ਕਰੋੜਪਤੀ ਮਜ਼ਦੂਰ : ਇਨਕਮ ਟੈਕਸ ਵਿਭਾਗ ਨੇ ਜ਼ਬਤ ਕੀਤੀ ਜਾਇਦਾਦ
Tuesday, Mar 12, 2019 - 01:37 AM (IST)

ਜੈਪੁਰ, (ਸਾ. ਟਾ.)– ਰਾਜਸਥਾਨ ’ਚ ਇਕ ਅਨੋਖਾ ਮਾਮਲਾ ਸਾਹਮਣੇ ਆਇਆ ਹੈ। ਇਨਕਮ ਟੈਕਸ ਵਿਭਾਗ ਦੀ ਜਾਂਚ ’ਚ ਪਤਾ ਲੱਗਾ ਹੈ ਕਿ ਇਕ ਮਜ਼ਦੂਰ 15 ਜ਼ਮੀਨਾਂ ਦਾ ਮਾਲਕ ਹੈ, ਜਿਸ ਦਾ ਮੁੱਲ ਕਰੋੜਾਂ ਰੁਪਏ ਹੈ। ਜਾਂਚ ’ਚ ਦੇਖਿਆ ਗਿਆ ਕਿ ਦਰਅਸਲ ਇਕ ਵੱਡੇ ਸਮੂਹ ਦੇ ਮਾਲਕਾਂ ਨੇ ਆਪਣੇ ਇਥੇ ਕੰਮ ਕਰਨ ਵਾਲੇ ਮਜ਼ਦੂਰ ਦੇ ਨਾਂ ’ਤੇ ਉਕਤ ਜਾਇਦਾਦ ਖਰੀਦ ਰੱਖੀ ਹੈ।
ਰਾਜਸਥਾਨ ’ਚ ਇਨਕਮ ਟੈਕਸ ਵਿਭਾਗ ਦੀ ਬੇਨਾਮੀ ਰੋਕ ਯੂਨਿਟ ਨੇ ਜੈਪੁਰ-ਦਿੱਲੀ ਹਾਈਵੇ ’ਤੇ ਕੂਕਸ ਅਤੇ ਖੋਰਾਮੀਣਾ ਪਿੰਡਾਂ ’ਚ 15 ਜਾਇਦਾਦਾਂ ਬੇਨਾਮੀ ਮੰਨਦੇ ਹੋਏ ਇਨ੍ਹਾਂ ਨੂੰ ਜ਼ਬਤ ਕਰ ਲਿਆ। ਇਸ ’ਚ ਇਕ ਬੇਨਾਮੀ ਬੈਂਕ ਖਾਤਾ ਵੀ ਅਟੈਚ ਕੀਤਾ ਗਿਆ ਹੈ। ਅਟੈਚ ਕੀਤੀ ਗਈ ਕੁਲ ਲਗਭਗ ਸਾਢੇ 10 ਹੈਕਟੇਅਰ ਬੇਨਾਮੀ ਜ਼ਮੀਨ ਦਾ ਬਾਜ਼ਾਰ ਮੁੱਲ 100 ਕਰੋੜ ਰੁਪਏ ਦੇਖਿਆ ਜਾ ਰਿਹਾ ਹੈ। ਇਨਕਮ ਟੈਕਸ ਵਿਭਾਗ ਨੇ ਇਸੇ ਸਾਲ ਜਨਵਰੀ ’ਚ ਓਮ ਗਰੁੱਪ ਦੇ ਟਿਕਾਣਿਅਾਂ ’ਤੇ ਤਲਾਸ਼ੀ ਦੀ ਕਾਰਵਾਈ ਕੀਤੀ ਸੀ। ਇਸ ਕਾਰਵਾਈ ’ਚ ਵਿਭਾਗ ਨੇ ਦੇਖਿਆ ਕਿ ਸਮੂਹ ਦੇ ਮੁਖੀ ਓਮ ਪ੍ਰਕਾਸ਼ ਅਗਰਵਾਲ ਨੇ ਸਵਾਈ ਮਾਧੋਪੁਰ ਦੇ ਮੈਨਪੁਰਾ ਵਾਸੀ ਰਾਮ ਸਿੰਘ ਮੀਣਾ ਦੇ ਨਾਂ ਤੋਂ ਜੈਪੁਰ-ਦਿੱਲੀ ਹਾਈਵੇ ’ਤੇ ਕਾਫੀ ਜ਼ਮੀਨਾਂ ਖਰੀਦੀਅਾਂ। ਰਾਮ ਸਿੰਘ ਮਜ਼ਦੂਰੀ ਕਰਦਾ ਹੈ ਅਤੇ ਉਸ ਦੀ ਹੈਸੀਅਤ ਇੰਨਾ ਵੱਡਾ ਨਿਵੇਸ਼ ਕਰਨ ਦੀ ਨਹੀਂ ਸੀ। ਇਸ ਤੋਂ ਬਾਅਦ ਬੇਨਾਮੀ ਰੋਕ ਯੂਨਿਟ ਨੇ ਜਾਂਚ ਕੀਤੀ ਤਾਂ ਪਤਾ ਲੱਗਾ ਕਿ ਓਮਪ੍ਰਕਾਸ਼ ਨੇ ਇਹ ਜ਼ਮੀਨਾਂ ਖਰੀਦਣ ਲਈ ਰਾਮ ਸਿੰਘ ਮੀਣ ਦੇ ਨਾਂ ਤੋਂ ਸਰਦਾਰ ਪਟੇਲ ਮਾਰਗ ਸਥਿਤ ਕੋਟਕ ਮਹਿੰਦਰਾ ਬੈਂਕ ’ਚ ਇਕ ਖਾਤਾ ਖੁੱਲ੍ਹਵਾਇਆ।