ਧਾਰਾ 370 ਨੂੰ ਹਟਾਉਣ ਲਈ PDP ਜ਼ਿੰਮੇਵਾਰ : ਨਾਸਿਰ ਵਾਨੀ
Wednesday, Nov 20, 2024 - 05:23 PM (IST)
ਸ਼੍ਰੀਨਗਰ (ਵਾਰਤਾ)- ਜੰਮੂ-ਕਸ਼ਮੀਰ ਦੇ ਮੁੱਖ ਮੰਤਰੀ ਦੇ ਸਿਆਸੀ ਸਲਾਹਕਾਰ ਨਾਸਿਰ ਵਾਨੀ ਨੇ ਬੁੱਧਵਾਰ ਨੂੰ ਕਿਹਾ ਕਿ ਇੱਥੇ ਮੌਜੂਦਾ ਗੜਬੜੀ ਲਈ ਪੀਪਲਜ਼ ਡੈਮੋਕ੍ਰੇਟਿਕ ਪਾਰਟੀ (ਪੀਡੀਪੀ) ਜ਼ਿੰਮੇਵਾਰ ਹੈ, ਜਿਸ ਕਾਰਨ ਜੰਮੂ-ਕਸ਼ਮੀਰ 'ਚ ਧਾਰਾ 370 ਅਤੇ 35ਏ ਨੂੰ ਰੱਦ ਕੀਤਾ ਗਿਆ। ਸ਼੍ਰੀ ਵਾਨੀ ਨੇ ਇਹ ਗੱਲ ਪੱਤਰਕਾਰਾਂ ਦੇ ਸਵਾਲ ਦਾ ਜਵਾਬ ਦਿੰਦਿਆਂ ਕਹੀ। ਇਹ ਸਵਾਲ ਪੀਡੀਪੀ ਦੇ ਇਸ ਦਾਅਵੇ ਦੇ ਜਵਾਬ 'ਚ ਸੀ ਕਿ ਨੈਸ਼ਨਲ ਕਾਨਫਰੰਸ ਧਾਰਾ 370 ਦੀ ਬਹਾਲੀ ਬਾਰੇ ਕੋਈ ਪ੍ਰਸਤਾਵ ਲਿਆਉਣ 'ਚ ਅਸਫ਼ਲ ਰਹੀ ਹੈ।
ਉਨ੍ਹਾਂ ਕਿਹਾ,''ਜੇ ਪੀਡੀਪੀ ਨੇ 2014 'ਚ ਭਾਜਪਾ ਦਾ ਸਮਰਥਨ ਨਾ ਕੀਤਾ ਹੁੰਦਾ ਤਾਂ ਧਾਰਾ 370 ਅਤੇ 35ਏ ਨੂੰ ਰੱਦ ਨਹੀਂ ਕੀਤਾ ਜਾਂਦਾ। ਨਾ ਹੀ ਲੋਕਾਂ ਨੇ ਪਿਛਲੇ 10 ਸਾਲਾਂ 'ਚ ਜੰਮੂ-ਕਸ਼ਮੀਰ 'ਚ ਹੋਈ ਤਬਾਹੀ ਦੇਖੀ ਹੁੰਦੀ।'' ਸ਼੍ਰੀ ਵਾਨੀ ਨੇ ਕਿਹਾ ਕਿ ਲੋਕ ਪੀਡੀਪੀ ਨੂੰ ਕਦੇ ਮੁਆਫ਼ ਨਹੀਂ ਕਰਨਗੇ। ਉਨ੍ਹਾਂ ਕਿਹਾ ਕਿ ਮੈਨੀਫੈਸਟੋ 'ਚ ਜੋ ਵੀ ਵਾਅਦੇ ਕੀਤੇ ਹਨ, ਉਨ੍ਹਾਂ ਨੂੰ ਹਕੀਕਤ 'ਚ ਪੂਰਾ ਕੀਤਾ ਜਾਵੇਗਾ। ਉਨ੍ਹਾਂ ਕਿਹਾ,''ਪੀਡੀਪੀ ਨੇ 2008, 2010 'ਚ ਗਲਤ ਰਾਜਨੀਤੀ ਕੀਤੀ ਅਤੇ 2016 'ਚ ਹਾਰ ਦਾ ਸਾਹਮਣਾ ਕਰਨਾ ਪਿਆ। ਪੀਡੀਪੀ ਲੋਕਾਂ ਦੇ ਮਨਾਂ 'ਚ ਭੰਬਲਭੂਸਾ ਪੈਦਾ ਕਰਕੇ ਲੋਕਾਂ ਨੂੰ ਗੁੰਮਰਾਹ ਕਰਨ ਦੀ ਕੋਸ਼ਿਸ਼ ਕਰ ਰਹੀ ਹੈ।'' ਸ਼੍ਰੀ ਵਾਨੀ ਨੇ ਕਿਹਾ,‘‘ਸਰਕਾਰ ਨੂੰ ਇਕ ਮਹੀਨਾ ਹੀ ਪੂਰਾ ਹੋਇਆ ਹੈ ਜੋ ਪੀਡੀਪੀ ਹਜ਼ਮ ਨਹੀਂ ਕਰ ਸਕੀ। ਉਹ ਆਪਣੇ ਕਾਰਜਕਾਲ ਦੌਰਾਨ ਕੀਤੀ ਗਈ ਤਬਾਹੀ ਨੂੰ ਨਹੀਂ ਦੇਖ ਰਹੇ ਹਨ।''
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8