ਮਹਾਕੁੰਭ ਭਾਜੜ: ਹਫੜਾ-ਦਫੜੀ ਦਰਮਿਆਨ ਗੂੰਜੀਆਂ ਚੀਕਾਂ, ਵੇਖੋ ਦਿਲ ਦਹਿਲਾ ਦੇਣ ਵਾਲੀਆਂ ਤਸਵੀਰਾਂ
Wednesday, Jan 29, 2025 - 11:35 AM (IST)
![ਮਹਾਕੁੰਭ ਭਾਜੜ: ਹਫੜਾ-ਦਫੜੀ ਦਰਮਿਆਨ ਗੂੰਜੀਆਂ ਚੀਕਾਂ, ਵੇਖੋ ਦਿਲ ਦਹਿਲਾ ਦੇਣ ਵਾਲੀਆਂ ਤਸਵੀਰਾਂ](https://static.jagbani.com/multimedia/2025_1image_11_32_108695924maha.jpg)
ਨੈਸ਼ਨਲ ਡੈਸਕ- ਪ੍ਰਯਾਗਰਾਜ 'ਚ ਮਹਾਕੁੰਭ ਦੌਰਾਨ ਮੰਗਲਵਾਰ ਤੜਕੇ ਕਰੀਬ 2 ਵਜੇ ਭਾਰੀ ਭੀੜ ਕਾਰਨ ਭਾਜੜ ਮਚ ਗਈ। ਜਿਸ ਵਿਚ ਕਈ ਸ਼ਰਧਾਲੂਆਂ ਦੇ ਜ਼ਖਮੀ ਹੋਣ ਦੀ ਖ਼ਬਰ ਹੈ ਅਤੇ ਕਈ ਲੋਕਾਂ ਦੇ ਮਾਰੇ ਜਾਣ ਦਾ ਖ਼ਦਸ਼ਾ ਹੈ। ਹਾਲਾਂਕਿ ਪ੍ਰਸ਼ਾਸਨ ਨੇ ਅਜੇ ਤੱਕ ਜ਼ਖਮੀਆਂ ਦੀ ਅਧਿਕਾਰਤ ਗਿਣਤੀ ਦੀ ਪੁਸ਼ਟੀ ਨਹੀਂ ਕੀਤੀ ਹੈ। ਸਾਹਮਣੇ ਆਈਆਂ ਤਸਵੀਰਾਂ 'ਚ ਸਾਫ ਦੇਖਿਆ ਜਾ ਸਕਦਾ ਹੈ ਕਿ ਭਾਜੜ ਦੌਰਾਨ ਲੋਕ ਆਪਣੇ ਆਪ ਨੂੰ ਬਚਾਉਣ ਲਈ ਕਿਵੇਂ ਭੱਜ ਰਹੇ ਹਨ।
ਕੁਝ ਸ਼ਰਧਾਲੂ ਜ਼ਮੀਨ 'ਤੇ ਡਿੱਗ ਪਏ, ਜਦੋਂ ਕਿ ਕੁਝ ਆਪਣੇ ਅਜ਼ੀਜ਼ਾਂ ਤੋਂ ਵਿਛੜਨ ਦੇ ਡਰੋਂ ਰੋਂਦੇ ਹੋਏ ਦੇਖੇ ਗਏ। ਦੱਸਿਆ ਜਾ ਰਿਹਾ ਹੈ ਕਿ ਇਹ ਹਾਦਸਾ ਜ਼ਿਆਦਾ ਭੀੜ ਕਾਰਨ ਵਾਪਰਿਆ, ਜਿਸ ਦੌਰਾਨ ਕਿਸੇ ਨੂੰ ਵੀ ਸੰਭਲਣ ਦਾ ਮੌਕਾ ਨਹੀਂ ਮਿਲਿਆ। ਇਸ ਘਟਨਾ ਦੀਆਂ ਤਾਜ਼ਾ ਤਸਵੀਰਾਂ ਸਾਹਮਣੇ ਆਈਆਂ ਹਨ, ਜਿਸ 'ਚ ਤੁਸੀਂ ਦੇਖ ਸਕਦੇ ਹੋ ਕਿ ਕਿਵੇਂ ਪੁਲਸ ਮੁਲਾਜ਼ਮ ਜ਼ਖਮੀਆਂ ਨੂੰ ਚੁੱਕ ਕੇ ਲਿਜਾ ਰਹੇ ਹਨ।
ਸੁਰੱਖਿਆ ਕਰਮਚਾਰੀ ਸਥਿਤੀ ਨੂੰ ਕਾਬੂ ਕਰਨ ਦੀ ਕੋਸ਼ਿਸ਼ ਕਰਦੇ ਦੇਖੇ ਗਏ ਪਰ ਭੀੜ ਦੇ ਵਧਦੇ ਦਬਾਅ ਕਾਰਨ ਪ੍ਰਸ਼ਾਸਨ ਨੂੰ ਵਾਧੂ ਸੁਰੱਖਿਆ ਬਲ ਤਾਇਨਾਤ ਕਰਨੇ ਪਏ। ਇਸ ਘਟਨਾ ਵਿਚ ਖਾਸ ਕਰਕੇ ਔਰਤਾਂ ਅਤੇ ਬੱਚੇ ਜ਼ਿਆਦਾ ਪ੍ਰਭਾਵਿਤ ਹੋਏ। ਦੱਸਿਆ ਜਾ ਰਿਹਾ ਹੈ ਕਿ ਜਦੋਂ ਲੱਖਾਂ ਸ਼ਰਧਾਲੂ ਸੰਗਮ ਇਸ਼ਨਾਨ ਕਰਨ ਲਈ ਜਾ ਰਹੇ ਸਨ ਤਾਂ ਜ਼ਿਆਦਾ ਭੀੜ ਕਾਰਨ ਵਿਵਸਥਾ ਵਿਗੜ ਗਈ ਅਤੇ ਭਾਜੜ ਮਚ ਗਈ।
ਇਸ ਕਾਰਨ ਕੁਝ ਔਰਤਾਂ ਦਮ ਘੁੱਟਣ ਕਾਰਨ ਜ਼ਖ਼ਮੀ ਹੋ ਗਈਆਂ। ਕਈ ਲੋਕਾਂ ਦੇ ਮਾਰੇ ਜਾਣ ਦਾ ਖਦਸ਼ਾ ਹੈ। ਮਚੀ ਭਾਜੜ ਦੀਆਂ ਤਸਵੀਰਾਂ ਅਤੇ ਵੀਡੀਓਜ਼ 'ਚ ਔਰਤਾਂ ਦੀਆਂ ਚੱਪਲਾਂ ਅਤੇ ਸਾਮਾਨ ਖਿਲਰਿਆ ਨਜ਼ਰ ਆ ਰਿਹਾ ਹੈ। ਮੇਲਾ ਪ੍ਰਸ਼ਾਸਨ ਨੇ ਅਜੇ ਤੱਕ ਇਸ ਦੀ ਜਾਣਕਾਰੀ ਨਹੀਂ ਦਿੱਤੀ ਹੈ ਕਿ ਕਿੰਨੇ ਲੋਕ ਜ਼ਖਮੀ ਹੋਏ ਹਨ। ਅਚਾਨਕ ਵਿਗੜਦੀ ਸਥਿਤੀ ਨੂੰ ਸੰਭਾਲਦਿਆਂ ਮੇਲਾ ਪ੍ਰਸ਼ਾਸਨ ਨੇ ਗਰੀਨ ਕੋਰੀਡੋਰ ਬਣਾ ਕੇ ਜ਼ਖਮੀ ਔਰਤਾਂ ਨੂੰ ਹਸਪਤਾਲ ਪਹੁੰਚਾਇਆ। ਯੂ.ਪੀ. ਦੇ ਮੁੱਖ ਮੰਤਰੀ ਯੋਗੀ ਆਦਿਤਿਆਨਾਥ ਸਥਿਤੀ 'ਤੇ ਨਜ਼ਰ ਰੱਖ ਰਹੇ ਹਨ।