PM ਮੋਦੀ ਡਿਗਰੀ ਕੇਸ: ਕੇਜਰੀਵਾਲ ਅਤੇ ਸੰਜੇ ਸਿੰਘ ਨੇ ਮਾਣਹਾਨੀ ਮਾਮਲੇ ''ਚ ਤੁਰੰਤ ਸੁਣਵਾਈ ਦੀ ਦਿੱਤੀ ਅਰਜ਼ੀ
Tuesday, Aug 22, 2023 - 10:42 AM (IST)
ਅਹਿਮਦਾਬਾਦ- ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਅਤੇ ਆਮ ਆਦਮੀ ਪਾਰਟੀ (ਆਪ) ਵਿਚ ਉਨ੍ਹਾਂ ਦੇ ਸਹਿਯੋਗੀ ਸੰਜੇ ਸਿੰਘ ਨੇ ਸੋਮਵਾਰ ਨੂੰ ਅਹਿਮਦਾਬਾਦ ਦੀ ਇਕ ਸੈਸ਼ਨ ਅਦਾਲਤ 'ਚ ਅਰਜ਼ੀ ਦਾਇਰ ਕੀਤੀ ਹੈ। ਇਹ ਅਰਜ਼ੀ ਉਨ੍ਹਾਂ ਅਪਰਾਧਕ ਮਾਣਹਾਨੀ ਦੇ ਇਕ ਮਾਮਲੇ 'ਚ ਹੇਠਲੀ ਅਦਾਲਤ ਵਲੋਂ ਉਨ੍ਹਾਂ ਵਿਰੁੱਧ ਜਾਰੀ ਸੰਮਨ ਨੂੰ ਚੁਣੌਤੀ ਸਬੰਧੀ ਸੋਧ ਅਰਜ਼ੀ 'ਤੇ ਤੁਰੰਤ ਸੁਣਵਾਈ ਦੀ ਅਪੀਲ ਕੀਤੀ। ਸੈਸ਼ਨ ਜੱਜ ਏ. ਵੀ. ਵਿਰਪਾਰਾ ਨੇ ਕਿਹਾ ਕਿ ਤੁਰੰਤ ਸੁਣਵਾਈ ਦੀ ਅਪੀਲ ਕਰਨ ਵਾਲੀ ਅਰਜ਼ੀ 'ਤੇ ਮੰਗਲਵਾਰ ਨੂੰ ਉਹ ਆਦੇਸ਼ ਜਾਰੀ ਕਰਨਗੇ।
ਦਰਅਸਲ 'ਆਪ' ਦੇ ਇਹ ਦੋਵੇਂ ਨੇਤਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਡਿਗਰੀ ਦੇ ਸਿਲਸਿਲੇ ਵਿਚ 'ਵਿਅੰਗਾਤਮਕ' ਅਤੇ 'ਅਪਮਾਨਜਨਕ' ਬਿਆਨਾਂ ਨੂੰ ਲੈ ਕੇ ਗੁਜਰਾਤ ਯੂਨੀਵਰਸਿਟੀ ਵਲੋਂ ਦਰਜ ਕਰਵਾਏ ਗਏ ਅਪਰਾਧਕ ਮਾਣਹਾਨੀ ਮਾਮਲੇ ਦਾ ਸਾਹਮਣਾ ਕਰ ਰਹੇ ਹਨ। ਕੇਜਰੀਵਾਲ ਅਤੇ ਸੰਜੇ ਸਿੰਘ ਨੇ ਇਸ ਮਾਮਲੇ ਦੀ ਤੁਰੰਤ ਸੁਣਵਾਈ ਦੀ ਬੇਨਤੀ ਕੀਤੀ ਹੈ, ਕਿਉਂਕਿ ਅਦਾਲਤ ਨੇ ਅੱਗੇ ਦੀ ਸੁਣਵਾਈ ਲਈ 16 ਸਤੰਬਰ ਦੀ ਤਾਰੀਖ਼ ਤੈਅ ਕੀਤੀ ਹੈ। ਉਨ੍ਹਾਂ ਦੇ ਵਕੀਲ ਓਮ ਕੋਤਵਾਲ ਨੇ ਅਦਾਲਤ ਨੂੰ ਬੇਨਤੀ ਕੀਤੀ ਕਿ ਗੁਜਰਾਤ ਹਾਈ ਕੋਰਟ 'ਚ 29 ਅਗਸਤ ਅਤੇ ਮੈਟਰੋਪੋਲਿਟਨ ਅਦਾਲਤ 'ਚ 31 ਅਗਸਤ ਨੂੰ ਸਬੰਧਤ ਮਾਮਲਿਆਂ ਦੀ ਸੁਣਵਾਈ ਹੋਣ ਤੋਂ ਪਹਿਲਾਂ ਉਹ ਇਸ ਵਿਸ਼ੇ 'ਤੇ ਅੱਗੇ ਵਧਣ।
ਕੇਜਰੀਵਾਲ ਅਤੇ ਸਿੰਘ ਨੇ ਸੈਸ਼ਨ ਕੋਰਟ ਵਿਚ ਆਪਣੀ ਸੋਧ ਦੀ ਅਰਜ਼ੀ ਦੇ ਨਿਪਟਾਰੇ ਤੱਕ ਉਨ੍ਹਾਂ ਦੇ ਖਿਲਾਫ ਅਪਰਾਧਿਕ ਮਾਣਹਾਨੀ ਦੇ ਮੁਕੱਦਮੇ 'ਤੇ ਰੋਕ ਲਗਾਉਣ ਲਈ ਗੁਜਰਾਤ ਹਾਈ ਕੋਰਟ ਦਾ ਰੁਖ ਕੀਤਾ ਸੀ। ਹਾਈ ਕੋਰਟ ਨੇ 11 ਅਗਸਤ ਨੂੰ ਸੂਬਾ ਸਰਕਾਰ ਅਤੇ ਗੁਜਰਾਜ ਯੂਨੀਵਰਸਿਟੀ ਦੇ ਰਜਿਸਟਰਾਰ ਪਿਊਸ਼ ਪਟੇਲ ਨੂੰ ਨੋਟਿਸ ਜਾਰੀ ਕਰਕੇ 29 ਅਗਸਤ ਤੱਕ ਜਵਾਬ ਮੰਗਿਆ ਸੀ। ਕੇਜਰੀਵਾਲ ਅਤੇ ਸਿੰਘ ਨੂੰ ਕੋਈ ਅੰਤਰਿਮ ਰਾਹਤ ਦੇਣ ਤੋਂ ਇਨਕਾਰ ਕਰ ਦਿੱਤਾ। ਇਸ ਦੌਰਾਨ ਮੈਟਰੋਪੋਲਿਟਨ ਅਦਾਲਤ ਨੇ ਦੋਵਾਂ ਨੂੰ ਸੰਮਨਾਂ ਸਬੰਧੀ 30 ਅਗਸਤ ਨੂੰ ਪੇਸ਼ ਹੋਣ ਦਾ ਸਮਾਂ ਦਿੱਤਾ ਹੈ। ਗੁਜਰਾਤ ਹਾਈ ਕੋਰਟ ਨੇ ਪ੍ਰਧਾਨ ਮੰਤਰੀ ਮੋਦੀ ਦੀ ਡਿਗਰੀ 'ਤੇ ਮੁੱਖ ਸੂਚਨਾ ਕਮਿਸ਼ਨਰ ਦੇ ਹੁਕਮ ਨੂੰ ਦਰਕਿਨਾਰ ਕਰ ਦਿੱਤਾ ਸੀ, ਜਿਸ ਤੋਂ ਬਾਅਦ ਦੋਵਾਂ ਨੇਤਾਵਾਂ ਨੇ ਇਹ ਟਿੱਪਣੀ ਕੀਤੀ ਅਤੇ ਫਿਰ ਗੁਜਰਾਤ ਹਾਈ ਕੋਰਟ ਦੇ ਰਜਿਸਟਰਾਰ ਪਟੇਲ ਨੇ ਮਾਣਹਾਨੀ ਦਾ ਕੇਸ ਦਾਇਰ ਕੀਤਾ।