ਝੁਕਣ ਦੇ ਮੂਡ ’ਚ ਨਹੀਂ ਮੋਦੀ, ਲੜਨਗੇ ਇਕਜੁੱਟ ਵਿਰੋਧੀ ਧਿਰ ਨਾਲ

Saturday, Jul 08, 2023 - 04:49 PM (IST)

ਨਵੀਂ ਦਿੱਲੀ- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵੱਖ-ਵੱਖ ਸਿਆਸੀ ਪਾਰਟੀਆਂ ਦੇ ਆਗੂਆਂ ਵਿਰੁੱਧ ਸੀ. ਬੀ. ਆਈ., ਈ. ਡੀ. ਤੇ ਇਨਕਮ ਟੈਕਸ ਆਦਿ ਦੀ ਕਾਰਵਾਈ ਨੂੰ ਹੌਲੀ ਕਰਨ ਦੇ ਸੁਝਾਅ ਨੂੰ ਰੱਦ ਕਰ ਦਿੱਤਾ ਹੈ। ਇਹ ਮਹਿਸੂਸ ਕੀਤਾ ਜਾ ਰਿਹਾ ਹੈ ਕਿ ਕਾਂਗਰਸ, ਆਪ, ਆਰ. ਜੇ. ਡੀ., ਐੱਨ. ਸੀ. ਪੀ., ਜੇ. ਐੱਮ. ਐੱਮ., ਟੀ. ਐੱਮ. ਸੀ., ਸਪਾ ਅਤੇ ਹੋਰ ਵਿਰੋਧੀ ਪਾਰਟੀਆਂ ਦੇ ਨੇਤਾਵਾਂ ਵਿਰੁੱਧ ਕੇਸ ਉਨ੍ਹਾਂ ਨੂੰ ਇਕੱਠੇ ਹੋਣ ਲਈ ਮਜਬੂਰ ਕਰ ਰਹੇ ਹਨ । ਨਤੀਜੇ ਵਜੋਂ ਸੀਟਾਂ ਘਟ ਸਕਦੀਆਂ ਹਨ। ਏਜੰਸੀਆਂ ਇਸ ਵੇਲੇ ਬਿਹਾਰ ਵਿੱਚ ਜਨਤਾ ਦਲ (ਯੂ) ਦੇ ਆਗੂਆਂ ਖ਼ਿਲਾਫ਼ ਭ੍ਰਿਸ਼ਟਾਚਾਰ ਦੇ ਮਾਮਲਿਆਂ ਦੀ ਜਾਂਚ ਕਰ ਰਹੀਆਂ ਹਨ। ਇਨ੍ਹਾਂ ਵਿੱਚੋਂ ਕੁਝ ਵਿਰੁੱਧ ਜਾਂਚ ਚੱਲ ਵੀ ਰਹੀ ਹੈ।

ਭਾਜਪਾ ਵਿਰੁੱਧ ਇਹ ਇਕਜੁੱਟ ਲੜਾਈ ਮਈ 2024 ਦੀਆਂ ਚੋਣਾਂ ਵਿਚ ਭਾਜਪਾ ਦੀ ਲੋਕ ਸਭਾ ਦੀਆਂ ਸੀਟਾਂ ਦੀ ਗਿਣਤੀ ਵਿਚ ਗਿਰਾਵਟ ਦਾ ਕਾਰਨ ਬਣ ਸਕਦੀ ਹੈ। ਇਸ ਖਦਸ਼ੇ ਦਾ ਸੰਕੇਤ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਵੱਲੋਂ ਹਾਲ ਹੀ ਵਿੱਚ ਦਿੱਤੇ ਜਨਤਕ ਬਿਆਨਾਂ ਤੋਂ ਮਿਲਦਾ ਹੈ।

ਕਰਨਾਟਕ ’ਚ ਹਾਰ ਤੋਂ ਬਾਅਦ ਸ਼ਾਹ ਨੇ ਜਨ ਸਭਾਵਾਂ ’ਚ ਕਿਹਾ ਕਿ 2024 ’ਚ ਭਾਜਪਾ ਨੂੰ ਲੋਕ ਸਭਾ ਦੀਆਂ 300 ਸੀਟਾਂ ਮਿਲਣਗੀਆਂ। ਪਹਿਲਾਂ ਉਹ ਦਾਅਵਾ ਕਰਦੇ ਸਨ ਕਿ ਭਾਜਪਾ 350 ਸੀਟਾਂ ਜਿੱਤੇਗੀ।

ਭਾਜਪਾ ਦੇ ਕਈ ਸੀਨੀਅਰ ਨੇਤਾਵਾਂ ਨੂੰ ਇਹ ਖਦਸ਼ਾ ਹੈ ਕਿ ਬਿਹਾਰ, ਯੂ.ਪੀ., ਰਾਜਸਥਾਨ, ਮੱਧ ਪ੍ਰਦੇਸ਼, ਛੱਤੀਸਗੜ੍ਹ, ਝਾਰਖੰਡ, ਤਾਮਿਲਨਾਡੂ, ਆਂਧਰਾ ਪ੍ਰਦੇਸ਼ ਤੇ ਕਰਨਾਟਕ ਆਦਿ ਪ੍ਰਮੁੱਖ ਸੂਬਿਆਂ ਵਿੱਚ 14-15 ਵਿਰੋਧੀ ਪਾਰਟੀਆਂ ਦਾ ਇਕੱਠੇ ਆਉਣਾ 2024 ਵਿੱਚ ਪਾਰਟੀ ਲਈ ਸਖ਼ਤ ਚੁਣੌਤੀ ਪੈਦਾ ਕਰ ਸਕਦਾ ਹੈ।

ਕਾਂਗਰਸ ਪਹਿਲਾਂ ਹੀ ਸੰਕੇਤ ਦੇ ਚੁੱਕੀ ਹੈ ਕਿ ਗਾਂਧੀ ਪਰਿਵਾਰ 2024 ਵਿਚ ਪ੍ਰਧਾਨ ਮੰਤਰੀ ਦੇ ਅਹੁਦੇ ਦੀ ਦੌੜ ਤੋਂ ਬਾਹਰ ਹੈ। ਇਸ ਨਾਲ ਜਨਤਾ ਦਲ (ਯੂ) ਦੇ ਆਗੂ ਨਿਤੀਸ਼ ਕੁਮਾਰ ਵਿੱਚ ਨਵਾਂ ਜੋਸ਼ ਭਰ ਗਿਆ ਹੈ ਜੋ ਵਿਰੋਧੀ ਪਾਰਟੀਆਂ ਨੂੰ ਇੱਕਜੁੱਟ ਕਰਨ ਵਿੱਚ ਅਹਿਮ ਭੂਮਿਕਾ ਨਿਭਾਅ ਰਹੇ ਹਨ।

ਮਮਤਾ ਬੈਨਰਜੀ ਨੇ ਪਟਨਾ ਦੀ ਮੀਟਿੰਗ ਵਿੱਚ ਕਾਂਗਰਸ ਪ੍ਰਤੀ ਆਪਣਾ ਪਿਆਰ ਉਦੋਂ ਵਿਖਾਇਆ ਜਦੋਂ ਉਨ੍ਹਾਂ ਅਰਵਿੰਦ ਕੇਜਰੀਵਾਲ ਅਤੇ ਕਾਂਗਰਸ ਨੂੰ ਦੁਵੱਲੇ ਮਤਭੇਦਾਂ ਨੂੰ ਸੁਲਝਾਉਣ ਲਈ ਮੀਟਿੰਗ ਤੋਂ ਬਾਅਦ ‘ਚਾਏ ਪੇ ਚਰਚਾ’ ਕਰਨ ਦੀ ਸਲਾਹ ਦਿੱਤੀ। ਮੋਦੀ ਝੁਕਣ ਦੇ ਮੂਡ ਵਿੱਚ ਨਹੀਂ ਹਨ ਅਤੇ ਉਹ ਉਨ੍ਹਾਂ ਦੇ ਇੱਕਜੁੱਟ ਹੋਣ ’ਤੇ ਵੀ ਉਨ੍ਹਾਂ ਨਾਲ ਲੜਨਾ ਚਾਹੁੰਦੇ ਹਨ। ਸ਼ਾਇਦ ਮਰਹੂਮ ਇੰਦਰਾ ਗਾਂਧੀ ਦਾ 1971 ਦਾ ਨਾਅਰਾ ਅੱਜ ਵੀ ਉਨ੍ਹਾਂ ਦੇ ਕੰਨਾਂ ਵਿੱਚ ਗੂੰਜਦਾ ਹੈ- ‘ਯੇ ਕਹਿਤੇ ਹੈਂ ਇੰਦਰਾ ਹਟਾਓ, ਮੈਂ ਕਹਿਤੀ ਹੂੰ ਗਰੀਬੀ ਹਟਾਓ’। 2024 ਵਿੱਚ ਇੱਕਜੁੱਟ ਵਿਰੋਧੀ ਧਿਰ ਨੂੰ ਹਰਾਉਣ ਲਈ ਮੋਦੀ ਨਵਾਂ ਨਾਅਰਾ ਲੈ ਕੇ ਆ ਸਕਦੇ ਹਨ।


Rakesh

Content Editor

Related News