ਨੰਦੀਗ੍ਰਾਮ 'ਚ ਸ਼ੁਭੇਂਦੁ ਤੋਂ ਹਾਰੀ ਮਮਤਾ, ਤ੍ਰਿਣਮੂਲ ਨੇ ਮੁੜ ਵੋਟਾਂ ਦੀ ਗਿਣਤੀ ਦੀ ਕੀਤੀ ਮੰਗ
Monday, May 03, 2021 - 12:56 AM (IST)
ਕੋਲਕਾਤਾ-ਪੱਛਮੀ ਬੰਗਾਲ ਦੀਆਂ ਵਿਧਾਨ ਸਭਾ ਚੋਣਾਂ 'ਚ ਭਾਰੀ ਜਿੱਤ ਦਰਜ ਕਰਵਾਉਣ ਵਾਲੀ ਸੱਤਾਧਾਰੀ ਤ੍ਰਿਣਮੂਲ ਕਾਂਗਰਸ ਦੀ ਪ੍ਰਧਾਨ ਅਤੇ ਮੁੱਖ ਮੰਤਰੀ ਮਮਤਾ ਬੈਨਰਜੀ ਨੰਦੀਗ੍ਰਾਮ ਸੀਟ 'ਤੇ ਕਦੇ ਸਹਿਯੋਗੀ ਰਹੀ ਹੁਣ ਭਾਜਪਾ ਦੇ ਉਮੀਦਵਾਰ ਸ਼ੁਭੇਂਦੁ ਅਧਿਕਾਰੀ ਤੋਂ ਹਾਰ ਗਈ ਹੈ। ਉਥੇ, ਤ੍ਰਿਣਮੂਲ ਕਾਂਗਰਸ ਨੇ ਵੋਟਿੰਗ ਦੀ ਗਿਣਤੀ 'ਚ ਧਾਂਧਲੀ ਦਾ ਦੋਸ਼ ਲਾਉਂਦੇ ਹੋਏ ਮੁੜ ਵੋਟਾਂ ਦੀ ਗਿਣਤੀ ਕਰਨ ਦੀ ਮੰਗ ਕੀਤੀ ਹੈ। ਚੋਣ ਕਮਿਸ਼ਨ ਨੇ ਦੱਸਿਆ ਕਿ ਨੰਦੀਗ੍ਰਾਮ ਸੀਟ ਤੋਂ ਸ਼ੁਭੇਂਦੁ ਅਧਿਕਾਰੀ 1,956 ਵੋਟਾਂ ਤੋਂ ਜਿੱਤ ਗਏ ਹਨ।
ਕਮਿਸ਼ਨ ਨੇ ਪੁਸ਼ਟੀ ਕੀਤੀ ਹੈ ਕਿ ਅਧਿਕਾਰੀ ਨੂੰ 1,10,764 ਵੋਟਾਂ ਮਿਲੀਆਂ ਜਦ ਕਿ ਉਨ੍ਹਾਂ ਦੀ ਵਿਰੋਧੀ ਬੈਨਰਜੀ ਦੇ ਪੱਖ 'ਚ 1,08,808 ਵੋਟਾਂ ਪ੍ਰਾਪਤ ਹੋਈਆਂ। ਚੋਣ ਕਮਿਸ਼ਨ ਦੀ ਵੈੱਬਸਾਈਟ ਮੁਤਾਬਕ 6227 ਵੋਟਾਂ ਨਾਲ ਮਾਕਪਾ ਦੀ ਮਿਨਾਕਸ਼ੀ ਮੁਖਰਜੀ ਤੀਸਰੇ ਸਥਾਨ 'ਤੇ ਰਹੀ। ਤ੍ਰਿਣਮੂਲ ਕਾਂਗਰਸ ਨੇ ਮੁੱਖ ਚੋਣ ਅਧਿਕਾਰੀ ਨੂੰ ਪੱਤਰ ਲਿਖ ਕੇ ਮੁੜ ਵੋਟਿੰਗ ਕਰਵਾਉਣ ਦੀ ਮੰਗ ਕੀਤੀ ਹੈ।
ਇਹ ਵੀ ਪੜ੍ਹੋ-ਕੋਰੋਨਾ ਕਾਲ 'ਚ ਬ੍ਰਿਟੇਨ ਸਥਿਤ ਭਾਰਤੀ ਮੂਲ ਦੇ ਡਾਕਟਰ ਇੰਝ ਕਰਨਗੇ ਮਦਦ
ਪਾਰਟੀ ਸੂਤਰਾਂ ਮੁਤਾਬਕ ਤ੍ਰਿਣਮੂਲ ਨੇ ਦੋਸ਼ ਲਾਇਆ ਹੈ ਕਿ ਈ.ਵੀ.ਐੱਮ. 'ਚ ਛੇੜਛਾੜ ਕੀਤੀ ਗਈ ਹੈ ਅਤੇ ਉਨ੍ਹਾਂ ਦੀ ਗਿਣਤੀ 'ਚ ਅੰਤਰ ਹੈ, ਵੋਟਿੰਗ ਪ੍ਰਕਿਰਿਆ ਵੀ ਵਾਰ-ਵਾਰ ਰੋਕੀ ਗਈ ਅਤੇ ਉਸ ਦੀ ਜਾਣਕਾਰੀ ਚੋਣ ਅਧਿਕਾਰੀ ਨੇ ਨਹੀਂ ਦਿੱਤੀ। ਪਾਰਟੀ ਨੇ ਦੋਸ਼ ਲਾਇਆ ਕਿ ਬੈਨਰਜੀ ਦੇ ਪੱਖ 'ਚ ਪਈਆਂ ਜਾਇਜ਼ ਵੋਟਾਂ ਨੂੰ ਖਾਰਜ ਕਰ ਦਿੱਤਾ ਗਿਆ ਜਦਕਿ ਭਾਜਪਾ ਦੇ ਪੱਖ 'ਚ ਅਯੋਗ ਵੋਟਾਂ ਨੂੰ ਵੀ ਗਿਣਿਆ ਗਿਆ।
ਇਹ ਵੀ ਪੜ੍ਹੋ-ਈਰਾਨ ਤੇ ਅਮਰੀਕਾ ਦਰਮਿਆਨ ਕੈਦੀਆਂ ਦੀ ਅਦਲਾ-ਬਦਲੀ 'ਤੇ ਬਣੀ ਸਹਿਮਤੀ
ਸ਼ੁਭੇਂਦੁ ਅਧਿਕਾਰੀ ਨੇ ਨੰਦੀਗ੍ਰਾਮ ਦੇ ਲੋਕਾਂ ਦਾ ਕੀਤਾ ਧੰਨਵਾਦ
ਸ਼ੁਭੇਂਦੁ ਅਧਿਕਾਰੀ ਨੇ ਟਵੀਟ ਕਰ ਕੇ ਨੰਦੀਗ੍ਰਾਮ ਦੇ ਲੋਕਾਂ ਦਾ ਧੰਨਵਾਦ ਕੀਤਾ। ਅਧਿਕਾਰੀ ਨੇ ਲਿਖਿਆ ਪਿਆਰ, ਵਿਸ਼ਵਾਸ, ਆਸ਼ੀਰਵਾਦ ਅਤੇ ਸਮਰਥਨ ਪ੍ਰਦਾਨ ਕਰਨ ਅਤੇ ਮੈਨੂੰ ਆਪਣਾ ਪ੍ਰਤੀਨਿਧੀ ਚੁਣਨ ਲਈ ਨੰਦੀਗ੍ਰਾਮ ਦੀ ਜਨਤਾ ਦਾ ਧੰਨਵਾਦ ਕਰਦਾ ਹਾਂ। ਮੈਂ ਉਨ੍ਹਾਂ ਦੀ ਸੇਵਾ ਕਰਨ ਅਤੇ ਉਨ੍ਹਾਂ ਦੇ ਕਲਿਆਨ ਲਈ ਕੰਮ ਕਰਦੇ ਰਹਿਣ ਦਾ ਵਾਅਦਾ ਕਰਦਾ ਹਾਂ। ਮੈਂ ਤੁਹਾਡਾ ਧੰਨਵਾਦੀ ਹਾਂ।
ਇਹ ਵੀ ਪੜ੍ਹੋ-ਬੀਜਿੰਗ 'ਚ ਸ਼ੁਰੂ ਹੋਈ ਡਰਾਈਵਰਲੈੱਸ ਟੈਕਸੀ ਸੇਵਾ
ਨੋਟ-ਇਸ ਖਬਰ ਬਾਰੇ ਤੁਹਾਡੀ ਕੀ ਹੈ ਰਾਏ, ਕਮੈਂਟ ਕਰ ਕੇ ਦਿਓ ਜਵਾਬ।