ਕੇਜਰੀਵਾਲ ਨੇ PM ਨੂੰ ਚਿੱਠੀ ਲਿਖ ਕੇ ਕਰੰਸੀ ਨੋਟਾਂ ''ਤੇ ਗਣੇਸ਼ ਜੀ ਅਤੇ ਦੇਵੀ ਲਕਸ਼ਮੀ ਦੀ ਫ਼ੋਟੋ ਲਗਾਉਣ ਦੀ ਕੀਤੀ ਮੰਗ
Friday, Oct 28, 2022 - 01:00 PM (IST)
ਨਵੀਂ ਦਿੱਲੀ (ਭਾਸ਼ਾ)- ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਚਿੱਠੀ ਲਿਖ ਕੇ ਕਰੰਸੀ ਨੋਟਾਂ 'ਤੇ ਭਗਵਾਨ ਗਣੇਸ਼ ਅਤੇ ਦੇਵੀ ਲਕਸ਼ਮੀ ਦੀ ਫੋਟੋ ਛਾਪਣ ਦੀ ਮੰਗ ਕੀਤੀ ਹੈ। ਕੇਜਰੀਵਾਲ ਦੀ ਇਸ ਮੰਗ ਨੇ ਸਿਆਸੀ ਵਿਵਾਦ ਖੜ੍ਹਾ ਕਰ ਦਿੱਤਾ ਹੈ। ਭਾਰਤੀ ਅਰਥਵਿਵਸਥਾ ਦੀ ਹਾਲਤ ਖ਼ਰਾਬ ਹੋਣ ਦਾ ਦਾਅਵਾ ਕਰਦੇ ਹੋਏ ਕੇਜਰੀਵਾਲ ਨੇ ਬੁੱਧਵਾਰ ਨੂੰ ਕਿਹਾ ਸੀ ਕਿ ਦੇਸ਼ ਨੂੰ ਅਰਥਵਿਵਸਥਾ ਨੂੰ ਪੱਟੜੀ 'ਤੇ ਲਿਆਉਣ ਲਈ 'ਸਾਡੇ ਦੇਵੀ ਅਤੇ ਦੇਵਤਿਆਂ ਦੇ ਆਸ਼ੀਰਵਾਦ' ਨਾਲ ਹੀ ਕਾਫ਼ੀ ਕੋਸ਼ਿਸ਼ ਦੀ ਲੋੜ ਹੈ। ਉਨ੍ਹਾਂ ਨੇ ਸ਼ੁੱਕਰਵਾਰ ਨੂੰ ਚਿੱਠੀ ਲਿਖ ਕੇ ਕਿਹਾ ਕਿ ਇਹ 130 ਕਰੋੜ ਭਾਰਤੀਆਂ ਦੀ ਇੱਛਾ ਹੈ ਕਿ ਕਰੰਸੀ ਨੋਟਾਂ 'ਤੇ ਇਕ ਪਾਸੇ ਮਹਾਤਮਾ ਗਾਂਧੀ ਅਤੇ ਦੂਜੇ ਪਾਸੇ ਭਗਵਾਨ ਗਣੇਸ਼ ਅਤੇ ਦੇਵੀ ਲਕਸ਼ਮੀ ਦੀ ਫੋਟੋ ਪ੍ਰਕਾਸ਼ਿਤ ਹੋਣੀ ਚਾਹੀਦੀ ਹੈ।
ਕੇਜਰੀਵਾਲ ਨੇ ਦਾਅਵਾ ਕੀਤਾ,''ਇਸ ਮੁੱਦੇ 'ਤੇ ਜ਼ਬਰਦਸਤ ਸਮਰਥਨ ਮਿਲਿਆ ਹੈ। ਲੋਕਾਂ ਦਰਮਿਆਨ ਭਾਰੀ ਉਤਸ਼ਾਹ ਹੈ ਅਤੇ ਹਰ ਕੋਈ ਤੁਰੰਤ ਇਸ ਨੂੰ ਲਾਗੂ ਕਰਵਾਉਣਾ ਚਾਹੁੰਦਾ ਹੈ।'' ਆਮ ਆਦਮੀ ਪਾਰਟੀ (ਆਪ) ਦੇ ਰਾਸ਼ਟਰੀ ਕਨਵੀਨਰ ਨੇ ਚਿੱਠੀ 'ਚ ਕਿਹਾ ਕਿ ਭਾਰਤੀ ਅਰਥਵਿਵਸਥਾ ਬਹੁਤ ਬੁਰੇ ਦੌਰ ਤੋਂ ਲੰਘ ਰਹੀ ਹੈ ਅਤੇ ਆਜ਼ਾਦੀ ਦੇ 75 ਸਾਲ ਬਾਅਦ ਵੀ ਇਹ ਵਿਕਾਸਸ਼ੀਲ ਦੇਸ਼ਾਂ ਦੀ ਸੂਚੀ 'ਚ ਹੈ। ਕੇਜਰੀਵਾਲ ਨੇ ਕਿਹਾ,''ਇਕ ਪਾਸੇ ਜਿੱਥੇ ਸਾਰੇ ਦੇਸ਼ਵਾਸੀਆਂ ਨੂੰ ਸਖ਼ਤ ਮਿਹਨਤ ਕਰਨ ਦੀ ਜ਼ਰੂਰਤ ਹੈ ਤਾਂ ਉੱਥੇ ਹੀ ਸਾਨੂੰ ਦੇਵਤਾਵਾਂ ਨੂੰ ਆਸ਼ੀਰਵਾਦ ਵੀ ਚਾਹੀਦਾ ਤਾਂ ਕਿ ਸਾਡੀਆਂ ਕੋਸ਼ਿਸ਼ਾਂ ਦਾ ਫ਼ਲ ਮਿਲ ਸਕੇ।'' ਉਨ੍ਹਾਂ ਕਿਹਾ ਕਿ ਸਹੀ ਨੀਤੀ, ਸਖ਼ਤ ਮਿਹਨਤ ਅਤੇ ਦੇਵਤਾਵਾਂ ਦੇ ਆਸ਼ੀਰਵਾਦ ਨਾਲ ਹੀ ਦੇਸ਼ ਅੱਗੇ ਵਧੇਗਾ। ਕੇਜਰੀਵਾਲ ਦੀ ਇਸ ਮੰਗ 'ਤੇ ਭਾਜਪਾ ਨੇ ਤਿੱਖੀ ਪ੍ਰਤੀਕਿਰਿਆ ਦਿੱਤੀ ਹੈ। ਉਸ ਨੇ ਇਸ ਨੂੰ ਗੁਜਰਾਤ ਅਤੇ ਹਿਮਾਚਲ ਪ੍ਰਦੇਸ਼ 'ਚ ਆਉਣ ਵਾਲੀਆਂ ਚੋਣਾਂ ਦੇ ਮੱਦੇਨਜ਼ਰ 'ਆਪ' ਦਾ 'ਘਿਨੌਣਾ ਹਿੰਦੂ ਵਿਰੋਧੀ ਚਿਹਰਾ' ਛੁਪਾਉਣ ਦੀ ਅਸਫ਼ਲ ਕੋਸ਼ਿਸ਼ ਦੱਸਿਆ ਹੈ।
ਨੋਟ : ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ 'ਚ ਦਿਓ ਜਵਾਬ