5 ਮਈ ਨੂੰ ਤੀਜੀ ਵਾਰ ਮਮਤਾ ਬੈਨਰਜੀ ਚੁੱਕੇਗੀ ਮੁੱਖ ਮੰਤਰੀ ਦੇ ਅਹੁਦੇ ਦੀ ਸਹੁੰ

Monday, May 03, 2021 - 06:52 PM (IST)

5 ਮਈ ਨੂੰ ਤੀਜੀ ਵਾਰ ਮਮਤਾ ਬੈਨਰਜੀ ਚੁੱਕੇਗੀ ਮੁੱਖ ਮੰਤਰੀ ਦੇ ਅਹੁਦੇ ਦੀ ਸਹੁੰ

ਨੈਸ਼ਨਲ ਡੈਸਕ— ਪੱਛਮੀ ਬੰਗਾਲ ਵਿਚ ਮਮਤਾ ਬੈਨਰਜੀ ਦੀ ਪਾਰਟੀ ਤ੍ਰਿਣਮੂੁਲ ਕਾਂਗਰਸ (ਟੀ. ਐੱਮ. ਸੀ.) ਨੇ ਤੀਜੀ ਵਾਰ ਬੰਪਰ ਵੋਟਾਂ ਨਾਲ ਜਿੱਤ ਹਾਸਲ ਕੀਤੀ। ਐਤਵਾਰ ਨੂੰ 4 ਸੂਬਿਆਂ ਅਤੇ ਇਕ ਕੇਂਦਰ ਸ਼ਾਸਿਤ ਪ੍ਰਦੇਸ਼ ਪੁਡੂਚੇਰੀ ਦੀ ਵੋਟਾਂ ਦੀ ਗਿਣਤੀ ਹੋਈ, ਜਿਸ ’ਚ ਟੀ. ਐੱਮ. ਸੀ. ਨੇ ਬੰਗਾਲ ’ਚ ਤੀਜੀ ਵਾਰ 200 ਦਾ ਅੰਕੜਾ ਪਾਰ ਕੀਤਾ। ਕੋਲਕਾਤਾ ਵਿਚ ਸੋਮਵਾਰ ਟੀ. ਐੱਮ. ਸੀ. ਦੇ ਪਾਰਟੀ ਦਫ਼ਤਰ ’ਚ ਬੈਠਕ ਹੋਈ, ਜਿਸ ’ਚ ਮਮਤਾ ਬੈਨਰਜੀ ਨੂੰ ਤੀਜੀ ਵਾਰ ਵਿਧਾਇਕ ਦਲ ਦਾ ਨੇਤਾ ਚੁਣਿਆ ਗਿਆ। ਮਮਤਾ ਬੈਨਰਜੀ 5 ਮਈ ਨੂੰ ਤੀਜੀ ਵਾਰ ਮੁੱਖ ਮੰਤਰੀ ਵਜੋਂ ਸਹੁੰ ਚੁੱਕੇਗੀ। 

ਪੱਛਮੀ ਬੰਗਾਲ ਵਿਚ ਟੀ. ਐੱਮ. ਸੀ. ਨੇ 213 ਸੀਟਾਂ ’ਤੇ ਜਿੱਤ ਦਰਜ ਕੀਤੀ ਹੈ। ਮਮਤਾ ਬੈਨਰਜੀ ਤੀਜੀ ਵਾਰ ਬੰਗਾਲ ’ਚ ਸਰਕਾਰ ਬਣਾਉਣ ਜਾ ਰਹੀ ਹੈ। ਬੰਗਾਲ ਦੇ ਰਾਜਪਾਲ ਓ. ਪੀ. ਧਨਖੜ ਮਮਤਾ ਨੂੰ ਤੀਜੀ ਵਾਰ ਮੁੱਖ ਮੰਤਰੀ ਅਹੁਦੇ ਦੀ ਸਹੁੰ ਚੁਕਾਉਣਗੇ। ਹਾਲਾਂਕਿ ਮਮਤਾ ਨੰਦੀਗ੍ਰਾਮ ਤੋਂ ਚੋਣ ਹਾਰ ਗਈ। ਮਮਤਾ ਨੂੰ ਭਾਜਪਾ ਦੇ ਸ਼ੁਭੇਂਦੁ ਅਧਿਕਾਰੀ ਨੇ 1,956 ਵੋਟਾਂ ਨਾਲ ਹਰਾਇਆ। ਓਧਰ ਟੀ. ਐੱਮ. ਸੀ. ਨੇ ਚੋਣ ਕਮਿਸ਼ਨ ਨੂੰ ਵੋਟਾਂ ਦੀ ਮੁੜ ਗਿਣਤੀ ਲਈ ਬੇਨਤੀ ਕੀਤੀ ਸੀ ਪਰ ਚੋਣ ਕਮਿਸ਼ਨ ਨੇ ਇਸ ਅਪੀਲ ਨੂੰ ਠੁਕਰਾ ਦਿੱਤਾ। ਇਸ ਤੋਂ ਬਾਅਦ ਮਮਤਾ ਨੇ ਕਿਹਾ ਕਿ ਉਹ ਨੰਦੀਗ੍ਰਾਮ ਦੇ ਚੋਣ ਨਤੀਜਿਆਂ ਖ਼ਿਲਾਫ਼ ਕੋਰਟ ’ਚ ਜਾਵੇਗੀ।

ਹਾਰ ਤੋਂ ਬਾਅਦ ਕਿਵੇਂ ਬਣੇਗੀ ਮਮਤਾ ਬੈਨਰਜੀ ਮੁੱਖ ਮੰਤਰੀ—
ਮਮਤਾ ਬੈਨਰਜੀ ਨੰਦੀਗ੍ਰਾਮ ਤੋਂ ਚੋਣ ਹਾਰ ਗਈ ਹੈ। ਬਾਵਜੂਦ ਇਸ ਦੇ ਉਹ ਤੀਜੀ ਵਾਰ ਮੁੱਖ ਮੰਤਰੀ ਅਹੁਦੇ ਦੀ ਸਹੁੰ ਚੁੱਕੇਗੀ। ਮੁੱਖ ਮੰਤਰੀ ਬਣਨ ਲਈ ਉਂਝ ਤਾਂ ਵਿਧਾਨ ਸਭਾ ਜਾਂ ਵਿਧਾਨ ਪਰੀਸ਼ਦ (ਜਿਨ੍ਹਾਂ ਸੂਬਿਆਂ ਵਿਚ ਦੋ ਸਦਨ ਹਨ) ਦਾ ਮੈਂਬਰ ਹੋਣਾ ਜ਼ਰੂਰੀ ਹੈ। ਜੇਕਰ ਵਿਧਾਨ ਸਭਾ ਜਾਂ ਵਿਧਾਨ ਪਰੀਸ਼ਦ ਮੈਂਬਰ ਨਹੀਂ ਹੈ, ਤਾਂ ਸਹੁੰ ਚੁੱਕਣ ਦੇ 6 ਮਹੀਨੇ ਦੇ ਅੰਦਰ ਮੈਂਬਰ ਬਣਨਾ ਜ਼ਰੂਰੀ ਹੁੰਦਾ ਹੈ। ਨਿਯਮਾਂ ਮੁਤਾਬਕ ਮੁੱਖ ਮੰਤਰੀ ਅਹੁਦੇ ਦੀ ਸਹੁੰ ਬਿਨਾਂ ਵਿਧਾਇਕ ਰਹਿੰਦੇ ਚੁੱਕੀ ਜਾ ਸਕਦੀ ਹੈ। ਇਸ ਤੋਂ ਬਾਅਦ ਮੁੱਖ ਮਤੰਰੀ ਨੂੰ 6 ਮਹੀਨੇ ਦਾ ਸਮਾਂ ਮਿਲਦਾ ਹੈ। ਇਸ ਤੈਅ ਸਮੇਂ ਸੀਮਾ ਅੰਦਰ ਉਨ੍ਹਾਂ ਦਾ ਵਿਧਾਨ ਸਭਾ ਜਾਂ ਵਿਧਾਨ ਪਰੀਸ਼ਦ ਦਾ ਮੈਂਬਰ ਬਣਨਾ ਜ਼ਰੂਰੀ ਹੈ। ਜੇਕਰ ਅਜਿਹਾ ਨਹੀਂ ਹੁੰਦਾ, ਤਾਂ ਮੁੱਖ ਮੰਤਰੀ ਅਹੁਦਾ ਛੱਡਣਾ ਪਵੇਗਾ।


author

Tanu

Content Editor

Related News