ਹਿਮਾਚਲ: ਮਾਰਕੰਡਾ ਨਦੀ ’ਚ ਨਹਾਉਣ ਗਏ ਸਨ 4 ਦੋਸਤ, 2 ਦੀ ਡੁੱਬਣ ਨਾਲ ਹੋਈ ਮੌਤ

Wednesday, Mar 30, 2022 - 01:06 PM (IST)

ਨਾਹਨ (ਸਾਥੀ)– ਹਿਮਾਚਲ ਤੋਂ ਇਕ ਦਰਦਨਾਕ ਖ਼ਬਰ ਸਾਹਮਣੇ ਆਈ ਹੈ। ਇੱਥੇ ਨਦੀ ’ਚ ਨਹਾਉਣ ਗਏ 4 ਦੋਸਤਾਂ ’ਚੋਂ 2 ਦੀ ਡੁੱਬਣ ਨਾਲ ਮੌਤ ਹੋ ਗਈ। ਇਹ ਹਾਦਸਾ ਨਾਹਨ ਤੋਂ ਕਰੀਬ 10 ਕਿਲੋਮੀਟਰ ਦੂਰ ਖਜੂਰਨਾ-ਵਿਕ੍ਰਮਬਾਗ ਸੜਕ ਮਾਰਗ ’ਤੇ ਮਾਰਕੰਡਾ ਨਦੀ ’ਚ ਵਾਪਰਿਆ। ਪੁਲਸ ਨੇ ਦੋਹਾਂ ਨੌਜਵਾਨਾਂ ਦੀਆਂ ਲਾਸ਼ਾਂ ਨੂੰ ਬਾਹਰ ਕੱਢ ਲਿਆ ਹੈ, ਜਿਨ੍ਹਾਂ ਨੂੰ ਪੋਸਟਮਾਰਟਮ ਲਈ ਮੈਡੀਕਲ ਕਾਲਜ ਲਈ ਭੇਜ ਦਿੱਤਾ ਗਿਆ ਹੈ। ਇਹ ਹਾਦਸਾ ਮੰਗਲਵਾਰ ਸ਼ਾਮ ਨੂੰ ਵਾਪਰਿਆ। ਮ੍ਰਿਤਕ ਨੌਜਵਾਨਾਂ ਦੀ ਪਛਾਣ ਨਾਹਨ ਵਾਸੀ 18 ਸਾਲਾ ਨੌਜਵਾਨ ਗੁਰਵਿੰਦਰ ਸਿੰਘ ਅਤੇ ਅਮਿਤ ਕੁਮਾਰ ਦੇ ਰੂਪ ’ਚ ਹੋਈ ਹੈ।

ਜਾਣਕਾਰੀ ਮੁਤਾਬਕ ਮੰਗਲਵਾਰ ਸ਼ਾਮ ਕਰੀਬ 4.30 ਵਜੇ ਪੁਲਸ ਦੀ ਟੀਮ ਘਟਨਾ ਵਾਲੀ ਥਾਂ ’ਤੇ ਪਹੁੰਚੀ। ਪੁਲਸ ਨੇ ਦੱਸਿਆ ਕਿ 4 ਦੋਸਤ ਮਾਰਕੰਡਾ ਨਦੀ ’ਚ ਨਹਾਉਣ ਲਈ ਗਏ ਸਨ। ਇਸ ਦੌਰਾਨ 2 ਨੌਜਵਾਨ ਨਦੀ ਦੇ ਡੂੰਘੇ ਕੁੰਡ ’ਚ ਸਮਾ ਗਏ। ਹਾਦਸੇ ਤੋਂ ਬਾਅਦ ਇਕ ਨੌਜਵਾਨ ਨੂੰ ਮ੍ਰਿਤਕ ਹਾਲਤ ’ਚ ਨਦੀ ’ਚੋਂ ਬਾਹਰ ਕੱਢਿਆ ਗਿਆ ਪਰ ਨਦੀ ’ਚ ਡੂੰਘਾਈ ਵੱਧ ਹੋਣ ਕਾਰਨ ਦੂਜੇ ਨੌਜਵਾਨ ਨੂੰ ਬਾਹਰ ਕੱਢਣ ’ਚ ਸਮਾਂ ਲੱਗਾ। ਕਾਫੀ ਜਦੋ-ਜਹਿੱਦ ਮਗਰੋਂ ਦੂਜੇ ਨੌਜਵਾਨ ਨੂੰ ਨਦੀ ’ਚੋਂ ਬਾਹਰ ਕੱਢਿਆ ਗਿਆ। ਇਸ ਘਟਨਾ ਦੀ ਸੂਚਨਾ ਮਿਲਦੇ ਹੀ ਘਟਨਾ ਵਾਲੀ ਥਾਂ ’ਤੇ ਲੋਕਾਂ ਦੀ ਭੀੜ ਇਕੱਠੀ ਹੋ ਗਈ। ਸੂਚਨਾ ਮਿਲਦੇ ਹੀ ਡੀ. ਐੱਸ. ਪੀ. ਹੈੱਡਕੁਆਰਟਰ ਮੀਨਾਕਸ਼ੀ ਭਾਰਦਵਾਜ ਨੇ ਘਟਨਾ ਵਾਲੀ ਥਾਂ ਦਾ ਜਾਇਜ਼ਾ ਲਿਆ। ਉਨ੍ਹਾਂ ਕਿਹਾ ਕਿ ਪੁਲਸ ਪੂਰੇ ਮਾਮਲੇ ਦੀ ਜਾਂਚ ਕਰ ਰਹੀ ਹੈ।


Tanu

Content Editor

Related News