6,000 ਕਰੋੜ ਰੁਪਏ ਦਾ ਘਪਲਾ : ਭੂਪੇਸ਼ ਬਘੇਲ ਦਾ ਵੱਡਾ ਦੋਸ਼- ਮਹਾਦੇਵ ਸੱਟੇਬਾਜ਼ੀ ਐਪ ਨੂੰ ਮੋਦੀ-ਸ਼ਾਹ ਦੀ ਸ਼ਹਿ
Thursday, Mar 27, 2025 - 10:24 PM (IST)

ਰਾਏਪੁਰ– ਛੱਤੀਸਗੜ੍ਹ ਦੇ ਸਾਬਕਾ ਮੁੱਖ ਮੰਤਰੀ ਭੂਪੇਸ਼ ਬਘੇਲ ਦੇ ਪ੍ਰਿਮਸਿਜ਼ ਸਮੇਤ ਕਈ ਥਾਵਾਂ ’ਤੇ ਕਥਿਤ 6,000 ਕਰੋੜ ਰੁਪਏ ਦੇ ਮਹਾਦੇਵ ਸੱਟੇਬਾਜ਼ੀ ਐਪ ਘਪਲੇ ਦੇ ਸਿਲਸਿਲੇ ’ਚ ਸੀ. ਬੀ. ਆਈ. ਦੇ ਛਾਪਿਆਂ ਤੋਂ ਇਕ ਦਿਨ ਬਾਅਦ ਬਘੇਲ ਨੇ ਭਾਜਪਾ ’ਤੇ ਸ਼ੱਕੀ ਆਨਲਾਈਨ ਸੱਟੇਬਾਜ਼ੀ ਮੰਚ ਅਤੇ ਉਸ ਦੇ ਪ੍ਰਮੋਟਰਾਂ ਨੂੰ ਸ਼ਹਿ ਦੇਣ ਦਾ ਦੋਸ਼ ਲਾਇਆ।
ਬਘੇਲ ਨੇ ਵੱਡਾ ਇਲਜ਼ਾਮ ਲਾਉਂਦੇ ਹੋਏ ਕਿਹਾ,‘‘ਅਸੀਂ ਮਹਾਦੇਵ ਐਪ ਖਿਲਾਫ ਮਾਰਚ 2022 ’ਚ ਪਹਿਲੀ ਐੱਫ. ਆਈ. ਆਰ. ਦਰਜ ਕੀਤੀ ਸੀ ਪਰ ਅੱਜ ਵੀ ਮਹਾਦੇਵ ਐਪ ਦਾ ਸੰਚਾਲਨ ਹੋ ਰਿਹਾ ਹੈ ਅਤੇ ਕਾਰੋਬਾਰ ਮਜ਼ੇ ਨਾਲ ਵਧਦਾ ਜਾ ਰਿਹਾ ਹੈ। ਜ਼ਾਹਿਰ ਹੈ ਕਿ ਮਹਾਦੇਵ ਐਪ ਚਾਲੂ ਹੈ ਅਤੇ ਉਸ ਦੇ ਦੋਵੇਂ ਸੰਚਾਲਕ ਆਜ਼ਾਦ ਘੁੰਮ ਰਹੇ ਹਨ। ਇਸ ਐਪ ਅਤੇ ਇਸ ਦੇ ਸੰਚਾਲਕਾਂ ਨੂੰ ਪੀ. ਐੱਮ. ਨਰਿੰਦਰ ਮੋਦੀ ਤੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਦੀ ਸ਼ਹਿ ਹਾਸਲ ਹੈ।’’
ਭੂਪੇਸ਼ ਬਘੇਲ ਨੇ ਪਾਰਟੀ ਦਫਤਰ ਰਾਜੀਵ ਭਵਨ ’ਚ ਪੱਤਰਕਾਰ ਸੰਮੇਲਨ ਨੂੰ ਸੰਬੋਧਨ ਕਰਦੇ ਹੋਏ ਇਹ ਦਾਅਵਾ ਵੀ ਕੀਤਾ ਕਿ ਸੂਬੇ ਦੀ ਪਿਛਲੀ ਕਾਂਗਰਸ ਸਰਕਾਰ (2018-2023) ਨੇ ਇਸ ਮਾਮਲੇ ਦਾ ਖੁਲਾਸਾ ਕੀਤਾ ਸੀ ਅਤੇ ਐਪ ਖਿਲਾਫ ਕਾਰਵਾਈ ਕੀਤੀ ਸੀ। ਉਨ੍ਹਾਂ ਕਿਹਾ,‘‘ਮਹਾਦੇਵ ਸੱਟੇਬਾਜ਼ੀ ਐਪ ਨੂੰ ਭਾਜਪਾ ਦੀ ਸ਼ਹਿ ਹਾਸਲ ਹੈ। ਭਾਜਪਾ ਨਹੀਂ ਚਾਹੁੰਦੀ ਕਿ ਮਹਾਦੇਵ ਐਪ ਖਿਲਾਫ ਕਾਰਵਾਈ ਹੋਵੇ। ਅਸੀਂ ਆਪਣੀ ਸਰਕਾਰ ਦੌਰਾਨ ਇਸ ਐਪ ’ਤੇ ਕਾਰਵਾਈ ਕੀਤੀ ਸੀ। ਇਸ ਲਈ ਸਾਡੇ ਪ੍ਰਿਮਸਿਜ਼ ’ਤੇ ਛਾਪੇਮਾਰੀ ਕੀਤੀ ਗਈ।’’
ਬਘੇਲ ਨੇ ਕਿਹਾ,‘‘ਵਾਰ-ਵਾਰ ਸੂਚਨਾ ਤੇ ਸਬੂਤ ਮਿਲਦੇ ਹਨ ਕਿ ਮਹਾਦੇਵ ਐਪ ਦੇ ਸੰਚਾਲਕ ਸੌਰਭ ਚੰਦਰਾਕਰ ਤੇ ਰਵੀ ਉੱਪਲ ਦੁਬਈ ’ਚ ਮਜ਼ੇ ਨਾਲ ਰਹਿ ਰਹੇ ਹਨ। ਈ. ਡੀ. ਨੇ ਛੱਤੀਸਗੜ੍ਹ ਦੀਆਂ ਅਖਬਾਰਾਂ ਵਿਚ ਝੂਠੀ ਖਬਰ ਛਪਵਾਈ ਕਿ ਸੌਰਭ ਚੰਦਰਾਕਰ ਤੇ ਰਵੀ ਉੱਪਲ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ। ਸੱਚ ਤਾਂ ਇਹ ਹੈ ਕਿ ਕੁਝ ਹੀ ਦਿਨਾਂ ਬਾਅਦ ਇਹ ਦੋਵੇਂ ਦੁਬਈ ਵਿਚ ਪੰਡਿਤ ਪ੍ਰਦੀਪ ਮਿਸ਼ਰਾ ਦੇ ਜਜਮਾਨ ਬਣ ਕੇ ਪ੍ਰਵਚਨ ਸੁਣਦੇ ਵੇਖੇ ਗਏ।’’
ਸਾਬਕਾ ਮੁੱਖ ਮੰਤਰੀ ਨੇ ਕਿਹਾ,‘‘ਇਸ ਮਾਮਲੇ ਨੂੰ ਗੰਭੀਰਤਾ ਨਾਲ ਲੈਂਦੇ ਹੋਏ ਮੁੱਖ ਮੰਤਰੀ ਦੇ ਰੂਪ ’ਚ ਮੈਂ ਕਾਰਵਾਈ ਕਰਨ ਦੇ ਹੁਕਮ ਦਿੱਤੇ ਅਤੇ ਮਾਰਚ, 2022 ’ਚ ਪਹਿਲਾ ਮਾਮਲਾ ਦਰਜ ਹੋਇਆ। ਇਸ ਤੋਂ ਬਾਅਦ ਇਕ-ਇਕ ਕਰ ਕੇ ਘੱਟੋ-ਘੱਟ 74 ਮਾਮਲੇ ਦਰਜ ਹੋਏ, 200 ਤੋਂ ਵੱਧ ਗ੍ਰਿਫਤਾਰੀਆਂ ਹੋਈਆਂ, 2000 ਤੋਂ ਵੱਧ ਬੈਂਕ ਖਾਤਿਆਂ ’ਤੇ ਰੋਕ ਲੱਗੀ ਅਤੇ ਸੈਂਕੜੇ ਉਪਕਰਨ ਜ਼ਬਤ ਕੀਤੇ ਗਏ।’’
ਕੀ ਹੈ ਮਹਾਦੇਵ ਬੈਟਿੰਗ ਐਪ?
ਮਹਾਦੇਵ ਬੈਟਿੰਗ ਐਪ ਆਨਲਾਈਨ ਸੱਟੇਬਾਜ਼ੀ ਲਈ ਬਣਾਈ ਗਈ ਹੈ। ਇਸ ਉੱਪਰ ਸਾਈਨ-ਇਨ ਕਰਨ ਵਾਲੇ ਯੂਜ਼ਰ ਪੋਕਰ, ਚਾਂਸ ਗੇਮਜ਼ ਤੇ ਕਾਰਡ ਗੇਮਜ਼ ਵਰਗੀਆਂ ਕਈ ਗੇਮਾਂ ਖੇਡ ਸਕਦੇ ਸਨ। ਇਸ ਐਪ ਰਾਹੀਂ ਕ੍ਰਿਕਟ, ਬੈਡਮਿੰਟਨ, ਟੈਨਿਸ, ਫੁੱਟਬਾਲ ਆਦਿ ਵਰਗੀਆਂ ਖੇਡਾਂ ਵਿਚ ਸੱਟੇਬਾਜ਼ੀ ਵੀ ਕੀਤੀ ਜਾਂਦੀ ਸੀ।
ਯੂ. ਏ. ਈ. ਤੋਂ ਚੱਲਦਾ ਸੀ ਪੂਰਾ ਰੈਕੇਟ
ਸੌਰਭ ਚੰਦਰਾਕਰ ਯੂ. ਏ. ਈ. ਵਿਚ ਬੈਠ ਕੇ ਇਸ ਪੂਰੇ ਰੈਕੇਟ ਨੂੰ ਚਲਾਉਂਦਾ ਸੀ। ਜਾਂਚ ਵਿਚ ਪਤਾ ਲੱਗਾ ਹੈ ਕਿ ਸੌਰਭ ਬਿਊਰੋਕ੍ਰੇਟਸ ਤੇ ਪਾਲੀਟਿਸ਼ੀਅਨਜ਼ ਦਾ ਨੈਕਸਸ ਤਿਆਰ ਕਰ ਕੇ ਮਹਾਦੇਵ ਬੈਟਿੰਗ ਐਪ ਨੂੰ ਭਾਰਤ ਵਿਚ ਆਪ੍ਰੇਟ ਕਰ ਰਿਹਾ ਸੀ। ਸੌਰਭ ਦੇ ਨਾਲ ਰਵੀ ਉੱਪਲ ਵੀ ਇਸ ਐਪ ਨੂੰ ਆਪ੍ਰੇਟ ਕਰਦਾ ਸੀ। ਇਨ੍ਹਾਂ ਦਾ ਨੈੱਟਵਰਕ ਮਲੇਸ਼ੀਆ, ਥਾਈਲੈਂਡ, ਭਾਰਤ ਤੇ ਯੂ. ਏ. ਈ. ਦੇ ਵੱਖ-ਵੱਖ ਸ਼ਹਿਰਾਂ ਤਕ ਫੈਲਿਆ ਹੋਇਆ ਸੀ। ਇਹ ਲੋਕ ਆਪਣੇ ਨੈੱਟਵਰਕ ਰਾਹੀਂ ਵੱਖ-ਵੱਖ ਸਬਸਿਡਰੀ ਐਪਸ ਬਣਾ ਕੇ ਆਨਲਾਈਨ ਸੱਟਾ ਖਿਡਾਉਂਦੇ ਸਨ। ਇਸ ਦੇ ਰਾਹੀਂ 6,000 ਕਰੋੜ ਰੁਪਏ ਦਾ ਘਪਲਾ ਕੀਤਾ ਗਿਆ।