ਜੋਗਿੰਦਰ ਸਿੰਘ ਉਗਰਾਹਾਂ ਨੇ ਲਾਲ ਕਿਲੇ 'ਚ ਵਾਪਰੀ ਘਟਨਾ 'ਤੇ ਦਿੱਲੀ ਪੁਲਸ ਦੀ ਕੀਤੀ ਨਿੰਦਾ

Tuesday, Jan 26, 2021 - 07:00 PM (IST)

ਨਵੀਂ ਦਿੱਲੀ - ਗਣਤੰਤਰ ਦਿਵਸ ਮੌਕੇ ਕਿਸਾਨਾਂ ਵਲੋਂ ਅੱਜ ਟਰੈਕਟਰ ਪਰੇਡ ਕੱਢੀ ਗਈ। ਕਿਸਾਨਾਂ ਅਤੇ ਪੁਲਸ ਵਿਚਾਲੇ ਝੜਪਾਂ ਵੀ ਹੋਈਆਂ। ਜਿਸ ਤੋਂ ਬਾਅਦ ਸੂਬਾ ਪ੍ਰਧਾਨ ਜੋਗਿੰਦਰ ਸਿੰਘ ਜੀ ਉਗਰਾਹਾਂ ਨੇ ਫੇਸਬੁੱਕ ਪੇਜ਼ 'ਤੇ ਇਕ ਵੀਡੀਓ ਪੋਸਟ ਕਰਦੇ ਹੋਏ ਇਸ ਘਟਨਾ 'ਤੇ ਦੁੱਖ ਪ੍ਰਗਟਾਇਆ ਅਤੇ ਦਿੱਲੀ ਪੁਲਸ ਕੀਤੀ ਗਈ ਕਾਰਵਾਈ ਨੂੰ ਨਿੰਦਣਯੋਗ ਕਰਾਰ ਦਿੱਤਾ।

ਜੋਗਿੰਦਰ ਸਿੰਘ ਉਗਰਾਹਾਂ ਨੇ ਕਿਹਾ ਕਿ, 'ਅੱਜ ਜਥੇਬੰਦੀਆਂ ਵਲੋਂ ਦਿੱਲੀ ਵਿੱਚ ਜੋ ਵੀ ਰੂਟ ਮਾਰਚ ਕਰਨ ਲਈ ਤੈਅ ਹੋਏ ਸਨ, ਅਸੀਂ ਉਨ੍ਹਾਂ 'ਤੇ ਮਾਰਚ ਕੀਤਾ ਹੈ ਅਤੇ ਉਹ ਲੱਗਭੱਗ ਪੂਰਾ ਹੋ ਗਿਆ ਹੈ ਅਤੇ ਸਾਰੇ ਸਾਥੀ ਵਾਪਸ ਆ ਗਏ ਹਨ ਪਰ ਕੁਝ ਕਾਫਿਲੇ ਲੰਬੇ ਹੋਣ ਕਰਕੇ ਅਜੇ ਪਿੱਛੇ ਹੀ ਹਨ। ਲਾਲ ਕਿਲੇ ਵਿੱਚ ਜੋ ਘਟਨਾ ਵਾਪਰੀ ਹੈ ਉਹ ਬਹੁਤ ਹੀ ਮੰਦਭਾਗੀ ਹੈ। ਇਸ ਘਟਨਾ ਵਿੱਚ ਇਕ ਨੌਜਵਾਨ ਸ਼ਹੀਦ ਹੋ ਗਿਆ ਅਤੇ ਬਹੁਤ ਸਾਰੇ ਲੋਕ ਫੱਟੜ ਹੋ ਗਏ। ਦਿੱਲੀ ਪੁਲਸ ਵੱਲੋਂ ਕੀਤੀ ਗਈ ਇਹ ਕਾਰਵਾਈ ਬਹੁਤ ਹੀ ਨਿੰਦਣਯੋਗ ਹੈ। ਗਣਤੰਤਰ ਦਿਵਸ ਮੌਕੇ ਲਾਲ ਕਿਲੇ ਵਿੱਚ ਜਾਣਾ ਹਰ ਕਿਸੇ ਦਾ ਅਧਿਕਾਰ ਹੈ।'

ਉਨ੍ਹਾਂ ਨੇ ਆਪਣੇ ਸਾਥੀ ਜਥੇਬੰਦੀਆਂ ਨੂੰ ਅਪੀਲ ਕਰਦੇ ਹੋਏ ਕਿਹਾ ਕਿ ਜਿਹੜੇ ਵੀ ਸਾਡੇ ਸਾਥੀ ਜਥੇਬੰਦੀ ਦਿੱਲੀ ਗਏ ਹਨ ਅਤੇ ਹਾਲੇ ਤੱਕ ਵਾਪਸ ਨਹੀਂ ਆਏ ਹਨ, ਉਹ ਵਾਪਸ ਕੈਂਪ ਵਿਚ ਆਉਣ। ਕੈਂਪ ਵਿਚੋਂ ਹੀ ਉਨ੍ਹਾਂ ਨੂੰ ਅਗਲੇ ਪ੍ਰੋਗਰਾਮ ਦੀ ਜਾਣਕਾਰੀ ਦਿੱਤੀ ਜਾਵੇਗੀ ਅਤੇ ਹਲਾਤਾਂ ਬਾਰੇ ਜਾਇਜ਼ਾ ਲਿਆ ਜਾਵੇਗਾ।

ਨੋਟ- ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਬਾਕਸ ਵਿੱਚ ਦਿਓ ਜਵਾਬ।
 


Inder Prajapati

Content Editor

Related News