J&K : ਧਾਰਾ 370 ਹਟਾਉਣ ਮਗਰੋਂ ਅੱਤਵਾਦੀ ਘਟਨਾਵਾਂ ਨਾ ਦੇ ਬਰਾਬਰ : ਰਾਜਨਾਥ

11/27/2019 1:31:35 PM

ਨਵੀਂ ਦਿੱਲੀ— ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਬੁੱਧਵਾਰ ਨੂੰ ਕਿਹਾ ਕਿ ਜੰਮੂ-ਕਸ਼ਮੀਰ ਤੋਂ ਧਾਰਾ-370 ਦੇ ਜ਼ਿਆਦਾਤਰ ਪ੍ਰਬੰਧ ਹਟਾਏ ਜਾਣ ਦੇ ਬਾਅਦ ਤੋਂ ਅੱਤਵਾਦੀ ਘਟਨਾਵਾਂ 'ਨਾ ਦੇ ਬਰਾਬਰ' ਹੋਈਆਂ ਹਨ ਅਤੇ ਰਾਜ 'ਚ ਸਥਿਤੀ ਤੇਜ਼ੀ ਨਾਲ ਆਮ ਹੋ ਰਹੀ ਹੈ। ਰਾਜਨਾਥ ਨੇ ਲੋਕ ਸਭਾ 'ਚ ਕਿਹਾ ਕਿ ਜੰਮੂ-ਕਸ਼ਮੀਰ 'ਚ ਫੌਜ, ਸਥਾਨਕ ਪੁਲਸ, ਨੀਮ ਫੌਜੀ ਫੋਰਸ ਅਤੇ ਹੋਰ ਫੋਰਸਾਂ ਦੇ ਜਵਾਨ ਬਿਹਤਰ ਤਾਲਮੇਲ ਨਾਲ ਕਾਰਵਾਈ ਕਰ ਰਹੇ ਹਨ। ਕਾਂਗਰਸ ਮੈਂਬਰ ਕੇ. ਸੁਰੇਸ਼ ਨੇ ਸਿਫ਼ਰਕਾਲ 'ਚ ਜੰਮੂ-ਕਸ਼ਮੀਰ ਦੀ ਸਥਿਤੀ ਨੂੰ ਚੁੱਕਿਆ ਅਤੇ ਉੱਥੇ ਧਾਰਾ-370 ਹਟਾਏ ਜਾਣ ਦੇ ਬਾਅਦ ਵੀ ਅੱਤਵਾਦੀ ਹਮਲਿਆਂ ਅਤੇ ਉਨ੍ਹਾਂ 'ਚ ਲੋਕਾਂ ਦੇ ਮਾਰੇ ਜਾਣ ਦੀਆਂ ਘਟਨਾਵਾਂ 'ਤੇ ਚਿੰਤਾ ਜ਼ਾਹਰ ਕੀਤੀ।

ਇਸ ਦਾ ਜਵਾਬ ਦਿੰਦੇ ਹੋਏ ਰਾਜਨਾਥ ਸਿੰਘ ਨੇ ਕਿਹਾ,''ਜਿੱਥੇ ਤੱਕ ਦੇਸ਼ 'ਚ ਅੱਤਵਾਦੀ ਵਾਰਦਾਤਾਂ ਦੀ ਗੱਲ ਹੈ ਤਾਂ ਸਾਰੇ ਇਸ ਗੱਲ ਨੂੰ ਮੰਨਣਗੇ ਕਿ ਪਿਛਲੇ ਸਾਢੇ 5 ਸਾਲਾਂ 'ਚ ਜੰਮੂ-ਕਸ਼ਮੀਰ ਨੂੰ ਛੱਡ ਕੇ ਦੇਸ਼ 'ਚ ਕਿਤੇ ਕੋਈ ਵੱਡੀ ਅੱਤਵਾਦੀ ਘਟਨਾ ਨਹੀਂ ਵਾਪਰੀ।'' ਉਨ੍ਹਾਂ ਨੇ ਕਿਹਾ,''ਜਿੱਥੇ ਤੱਕ ਜੰਮੂ-ਕਸ਼ਮੀਰ ਦੀ ਗੱਲ ਹੈ ਤਾਂ ਪਿਛਲੇ 30-35 ਸਾਲਾਂ ਤੋਂ ਰਾਜ 'ਚ ਅੱਤਵਾਦੀ ਘਟਨਾਵਾਂ ਹੁੰਦੀਆਂ ਰਹੀਆਂ ਹਨ।'' ਰਾਜਨਾਥ ਨੇ ਕਿਹਾ,''ਮੈਂ ਦਾਅਵੇ ਨਾਲ ਕਹਿ ਸਕਦਾ ਹਾਂ ਕਿ ਜੰਮੂ-ਕਸ਼ਮੀਰ ਤੋਂ ਧਾਰਾ-370 ਹਟਾਏ ਜਾਣ ਤੋਂ ਬਾਅਦ ਅੱਤਵਾਦੀ ਘਟਨਾਵਾਂ ਨਾ ਦੇ ਬਰਾਬਰ ਹੋਈਆਂ ਹਨ ਪਰ ਜੇਕਰ ਕੋਈ ਅੱਤਵਾਦੀ ਘਟਨਾ ਹੋਈ ਹੈ ਤਾਂ ਇਹ ਨਿੰਦਾਯੋਗ ਹੈ।'' ਉਨ੍ਹਾਂ ਨੇ ਕਿਹਾ ਕਿ ਇਸ ਸਮੇਂ ਫੌਜ, ਸਥਾਨਕ ਪੁਲਸ, ਨੀਮ ਫੌਜੀ ਫੌਰਸ ਅਤੇ ਹੋਰ ਫੋਰਸਾਂ ਦੇ ਜਵਾਨ ਪੂਰੀ ਤਰ੍ਹਾਂ ਨਾਲ ਬਿਹਤਰ ਤਾਲਮੇਲ ਨਾਲ ਮਿਲ ਕੇ ਪ੍ਰਭਾਵੀ ਕਾਰਵਾਈ ਕਰ ਰਹੇ ਹਨ। ਰੱਖਿਆ ਮੰਤਰੀ ਨੇ ਕਿਹਾ ਕਿ ਕਸ਼ਮੀਰ 'ਚ ਤੇਜ਼ੀ ਨਾਲ ਹਾਲਾਤ ਆਮ ਹੋ ਰਹੇ ਹਨ।


DIsha

Content Editor

Related News