇ ਵੀ ਭਾਜਪਾ ਦੀ ਜਿੱਤ ਦਾ ਰਾਹ ਪੱਧਰਾ ਕਰ ਦਿੱਤਾ ਹੈ।

ਮੋਦੀ ਨੇ ਕਿਹਾ ਕਿ ਕਾਂਗਰਸ ‘ਮੁਸਲਿਮ ਲੀਗ-ਮਾਓਵਾਦੀ ਕਾਂਗਰਸ’ (ਐੱਮ. ਐੱਮ. ਸੀ.) ਬਣ ਗਈ ਹੈ । ਜਲਦੀ ਹੀ ਇਸ ਦੇ ਅੰਦਰ ਇਕ ਵੱਡਾ ਪਾੜਾ ਵੇਖਣ ਨੂੰ ਮਿਲੇਗਾ। ਕਾਂਗਰਸ ਦੀ ਸਿਖਰਲੀ ਲੀਡਰਸ਼ਿਪ ’ਤੇ ਨਿਸ਼ਾਨਾ ਵਿੰਨ੍ਹਦਿਆਂ ਉਨ੍ਹਾਂ ਕਿਹਾ ਕਿ ਪਾਰਟੀ ਅੰਦਰ ਕੁਝ ‘ਨਾਮਦਾਰ’ ਬਾਕੀ ਸਾਰਿਆਂ ਨੂੰ ਡੁਬੋ ਰਹੇ ਹਨ।

ਆਪਣੇ ਸੰਬੋਧਨ ਦੌਰਾਨ ਪ੍ਰਧਾਨ ਮੰਤਰੀ ਨੇ ਬਿਹਾਰ ਦੇ ਲੋਕਾਂ ਨਾਲ ਜੁੜਨ ਦੇ ਪ੍ਰਤੀਕਾਤਮਕ ਸੰਕੇਤ ਵਜੋਂ ਮਿਥਿਲਾ ਪੇਂਟਿੰਗਾਂ ਵਾਲਾ ਗਮਛਾ ਪਹਿਨਿਆ। ਉਨ੍ਹਾਂ ਕਿਹਾ ਕਿ ਇਸ ਜਿੱਤ ਨੇ ਇਕ ਨਵਾਂ ‘ਐੱਮ. ਵਾਈ.ਭਾਵ ਮਹਿਲਾ ਤੇ ਯੂਥ ਫਾਰਮੂਲਾ ਦਿੱਤਾ ਹੈ। ਲੋਕਾਂ ਨੇ ‘ਜੰਗਲਰਾਜ’ ਬਣਾਉਣ ਵਾਲਿਆਂ ਦੇ ਫਿਰਕੂ ਐੱਮ. ਵਾਈ (ਮੁਸਲਿਮ-ਯਾਦਵ) ਫਾਰਮੂਲੇ\" ਨੂੰ ਢਹਿ-ਢੇਰੀ ਕਰ ਦਿੱਤਾ ਹੈ। ਬਿਹਾਰ ਉਹ ਧਰਤੀ ਹੈ ਜਿਸ ਨੇ ਭਾਰਤ ਨੂੰ ਲੋਕਰਾਜ ਦੀ ਮਾਂ ਹੋਣ ਦਾ ਸਨਮਾਨ ਦਿੱਤਾ। ਅੱਜ ਇਸ ਧਰਤੀ ਨੇ ਇਹ ਯਕੀਨੀ ਬਣਾਇਆ ਹੈ ਕਿ ਲੋਕਰੀਜ ਤੇ ਹਮਲਾ ਕਰਨ ਵਾਲਿਆਂ ਨੂੰ ਹਰਾਇਅਾ ਜਾਵੇ। ਮੋਦੀ ਨੇ ਕਿਹਾ ਕਿ ਬਿਹਾਰ ਨੇ ਇਕ ਵਾਰ ਫਿਰ ਵਿਖਾਇਆ ਹੈ ਕਿ ਝੂਠ ਹਾਰ ਗਿਆ ਹੈ ਤੇ ਲੋਕਾਂ ਦਾ ਭਰੋਸਾ ਜਿੱਤ ਗਿਆ ਹੈ।

ਚੋਣ ਕਮਿਸ਼ਨ ’ਚ ਲੋਕਾਂ ਦਾ ਭਰੋਸਾ ਮਜ਼ਬੂਤ ​​ਹੋਇਆ

ਪ੍ਰਧਾਨ ਮੰਤਰੀ ਨੇ ਕਿਹਾ ਕਿ ਇਸ ਜਿੱਤ ਨੇ ਲੋਕਾਂ ਦਾ ਚੋਣ ਕਮਿਸ਼ਨ ’ਚ ਭਰੋਸਾ ਮਜ਼ਬੂਤ ​​ਕੀਤਾ ਹੈ। ਕਾਂਗਰਸ ਪਾਰਟੀ ’ਤੇ ਤਿੱਖਾ ਹਮਲਾ ਕਰਦੇ ਹੋਏ ਮੋਦੀ ਨੇ ਕਿਹਾ ਕਿ ਇਸ ਦਾ ਦੇਸ਼ ਲਈ ਕੋਈ ਉਸਾਰੂ ਦ੍ਰਿਸ਼ਟੀਕੋਣ ਨਹੀਂ ਹੈ। ਉਨ੍ਹਾਂ ਕਾਂਗਰਸ ਦੇ ਸਹਿਯੋਗੀਆਂ ਨੂੰ ਚਿਤਾਵਨੀ ਦਿੱਤੀ ਕਿ ਪਾਰਟੀ ਇਕ ਪਰਜੀਵੀ ਹੈ ਤੇ ਉਨ੍ਹਾਂ ਲਈ ਬੋਝ ਹੈ।

ਉਨ੍ਹਾਂ ਕਿਹਾ ਕਿ ਬਿਹਾਰ ਵਿਧਾਨ ਸਭਾ ਦੀਆਂ ਚੋਣਾਂ ’ਚ ਜਿੱਤ ਇਕ ਨਵੇਂ ਯੁੱਗ ਦੀ ਸ਼ੁਰੂਆਤ ਹੈ। ਸੂਬਾ ਅਗਲੇ ਪੰਜ ਸਾਲਾਂ ’ਚ ਤੇਜ਼ੀ ਨਾਲ ਤਰੱਕੀ ਕਰੇਗਾ। ਬਿਹਾਰ ਨੌਜਵਾਨਾਂ ਲਈ ਨਵੇਂ ਉਦਯੋਗ, ਨਿਵੇਸ਼ ਤੇ ਰੁਜ਼ਗਾਰ ਦੇਖੇਗਾ, ਅਤੇ ਦੁਨੀਆ ਕੋਲ ਆਪਣੀ ਤਾਕਤ ਸਾਬਤ ਕਰੇਗਾ।


author

Rakesh

Content Editor

Related News