J&K ਪ੍ਰਸ਼ਾਸਨ ਨੇ ਲੋਕਾਂ ਨੂੰ ਦਿੱਤੀ ਵੱਡੀ ਰਾਹਤ, ਮੋਬਾਇਲ ਸੇਵਾ ਕੀਤੀ ਬਹਾਲ

01/18/2020 4:32:10 PM

ਜੰਮੂ (ਭਾਸ਼ਾ)— ਜੰਮੂ-ਕਸ਼ਮੀਰ ਪ੍ਰਸ਼ਾਸਨ ਨੇ ਲੋਕਾਂ ਨੂੰ ਵੱਡੀ ਰਾਹਤ ਦਿੱਤੀ ਹੈ। ਪ੍ਰਸ਼ਾਸਨ ਨੇ ਜੰਮੂ-ਕਸ਼ਮੀਰ 'ਚ ਪ੍ਰੀਪੇਡ ਮੋਬਾਇਲ ਸੇਵਾ ਅਤੇ ਘਾਟੀ ਦੇ ਦੋ ਜ਼ਿਲਿਆਂ 'ਚ 2ਜੀ ਇੰਟਰਨੈੱਟ ਸੇਵਾ ਸ਼ਨੀਵਾਰ ਭਾਵ ਅੱਜ ਤੋਂ ਬਹਾਲ ਕਰ ਦਿੱਤੀ ਗਈ ਹੈ। ਅਧਿਕਾਰੀਆਂ ਨੇ ਦੱਸਿਆ ਕਿ ਕੇਂਦਰ ਸ਼ਾਸਿਤ ਪ੍ਰਦੇਸ਼ 'ਚ ਸਾਰੇ ਸਥਾਨਕ ਪ੍ਰੀਪੇਡ ਮੋਬਾਇਲ ਫੋਨ 'ਤੇ ਕਾਲ ਕਰਨ ਅਤੇ ਐੱਸ. ਐੱਮ. ਐੱਸ. ਭੇਜਣ ਦੀ ਸਹੂਲਤ ਬਹਾਲ ਕਰ ਦਿੱਤੀ ਗਈ ਹੈ। ਜੰਮੂ-ਕਸ਼ਮੀਰ ਪ੍ਰਸ਼ਾਸਨ ਦੇ ਪ੍ਰਧਾਨ ਸਕੱਤਰ ਰੋਹਿਤ ਕਾਂਸਲ ਨੇ ਕਿਹਾ ਕਿ ਆਦੇਸ਼ ਤੁਰੰਤ ਪ੍ਰਭਾਵ ਤੋਂ ਸ਼ਨੀਵਾਰ ਤੋਂ ਲਾਗੂ ਹੋਵੇਗਾ। ਉਨ੍ਹਾਂ ਨੇ ਕਿਹਾ ਕਿ ਅਜਿਹੇ ਸਿਮ ਕਾਰਡ 'ਤੇ ਮੋਬਾਇਲ ਇੰਟਰਨੈੱਟ ਸਹੂਲਤ ਪ੍ਰਦਾਨ ਕਰਨ ਲਈ ਦੂਰਸੰਚਾਰ ਸੇਵਾ ਪ੍ਰਦਾਤਾਵਾਂ ਨੂੰ ਉਪਭੋਗਤਾਵਾਂ ਦੀ ਜਾਣਕਾਰੀ ਦੀ ਪੁਸ਼ਟੀ ਕਰਨੀ ਹੋਵੇਗੀ।

 

ਇੰਟਰਨੈੱਟ ਸੇਵਾ ਪ੍ਰਦਾਤਾਵਾਂ ਨੂੰ ਜੰਮੂ-ਕਸ਼ਮੀਰ ਦੇ 10 ਜ਼ਿਲਿਆਂ ਅਤੇ ਉੱਤਰੀ ਕਸ਼ਮੀਰ ਦੇ ਦੋ ਜ਼ਿਲਿਆਂ ਕੁਪਵਾੜਾ ਅਤੇ ਬਾਂਦੀਪੋਰਾ 'ਚ ਫਿਕਸ ਇੰਟਰਨੈੱਟ ਸੰਚਾਰ ਸੇਵਾ ਪ੍ਰਦਾਨ ਕਰਨ ਨੂੰ ਕਿਹਾ ਗਿਆ ਹੈ। ਹਾਲਾਂਕਿ ਅਜੇ ਬੜਗਾਮ, ਬਾਰਾਮੂਲਾ, ਸ਼੍ਰੀਨਗਰ, ਕੁਲਗਾਮ, ਅਨੰਤਨਾਗ, ਸ਼ੋਪੀਆਂ ਅਤੇ ਪੁਲਵਾਮਾ ਵਿਚ ਇੰਟਰਨੈੱਟ ਸੇਵਾ ਬੰਦ ਰਹੇਗੀ। ਦੱਸਣਯੋਗ ਹੈ ਕਿ ਜੰਮੂ-ਕਸ਼ਮੀਰ ਵਿਚ ਦੂਰਸੰਚਾਰ ਸੇਵਾ 5 ਅਗਸਤ ਨੂੰ ਉਸ ਸਮੇਂ ਬੰਦ ਕਰ ਦਿੱਤੀ ਗਈ ਸੀ, ਜਦੋਂ ਕੇਂਦਰ ਨੇ ਧਾਰਾ-370 ਦੀਆਂ ਜ਼ਿਆਦਾਤਰ ਵਿਵਸਥਾਵਾਂ ਨੂੰ ਰੱਦ ਕਰ ਕੇ ਸੂਬੇ ਨੂੰ ਦੋ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਜੰਮੂ-ਕਸ਼ਮੀਰ ਅਤੇ ਲੱਦਾਖ ਵਿਚ ਵੰਡਿਆ।

 

 


Tanu

Content Editor

Related News