ਕਸੌਲੀ ਦੇ ਜੰਗਲਾਂ ''ਚ ਭਿਆਨਕ ਅੱਗ, ਹਵਾਈ ਫੌਜ ਨੇ ਸੰਭਾਲਿਆ ਮੋਰਚਾ
Wednesday, May 27, 2026 - 02:46 AM (IST)
ਸ਼ਿਮਲਾ – ਹਿਮਾਚਲ ਪ੍ਰਦੇਸ਼ ਦੇ ਕਸੌਲੀ ਵਿਚ ਇਕ ਜੰਗਲੀ ਇਲਾਕੇ ਵਿਚ ਭਿਆਨਕ ਅੱਗ ਲੱਗ ਗਈ, ਜਿਸ ਨੂੰ ਬੁਝਾਉਣ ਲਈ ਭਾਰਤੀ ਹਵਾਈ ਫੌਜ ਦੇ 2 ਹੈਲੀਕਾਪਟਰ ਤਾਇਨਾਤ ਕੀਤੇ ਗਏ ਹਨ।
ਅਧਿਕਾਰੀਆਂ ਨੇ ਦੱਸਿਆ ਕਿ ਅੱਗ ਲੱਗਣ ਦੀ ਇਹ ਘਟਨਾ ਕਸੌਲੀ ਹਵਾਈ ਫੌਜ ਸਟੇਸ਼ਨ ਦੇ ਨੇੜੇ ਵਾਪਰੀ। ਜੰਗਲਾਤ ਵਿਭਾਗ ਦੀਆਂ ਟੀਮਾਂ ਤੇ ਫਾਇਰ ਬ੍ਰਿਗੇਡ ਦੀਆਂ ਕਈ ਗੱਡੀਆਂ ਅੱਗ ਬੁਝਾਉਣ ਲਈ ਤੁਰੰਤ ਮੌਕੇ ’ਤੇ ਪਹੁੰਚੀਆਂ ਪਰ ਉਹ ਇਸ ’ਤੇ ਕਾਬੂ ਪਾਉਣ ਵਿਚ ਅਸਮਰੱਥ ਰਹੀਆਂ।
ਇਸ ਤੋਂ ਬਾਅਦ ਹਵਾਈ ਫੌਜ ਨੇ ਆਪਣੇ ‘ਐੱਮ. ਆਈ.-17’ ਤੇ ‘ਚਿਨੂਕ’ ਹੈਲੀਕਾਪਟਰਾਂ ਨੂੰ ਕੰਮ ’ਤੇ ਲਾਇਆ। ਅੱਗ ਬੁਝਾਉਣ ਲਈ ਚੰਡੀਗੜ੍ਹ ਦੀ ਸੁਖ਼ਨਾ ਝੀਲ ਤੋਂ ਵੀ ਪਾਣੀ ਲਿਆਂਦਾ ਗਿਆ। ਆਖਰੀ ਰਿਪੋਰਟ ਮਿਲਣ ਤੱਕ ਅੱਗ ’ਤੇ ਕਾਬੂ ਪਾਉਣ ਦੀਆਂ ਕੋਸ਼ਿਸ਼ਾਂ ਜਾਰੀ ਸਨ।
ਇਕ ਹੋਰ ਘਟਨਾ ਵਿਚ ਸ਼ਿਮਲਾ ਨੇੜੇ ਰਝਾਨਾ ਪਿੰਡ ’ਚ ਵੀ ਜੰਗਲ ਵਿਚ ਅੱਗ ਲੱਗਣ ਦੀ ਸੂਚਨਾ ਮਿਲੀ ਹੈ। ਪਿਛਲੇ ਕੁਝ ਦਿਨਾਂ ’ਚ ਤਾਪਮਾਨ ਵਿਚ ਹੋਇਆ ਵਾਧਾ ਹੀ ਜੰਗਲ ਵਿਚ ਲੱਗੀ ਇਸ ਅੱਗ ਦਾ ਸੰਭਾਵਤ ਕਾਰਨ ਹੈ।
