ਲਖਨਊ : ਹਜ਼ਰਤਗੰਜ ਚੌਰਾਹੇ ਦਾ ਨਾਂ ਹੋਇਆ ਅਟਲ ਚੌਂਕ
Saturday, Aug 17, 2019 - 12:44 AM (IST)

ਲਖਨਊ— ਭਾਰਤ ਰਤਨ ਤੇ ਦੇਸ਼ ਦੇ ਸਾਬਕਾ ਪ੍ਰਧਾਨ ਮੰਤਰੀ ਸਵਰਗੀ ਅਟਲ ਬਿਹਾਰੀ ਵਾਜਪੇਈ ਦੇ ਨਾਂ 'ਤੇ ਲਖਨਊ ਦਾ ਮਸ਼ਹੂਰ ਹਜ਼ਰਤਗੰਜ ਚੌਰਾਹਾ ਹੁਣ ਅਟਲ ਚੌਰਾਹਾ ਦੇ ਨਾਂ ਨਾਲ ਜਾਣਿਆ ਜਾਵੇਗਾ। ਲਖਨਊ ਦੀ ਮਹਾਪੌਰ ਸੰਯੁਕਤਾ ਭਾਟੀਆ ਨੇ ਸ਼ੁੱਕਰਵਾਰ ਨੂੰ ਸਾਬਕਾ ਪ੍ਰਧਾਨ ਮੰਤਰੀ ਅਟਲ ਬਿਹਾਰੀ ਵਾਜਪੇਈ ਦੀ ਪਹਿਲੀ ਬਰਸੀ 'ਤੇ ਇਸ ਦਾ ਅਧਿਕਾਰਕ ਐਲਾਨ ਕੀਤਾ ਹੈ।
ਮਹਾਪੌਰ ਨੇ ਦੱਸਿਆ ਕਿ ਹਜ਼ਰਤਗੰਜ ਚੌਰਾਹੇ ਦਾ ਨਾਂ ਪ੍ਰਧਾਨ ਮੰਤਰੀ ਤੇ ਲਖਨਊ ਤੋਂ ਸੰਸਦ ਮੈਂਬਰ ਰਹੇ ਸਵਰਗੀ ਅਟਲ ਬਿਹਾਰੀ ਵਾਜਪੇਈ ਦੇ ਨਾਂ ਕਰ ਦਿੱਤਾ ਗਿਆ ਹੈ। ਹੁਣ ਇਸੇ ਨੂੰ ਅਟਲ ਚੌਂਕ ਦੇ ਨਾਂ ਨਾਲ ਜਾਣਿਆ ਜਾਵੇਗਾ।
ਸਾਬਕਾ ਪ੍ਰਧਾਨ ਮੰਤਰੀ ਅਟਲ ਬਿਹਾਰੀ ਵਾਜਪੇਈ ਦੇ ਦਿਹਾਂਤ ਤੋਂ ਬਾਅਦ ਤੋਂ ਹੀ ਚਰਚਾ ਚੱਲ ਰਹੀ ਸੀ ਕਿ ਉਨ੍ਹਾਂ ਦੇ ਨਾਂ 'ਤੇ ਸੜਕਾਂ ਤੇ ਚੌਰਾਹਿਆਂ ਦਾ ਨਾਂ ਰੱਖਿਆ ਜਾਵੇਗਾ ਤੇ ਉਸੇ ਦੇ ਤਹਿਤ ਹਜ਼ਰਤਗੰਜ ਚੌਰਾਹੇ ਦਾ ਨਾਂ ਅਟਲ ਦੇ ਨਾਂ 'ਤੇ ਕੀਤਾ ਗਿਆ ਹੈ। ਇਸ ਤੋਂ ਇਲਾਵਾ ਇਸਮਾਇਗੰਜ ਦੇ ਡਿਗਰੀ ਕਾਲਜ ਨੂੰ ਵੀ ਹੁਣ ਅਟਲ ਬਿਹਾਰੀ ਵਾਜਪੇਈ ਨਗਰ-ਨਿਗਮ ਡਿਗਰੀ ਕਾਲਜ ਦੇ ਨਾਂ ਨਾਲ ਜਾਣਿਆ ਜਾਵੇਗਾ।
ਭਾਟੀਆ ਨੇ ਦੱਸਿਆ, 'ਸਾਬਕਾ ਪ੍ਰਧਾਨ ਮੰਤਰੀ ਅਟਲ ਬਿਹਾਰੀ ਵਾਜਪੇਈ ਜੀ ਦੀ ਪਹਿਲੀ ਬਰਸੀ ਮੌਕੇ 'ਤੇ ਜਰਹਰਾ ਸਥਿਤ ਨਗਰ ਨਿਗਮ ਦੀ ਪੰਜ ਹੈਕਟੇਅਰ ਜ਼ਮੀਨ 'ਤੇ 'ਅਟਲ ਉਦੈ ਵਨ' ਬਣਾਉਣ ਲਈ ਐੱਚ.ਸੀ.ਐੱਲ. ਫਾਉਂਡੇਸ਼ਨ ਨਾਲ ਐੱਮ.ਓ.ਯੂ. 'ਤੇ ਦਸਤਖਤ ਹੋਇਆ ਹੈ। ਐੱਚ.ਸੀ.ਐੱਲ. ਲਖਨਊ ਨਗਰ ਨਿਗਮ ਵੱਲੋਂ ਦਿੱਤੀ ਗਈ ਪੰਜ ਹੈਕਟੇਅਰ ਜ਼ਮੀਨ 'ਤੇ ਸਥਾਨਕ ਪੌਦੇ ਲਗਾਏ ਜਾਣਗੇ ਅਤੇ ਕਈ ਪੜਾਅਵਾਂ 'ਚ ਕਰੀਬ ਇਕ ਲੱਖ ਪੌਦੇ ਲੱਗਣਗੇ ਤੇ ਇਨ੍ਹਾਂ ਦੀ ਸਾਂਭ ਸੰਭਾਲ ਦੀ ਜ਼ਿੰਮੇਵਾਰੀ ਚੁੱਕੇਗਾ।