ਹੰਗਾਮੇ ਤੋਂ ਬਾਅਦ ਕਨ੍ਹਈਆ ਨੇ ਸੰਘ, ਭਾਜਪਾ ਅਤੇ ਏ.ਬੀ.ਵੀ.ਪੀ ''ਤੇ ਬੋਲਿਆ ਜ਼ੋਰਦਾਰ ਹਮਲਾ

11/11/2017 3:22:38 PM

ਲਖਨਊ— ਲਿਟਰੇਰੀ ਫੈਸਟੀਵਲ (ਉਤਸਵ) 'ਚ ਏ.ਬੀ.ਵੀ.ਪੀ. ਵਰਕਰਾਂ ਦੇ ਹੰਗਾਮੇ ਤੋਂ ਬਾਅਦ ਮੰਚ 'ਤੇ ਪੁੱਜੇ ਕਨ੍ਹਈਆ ਕੁਮਾਰ ਨੇ ਸੰਘ, ਭਾਜਪਾ ਅਤੇ ਏ.ਬੀ.ਵੀ.ਪੀ. 'ਤੇ ਜੰਮ ਕੇ ਹਮਲਾ ਕੀਤਾ। ਕਨ੍ਹਈਆ ਨੇ ਕਿਹਾ ਕਿ ਜੋ ਲੋਕ ਮੇਰਾ ਵਿਰੋਧ ਕਰਨ ਆਏ ਸਨ, ਮੈਂ ਉਨ੍ਹਾਂ ਦਾ ਵੀ ਸਵਾਗਤ ਕਰਦਾ ਹਾਂ। ਲਖਨਊ ਤਹਿਜੀਬ ਦਾ ਸ਼ਹਿਰ ਹੈ। ਜੋ ਤਸਵੀਰਾਂ ਸਾਹਮਣੇ ਆਈਆਂ ਇਹ ਲਖਨਊ ਦੀਆਂ ਨਹੀਂ ਹੋ ਸਕਦੀਆਂ ਹਨ। ਮੈਂ ਪਹਿਲੀ ਵਾਰ ਦੇਖ ਰਿਹਾ ਹਾਂ ਕਿ ਕਿਸੇ ਲਿਟਰੇਰੀ ਫੈਸਟੀਵਲ 'ਚ ਮੇਰਾ ਇਸ ਤਰ੍ਹਾਂ ਦਾ ਸਿਆਸੀ ਵਿਰੋਧ ਹੋ ਰਿਹਾ ਹੈ। ਏ.ਬੀ.ਵੀ.ਪੀ. ਨੂੰ ਕਟਘਰੇ 'ਚ ਖੜ੍ਹਾ ਕਰਦੇ ਹੋਏ ਕਨ੍ਹਈਆ ਕੁਮਾਰ ਨੇ ਕਿਹਾ ਕਿ ਜੇਕਰ ਤੁਸੀਂ ਵਿਰੋਧ ਹੀ ਕਰਨਾ ਸੀ ਤਾਂ ਇਸ ਸੈਸ਼ਨ ਤੋਂ ਪਹਿਲਾਂ ਸਵਾਲ ਪੁੱਛ ਕੇ ਵਿਰੋਧ ਕਰ ਸਕਦੇ ਸੀ। ਲੋਕਤੰਤਰ ਦੀ ਇਹੀ ਖੂਬੀ ਹੈ ਕਿ ਇੱਥੇ 2 ਵੱਖ-ਵੱਖ ਵਿਚਾਰਧਾਰਾ ਦੇ ਲੋਕ ਵੀ ਇਕ ਮੰਚ 'ਤੇ ਆਪਣੀ ਗੱਲ ਕਹਿੰਦੇ ਹਨ। ਇਹ ਜਨਤਾ ਦਾ ਕੰਮ ਹੈ ਕਿ ਉਹ ਕਿਸ ਨੂੰ ਸਹੀ ਸਮਝਦੀ ਹੈ ਅਤੇ ਕਿਸ ਨੂੰ ਗਲਤ ਪਰ ਬੋਲਣ ਨਾ ਦੇਣਾ ਸੰਘ, ਭਾਜਪਾ ਅਤੇ ਏ.ਬੀ.ਵੀ.ਪੀ. ਦੀ ਸੰਸਕ੍ਰਿਤੀ ਹੈ।
ਜ਼ਿਕਰਯੋਗ ਹੈ ਕਿ ਕਨ੍ਹਈਆ ਕੁਮਾਰ ਆਪਣੀ ਕਿਤਾਬ 'ਬਿਹਾਰ ਤੋਂ ਤਿਹਾੜ' ਦੀ ਘੁੰਡ ਚੁਕਾਈ ਲਈ ਲਿਟਰੇਰੀ ਫੈਸਟੀਵਲ 'ਚ ਹਿੱਸਾ ਲੈਣ ਲਈ ਆਏ ਸਨ। ਸਾਬਕਾ ਰਾਜਪਾਲ ਅਜੀਜ ਕੁਰੈਸ਼ੀ ਨੇ ਕਿਤਾਬ ਦੀ ਘੁੰਡ ਚੁਕਾਈ ਕਰਨਾ ਸੀ ਪਰ ਹੰਗਾਮੇ ਕਾਰਨ ਉਨ੍ਹਾਂ ਨੇ ਮੰਚ 'ਤੇ ਆਉਣ ਤੋਂ ਮਨ੍ਹਾ ਕਰ ਦਿੱਤਾ। ਇਸ 'ਤੇ ਕਨ੍ਹਈਆ ਕੁਮਾਰ ਨੇ ਕਿਹਾ ਕਿ ਆਪਣੀ ਕਿਤਾਬ ਦੀ ਘੁੰਡ ਚੁਕਾਈ ਮੈਂ ਖੁਦ ਹੀ ਕਰਾਂਗਾ। ਮੁੱਖ ਮੰਤਰੀ ਯੋਗੀ 'ਤੇ ਬੋਲਦੇ ਹੋਏ ਕਨ੍ਹਈਆ ਨੇ ਕਿਹਾ ਕਿ ਇਹ ਯੋਗੀ ਜੀ ਦਾ ਸ਼ਹਿਰ ਹੈ। ਨਵੇਂ ਤਰ੍ਹਾਂ ਦਾ ਰਾਜ ਰਾਜ ਇੱਥੇ ਆ ਰਿਹਾ ਹੈ। ਰਾਮ ਜੀ ਰਾਜਪਾਠ ਛੱਡ ਕੇ ਬਨਵਾਸ ਚੱਲੇ ਗਏ ਸਨ, ਯੋਗੀ ਜੀ ਬਨਵਾਸ ਤੋਂ ਇੱਥੇ ਆ ਗਏ ਹਨ।