ਮਾਂ ਦੇ ਜਨਾਜ਼ੇ ’ਚ ਸ਼ਾਮਲ ਹੋਏ ਨੌਜਵਾਨ ਦਾ ਇੱਟਾਂ ਮਾਰ ਕੇ ਕਤਲ
Thursday, Nov 13, 2025 - 10:16 PM (IST)
ਬਾਗਪਤ (ਉੱਤਰ ਪ੍ਰਦੇਸ਼), (ਭਾਸ਼ਾ)- ਬਾਗਪਤ ਸ਼ਹਿਰ ’ਚ ਮਾਂ ਦੇ ਜਨਾਜ਼ੇ ’ਚ ਸ਼ਾਮਲ ਹੋਣ ਆਏ ਇਕ ਨੌਜਵਾਨ ਦਾ ਉਸ ਦੇ ਹੀ ਪਰਿਵਾਰਕ ਮੈਂਬਰਾਂ ਨੇ ਇੱਟਾਂ ਮਾਰ ਕੇ ਕਤਲ ਕਰ ਦਿੱਤਾ। ਪੁਲਸ ਨੇ ਮੁੱਖ ਮੁਲਜ਼ਮ ਨੂੰ ਗ੍ਰਿਫ਼ਤਾਰ ਕਰ ਲਿਆ ਹੈ, ਜਦਕਿ ਹੋਰ ਸ਼ੱਕੀਆਂ ਦੀ ਭਾਲ ਜਾਰੀ ਹੈ।
ਮਾਮਲਾ ਬਾਗਪਤ ਦੇ ਈਦਗਾਹ ਇਲਾਕੇ ਦੀ ਝੰਕਾਰ ਗਲੀ ਦਾ ਹੈ। ਪੁਲਸ ਅਨੁਸਾਰ ਨਫੀਸ (40) ਲੱਗਭਗ 6 ਸਾਲ ਪਹਿਲਾਂ ਆਪਣੇ ਚਚੇਰੇ ਭਰਾ ਦੀ ਪਤਨੀ ਨੂੰ ਲੈ ਕੇ ਭੱਜ ਗਿਆ ਸੀ। ਦੋਵਾਂ ਨੇ ਸਹਾਰਨਪੁਰ ’ਚ ਨਿਕਾਹ ਕਰਵਾ ਲਿਆ ਸੀ, ਜਿਸ ਕਾਰਨ ਪਰਿਵਾਰਾਂ ’ਚ ਡੂੰਘੀ ਰੰਜਿਸ਼ ਚੱਲ ਰਹੀ ਸੀ।
ਬੁੱਧਵਾਰ ਨੂੰ ਨਫੀਸ ਦੀ ਮਾਂ ਮਕਸੂਦੀ ਦਾ ਦਿਹਾਂਤ ਹੋ ਗਿਆ। ਉਹ ਸਹਾਰਨਪੁਰ ਤੋਂ ਬਾਗਪਤ ਪਹੁੰਚਿਆ ਤੇ ਮਾਂ ਦੇ ਜਨਾਜ਼ੇ ’ਚ ਸ਼ਾਮਲ ਹੋਇਆ। ਕਬਰਿਸਤਾਨ ’ਚ ਜਨਾਜ਼ਾ ਦਫਨਾਉਣ ਤੋਂ ਬਾਅਦ ਨਫੀਸ ’ਤੇ ਉਸ ਦੇ ਚਚੇਰੇ ਭਰਾਵਾਂ, ਉਨ੍ਹਾਂ ਦੇ ਪੁੱਤਰਾਂ ਅਤੇ ਜਵਾਈ ਨੇ ਹਮਲਾ ਕਰ ਦਿੱਤਾ। ਮੁਲਜ਼ਮਾਂ ਨੇ ਨਫੀਸ ਨੂੰ ਕਬਰਿਸਤਾਨ ਤੋਂ ਬਾਹਰ ਖਿੱਚ ਕੇ ਸੜਕ ’ਤੇ ਸੁੱਟ ਦਿੱਤਾ ਅਤੇ ਇੱਟਾਂ ਨਾਲ ਸਿਰ ਕੁਚਲ ਦਿੱਤਾ। ਪੁਲਸ ਨੇ ਗੰਭੀਰ ਰੂਪ ’ਚ ਜ਼ਖਮੀ ਨਫੀਸ ਨੂੰ ਹਸਪਤਾਲ ਪਹੁੰਚਾਇਆ, ਜਿੱਥੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ ਗਿਆ। ਕੋਤਵਾਲੀ ਇੰਚਾਰਜ ਡੀ. ਕੇ. ਤਿਆਗੀ ਨੇ ਦੱਸਿਆ ਕਿ ਮੁੱਖ ਮੁਲਜ਼ਮ ਮੋਹਸਿਨ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ, ਜਦਕਿ ਪੁਲਸ ਟੀਮਾਂ ਬਾਕੀ 5 ਮੁਲਜ਼ਮਾਂ ਦੀ ਭਾਲ ਕਰ ਰਹੀਆਂ ਹਨ।
