ਕਰਨਾਟਕ ਚੋਣਾਂ: ਜੋ ਵੋਟ ਦੇਣ ਨਾ ਆਏ, ਉਸ ਦੇ ਹੱਥ-ਪੈਰ ਬੰਨ੍ਹ ਕੇ ਲਿਆਓ- ਯੇਦੀਯੁਰੱਪਾ

05/05/2018 5:56:41 PM

ਬੇਲਾਗਾਵੀ— ਕਰਨਾਟਕ ਚੋਣਾਂ ਦੇ ਮੱਦੇਨਜ਼ਰ ਭਾਰਤੀ ਜਨਤਾ ਪਾਰਟੀ (ਭਾਜਪਾ) ਦੇ ਮੁੱਖ ਮੰਤਰੀ ਉਮੀਦਵਾਰ ਬੀ.ਐੱਸ. ਯੇਦੀਯੁਰੱਪਾ ਨੇ ਅਜੀਬੋ-ਗਰੀਬ ਬਿਆਨ ਦਿੱਤਾ ਹੈ। ਕਰਨਾਟਕ ਦੀ ਕਿਟੂਰ ਸੀਟ ਤੋਂ ਭਾਜਪਾ ਉਮੀਦਵਾਰ ਮਹੰਤੇਸ਼ ਡੋਡਾਗੌਡਰ ਲਈ ਪ੍ਰਚਾਰ ਕਰਨ ਪੁੱਜੇ ਯੇਦੀਯੁਰੱਪਾ ਨੇ ਕਿਹਾ ਕਿ ਜੋ ਵੋਟ ਪਾਉਣ ਨਾ ਆਏ, ਉਸ ਦੇ ਹੱਥ-ਪੈਰ ਬੰਨ੍ਹ ਕੇ ਲੈ ਆਓ ਪਰ ਵੋਟ ਜ਼ਰੂਰ ਪੁਆਉਣਾ। ਆਪਣੀ ਪਾਰਟੀ ਦੇ ਵਰਕਰਾਂ 'ਚ ਜੋਸ਼ ਭਰਨ ਦੇ ਅੰਦਾਜ 'ਚ ਬੀ.ਐੱਸ. ਯੇਦੀਯੁਰੱਪਾ ਨੇ ਕਿਹਾ,''ਹੁਣ ਆਰਾਮ ਨਾ ਕਰੋ। ਜੇਕਰ ਤੁਹਾਨੂੰ ਲੱਗਦਾ ਹੈ ਕਿ ਕੋਈ ਵਿਅਕਤੀ ਅਜਿਹਾ ਹੈ, ਜੋ ਵੋਟ ਨਹੀਂ ਕਰਨ ਵਾਲਾ ਹੈ ਤਾਂ ਉਸ ਦੇ ਘਰ ਜਾਓ, ਉਸ ਦੇ ਹੱਥ-ਪੈਰ ਬੰਨ੍ਹ ਕੇ ਉਸ ਨੂੰ ਲੈ ਆਓ ਅਤੇ ਮਹੰਤੇਸ਼ ਡੋਡਾਗੌਡਰ ਲਈ ਵੋਟ ਪੁਆਓ।''

ਜ਼ਿਕਰਯੋਗ ਹੈ ਕਿ ਕਰਨਾਟਕ 'ਚ ਵਿਧਾਨ ਸਭਾ ਚੋਣਾਂ ਲਈ 12 ਮਈ ਨੂੰ ਵੋਟਾਂ ਹੋਣੀਆਂ ਹਨ। ਫਿਲਹਾਲ ਕਰਨਾਟਕ ਦੀ ਸੱਤਾ 'ਤੇ ਕਾਂਗਰਸ ਕਾਬਜ਼ ਹੈ ਅਤੇ ਭਾਜਪਾ ਆਪਣੀ ਵਾਪਸੀ ਲਈ ਹਰ ਸੰਭਵ ਕੋਸ਼ਿਸ਼ ਕਰ ਰਹੀ ਹੈ। ਇਕ ਪਾਸੇ ਭਾਜਪਾ ਕਾਂਗਰਸ ਦੇ ਹੱਥੋਂ ਕਰਨਾਟਕ ਖੋਹ ਕੇ ਦੱਖਣੀ ਭਾਰਤ 'ਚ ਆਪਣੀ ਪਕੜ ਹੋਰ ਮਜ਼ਬੂਤ ਕਰਨਾ ਚਾਹੁੰਦੀ ਹੈ ਤਾਂ ਦੂਜੇ ਪਾਸੇ ਕਾਂਗਰਸ ਹਰ ਹਾਲ 'ਚ ਸੱਤਾ ਬਰਕਰਾਰ ਰੱਖਦੇ ਹੋਏ 2019 ਲਈ ਆਪਣਾ ਦਾਅਵਾ ਮਜ਼ਬੂਤ ਕਰਨਾ ਚਾਹੁੰਦੀ ਹੈ।