ਕੇਰਲ ਵਿਧਾਨ ਸਭਾ ਚੋਣਾਂ 2026: ਕਾਂਗਰਸ ਨੇ 37 ਉਮੀਦਵਾਰਾਂ ਦੀ ਦੂਜੀ ਸੂਚੀ ਕੀਤੀ ਜਾਰੀ

Friday, Mar 20, 2026 - 01:40 AM (IST)

ਕੇਰਲ ਵਿਧਾਨ ਸਭਾ ਚੋਣਾਂ 2026: ਕਾਂਗਰਸ ਨੇ 37 ਉਮੀਦਵਾਰਾਂ ਦੀ ਦੂਜੀ ਸੂਚੀ ਕੀਤੀ ਜਾਰੀ

ਤਿਰੂਵਨੰਤਪੁਰਮ : ਕਾਂਗਰਸ ਨੇ ਕੇਰਲ ਵਿਧਾਨ ਸਭਾ ਚੋਣਾਂ 2026 ਲਈ ਆਪਣੇ ਉਮੀਦਵਾਰਾਂ ਦੀ ਅੰਤਿਮ ਅਤੇ ਦੂਜੀ ਸੂਚੀ ਜਾਰੀ ਕਰ ਦਿੱਤੀ ਹੈ। ਇਸ ਸੂਚੀ ਵਿੱਚ ਕੁੱਲ 37 ਉਮੀਦਵਾਰਾਂ ਦੇ ਨਾਵਾਂ ਦਾ ਐਲਾਨ ਕੀਤਾ ਗਿਆ ਹੈ। ਇਸ ਸੂਚੀ ਦੀ ਸਭ ਤੋਂ ਵੱਡੀ ਖ਼ਬਰ ਸੀਨੀਅਰ ਆਗੂ ਅਤੇ ਕੰਨੂਰ ਤੋਂ ਮੌਜੂਦਾ ਸਾਂਸਦ ਕੇ. ਸੁਧਾਕਰਨ ਨੂੰ ਟਿਕਟ ਨਾ ਮਿਲਣਾ ਹੈ।

ਕਾਂਗਰਸ ਦੇ ਸੀਨੀਅਰ ਆਗੂ ਕੇ. ਸੁਧਾਕਰਨ ਕੰਨੂਰ ਸੀਟ ਤੋਂ ਚੋਣ ਲੜਨ ਦੀ ਮੰਗ 'ਤੇ ਅੜੇ ਹੋਏ ਸਨ। ਰਿਪੋਰਟਾਂ ਅਨੁਸਾਰ ਉਨ੍ਹਾਂ ਨੇ ਟਿਕਟ ਨਾ ਮਿਲਣ ਦੀ ਸੂਰਤ ਵਿੱਚ ਪਾਰਟੀ ਛੱਡਣ ਅਤੇ ਆਜ਼ਾਦ ਉਮੀਦਵਾਰ ਵਜੋਂ ਚੋਣ ਲੜਨ ਦੀ ਧਮਕੀ ਵੀ ਦਿੱਤੀ ਸੀ। ਹਾਲਾਂਕਿ, ਪਾਰਟੀ ਹਾਈਕਮਾਂਡ ਨੇ ਉਨ੍ਹਾਂ ਨੂੰ ਟਿਕਟ ਨਾ ਦੇ ਕੇ ਕੰਨੂਰ ਤੋਂ ਟੀ.ਓ. ਮੋਹਨਨ ਨੂੰ ਮੈਦਾਨ ਵਿੱਚ ਉਤਾਰਿਆ ਹੈ। ਜ਼ਿਕਰਯੋਗ ਹੈ ਕਿ ਸੁਧਾਕਰਨ ਪਹਿਲਾਂ ਕੇਰਲ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਰਹਿ ਚੁੱਕੇ ਹਨ ਅਤੇ ਚਾਰ ਵਾਰ ਵਿਧਾਇਕ ਵਜੋਂ ਸੇਵਾਵਾਂ ਨਿਭਾ ਚੁੱਕੇ ਹਨ।

ਕਾਂਗਰਸ ਨੇ ਕੇਰਲ ਦੀਆਂ ਕੁੱਲ 140 ਸੀਟਾਂ ਵਿੱਚੋਂ ਹੁਣ ਤੱਕ 92 ਉਮੀਦਵਾਰ ਤੈਅ ਕਰ ਦਿੱਤੇ ਹਨ। ਪਾਰਟੀ ਨੇ ਆਪਣੀ ਪਹਿਲੀ ਸੂਚੀ 17 ਮਾਰਚ ਨੂੰ ਜਾਰੀ ਕੀਤੀ ਸੀ ਜਿਸ ਵਿੱਚ 55 ਉਮੀਦਵਾਰ ਸਨ, ਅਤੇ ਹੁਣ ਦੂਜੀ ਸੂਚੀ ਵਿੱਚ 37 ਹੋਰ ਨਾਂ ਜੋੜੇ ਗਏ ਹਨ। ਬਾਕੀ ਸੀਟਾਂ ਕਾਂਗਰਸ ਵੱਲੋਂ ਆਪਣੇ ਸਹਿਯੋਗੀ ਦਲਾਂ ਨਾਲ ਵੰਡੀਆਂ ਜਾਣਗੀਆਂ। ਪਿਛਲੀਆਂ 2021 ਦੀਆਂ ਚੋਣਾਂ ਵਿੱਚ ਕਾਂਗਰਸ ਨੇ 93 ਸੀਟਾਂ 'ਤੇ ਚੋਣ ਲੜੀ ਸੀ ਅਤੇ 21 ਸੀਟਾਂ ਜਿੱਤੀਆਂ ਸਨ।

ਕੇਰਲ ਵਿਧਾਨ ਸਭਾ ਚੋਣਾਂ ਲਈ 9 ਅਪ੍ਰੈਲ ਨੂੰ ਵੋਟਾਂ ਪਾਈਆਂ ਜਾਣਗੀਆਂ ਅਤੇ ਵੋਟਾਂ ਦੀ ਗਿਣਤੀ 4 ਮਈ ਨੂੰ ਹੋਵੇਗੀ। ਕਾਂਗਰਸ ਨੇ ਨੇਮੋਮ ਸੀਟ ਤੋਂ ਸਬਰੀਨਾਧਨ ਨੂੰ ਟਿਕਟ ਦਿੱਤੀ ਹੈ। ਪਾਰਟੀ ਦੀ ਇਸ ਅੰਤਿਮ ਸੂਚੀ ਤੋਂ ਬਾਅਦ ਹੁਣ ਕੇਰਲ ਦਾ ਸਿਆਸੀ ਮੈਦਾਨ ਪੂਰੀ ਤਰ੍ਹਾਂ ਭਖ ਗਿਆ ਹੈ।
 


author

Inder Prajapati

Content Editor

Related News