J&K ''ਚ ''ਇੰਡੀਆ'' ਗਠਜੋੜ ਦੀ ਸਰਕਾਰ ਉਮੀਦਾਂ ਅਤੇ ਬਰਕਤ ਦੀ ਸਰਕਾਰ ਹੋਵੇਗੀ: ਰਾਹੁਲ
Wednesday, Oct 16, 2024 - 04:00 PM (IST)
ਨਵੀਂ ਦਿੱਲੀ- ਲੋਕ ਸਭਾ 'ਚ ਵਿਰੋਧੀ ਧਿਰ ਦੇ ਆਗੂ ਰਾਹੁਲ ਗਾਂਧੀ ਨੇ ਨੈਸ਼ਨਲ ਕਾਨਫਰੰਸ ਦੇ ਆਗੂ ਉਮਰ ਅਬਦੁੱਲਾ ਦੇ ਜੰਮੂ-ਕਸ਼ਮੀਰ ਦੇ ਮੁੱਖ ਮੰਤਰੀ ਅਹੁਦੇ ਦੀ ਸਹੁੰ ਚੁੱਕਣ ਮਗਰੋਂ ਬੁੱਧਵਾਰ ਨੂੰ ਕਿਹਾ ਕਿ 'ਇੰਡੀਆ ਗਠਜੋੜ' ਦੀ ਸਰਕਾਰ ਨਿਆਂ, ਉਮੀਦਾਂ ਅਤੇ ਬਰਕਤ ਦੀ ਸਰਕਾਰ ਬਣੇਗੀ। ਉਮਰ ਅਬਦੁੱਲਾ ਨੇ ਬੁੱਧਵਾਰ ਨੂੰ ਕੇਂਦਰ ਸ਼ਾਸਿਤ ਪ੍ਰਦੇਸ਼ ਜੰਮੂ-ਕਸ਼ਮੀਰ ਦੇ ਪਹਿਲੇ ਮੁੱਖ ਮੰਤਰੀ ਦੇ ਰੂਪ ਵਿਚ ਸਹੁੰ ਚੁੱਕੀ। 2019 ਵਿਚ ਧਾਰਾ-370 ਨੂੰ ਰੱਦ ਕੀਤੇ ਜਾਣ ਮਗਰੋਂ ਕੇਂਦਰ ਸ਼ਾਸਿਤ ਪ੍ਰਦੇਸ਼ ਵਿਚ ਇਹ ਪਹਿਲੀ ਚੁਣੀ ਹੋਈ ਸਰਕਾਰ ਹੈ।
ਰਾਹੁਲ ਨੇ ਫੇਸਬੁੱਕ 'ਤੇ ਪੋਸਟ ਕੀਤਾ ਕਿ ਅੱਜ ਜੰਮੂ-ਕਸ਼ਮੀਰ 'ਚ 'ਇੰਡੀਆ' ਜਨਬੰਧਨ ਦੇ ਸੀਨੀਅਰ ਆਗੂਆਂ ਨਾਲ ਸੂਬੇ ਦੇ ਨਵ-ਨਿਯੁਕਤ ਮੁੱਖ ਮੰਤਰੀ ਉਮਰ ਅਬਦੁੱਲਾ ਦੇ ਸਹੁੰ ਚੁੱਕ ਸਮਾਗਮ 'ਚ ਸ਼ਾਮਲ ਹੋਏ। ਜੰਮੂ-ਕਸ਼ਮੀਰ 'ਚ 'ਇੰਡੀਆ' ਗਠਜੋੜ ਦੀ ਸਰਕਾਰ, ਨਿਆਂ ਦੀ, ਉਮੀਦ ਦੀ, ਬਰਕਤ ਦੀ ਸਰਕਾਰ ਬਣੇਗੀ। ਉਨ੍ਹਾਂ ਕਿਹਾ ਕਿ ਇਹ ਜੰਮੂ-ਕਸ਼ਮੀਰ ਦੇ ਲੋਕਾਂ ਦੀ ਸਰਕਾਰ ਹੈ ਜੋ ਵਿਧਾਨ ਸਭਾ ਤੋਂ ਲੈ ਕੇ ਦਿੱਲੀ ਤੱਕ ਹਰ ਇਕ ਪ੍ਰਦੇਸ਼ ਵਾਸੀ ਦੇ ਹੱਕ ਅਤੇ ਅਧਿਕਾਰਾਂ ਲਈ ਲੜਨਗੇ।
ਉਮਰ ਦੇ ਸਹੁੰ ਚੁੱਕ ਸਮਾਗਮ 'ਚ ਵਿਰੋਧੀ ਧਿਰ 'ਇੰਡੀਆ' ਗਠਜੋੜ ਦੇ ਲਗਭਗ ਸਾਰੇ ਨੇਤਾਵਾਂ ਨੇ ਹਿੱਸਾ ਲਿਆ। ਸ਼ੇਰ-ਏ-ਕਸ਼ਮੀਰ ਇੰਟਰਨੈਸ਼ਨਲ 'ਚ ਹੋਏ ਸਹੁੰ ਚੁੱਕ ਸਮਾਗਮ 'ਚ ਹਿੱਸਾ ਲੈਣ ਆਏ ਨੇਤਾਵਾਂ 'ਚ ਕਾਂਗਰਸ ਨੇਤਾ ਰਾਹੁਲ ਗਾਂਧੀ, ਮਲਿਕਾਰਜੁਨ ਖੜਗੇ, ਸਮਾਜਵਾਦੀ ਪਾਰਟੀ (ਸਪਾ) ਦੇ ਅਖਿਲੇਸ਼ ਯਾਦਵ, ਖੱਬੇ ਪੱਖੀ ਨੇਤਾ ਪ੍ਰਕਾਸ਼ ਕਰਾਤ ਅਤੇ ਡੀ. ਰਾਜਾ, ਦ੍ਰਵਿੜ ਮੁਨੇਤਰ ਕੜਗਮ (ਡੀ. ਐਮ. ਕੇ) ਦੀ ਕਨੀਮੋਝੀ, ਰਾਸ਼ਟਰਵਾਦੀ ਕਾਂਗਰਸ ਪਾਰਟੀ (ਐਸ. ਪੀ) ਦੀ ਸੁਪ੍ਰੀਆ ਸੁਲੇ ਅਤੇ ਪੀਪਲਜ਼ ਡੈਮੋਕਰੇਟਿਕ ਪਾਰਟੀ (ਪੀ. ਡੀ. ਪੀ) ਦੀ ਮੁਖੀ ਮਹਿਬੂਬਾ ਮੁਫਤੀ ਸ਼ਾਮਲ ਹੋਏ।