J&K : ਪੁਲਵਾਮਾ 'ਚ ਸੁਰੱਖਿਆ ਫੋਰਸ 'ਤੇ ਅੱਤਵਾਦੀ ਹਮਲਾ

Tuesday, Oct 29, 2019 - 05:41 PM (IST)

J&K : ਪੁਲਵਾਮਾ 'ਚ ਸੁਰੱਖਿਆ ਫੋਰਸ 'ਤੇ ਅੱਤਵਾਦੀ ਹਮਲਾ

ਜੰਮੂ— ਕਸ਼ਮੀਰ 'ਚ ਸ਼ਾਂਤੀ ਹੋਣ ਕਾਰਨ ਅੱਤਵਾਦੀ ਬੌਖਲਾ ਗਏ ਅਤੇ ਇਕ ਤੋਂ ਬਾਅਦ ਇਕ ਹਮਲਿਆਂ ਨੂੰ ਅੰਜ਼ਾਮ ਦੇ ਰਹੇ ਹਨ। ਜੰਮੂ-ਕਸ਼ਮੀਰ ਦੇ ਪੁਲਵਾਮਾ 'ਚ ਮੰਗਲਵਾਰ ਭਾਵ ਅੱਜ ਅੱਤਵਾਦੀਆਂ ਨੇ ਸੁਰੱਖਿਆ ਫੋਰਸ ਦੇ ਜਵਾਨਾਂ 'ਤੇ ਗੋਲੀਬਾਰੀ ਕੀਤੀ। ਸੂਤਰਾਂ ਮੁਤਾਬਕ ਪੁਲਵਾਮਾ ਦੇ ਦੁਰਬਗਾਮ ਇਲਾਕੇ 'ਚ ਅੱਤਵਾਦੀਆਂ ਨੇ ਸੁਰੱਖਿਆ ਫੋਰਸ ਦੇ ਜਵਾਨਾਂ 'ਤੇ ਉਸ ਸਮੇਂ ਗੋਲੀਬਾਰੀ ਕੀਤੀ, ਜਦੋਂ ਉਹ ਗਸ਼ਤ ਕਰ ਰਹੇ ਸਨ। ਸੁਰੱਖਿਆ ਫੋਰਸ ਨੇ ਵੀ ਜਵਾਬੀ ਕਾਰਵਾਈ ਕੀਤੀ, ਜਿਸ ਤੋਂ ਬਾਅਦ ਦੋਹਾਂ ਪਾਸਿਓਂ ਕੁਝ ਦੇਰ ਤਕ ਗੋਲੀਬਾਰੀ ਹੁੰਦੀ ਰਹੀ। ਗੋਲੀਬਾਰੀ ਵਿਚ ਕਿਸੇ ਦੇ ਜ਼ਖਮੀ ਹੋਣ ਦੀ ਖ਼ਬਰ ਨਹੀਂ ਹੈ। 

ਹਮਲੇ ਤੋਂ ਬਾਅਦ ਅੱਤਵਾਦੀ ਘਟਨਾ ਵਾਲੀ ਥਾਂ ਤੋਂ ਫਰਾਰ ਹੋਣ 'ਚ ਸਫਲ ਰਹੇ। ਇਸ ਹਮਲੇ ਤੋਂ ਬਾਅਦ ਫੌਜ ਨੇ ਸਰਚ ਆਪਰੇਸ਼ਨ ਸ਼ੁਰੂ ਕਰ ਦਿੱਤਾ ਹੈ ਅਤੇ ਇਲਾਕੇ ਦੀ ਘੇਰਾਬੰਦੀ ਕਰ ਲਈ। ਸੁਰੱਖਿਆ ਫੋਰਸ 'ਤੇ ਹਮਲਾ ਉਸ ਦਿਨ ਹੋਇਆ ਹੈ, ਜਦੋਂ ਯੂਰਪੀਅਨ ਸੰਘ ਦੇ 28 ਮੈਂਬਰੀ ਸੰਸਦੀ ਵਫਦ ਧਾਰਾ-370 ਖਤਮ ਕੀਤੇ ਜਾਣ ਤੋਂ ਬਾਅਦ ਹਾਲਾਤ ਦਾ ਜਾਇਜ਼ਾ ਲੈਣ ਲਈ ਕਸ਼ਮੀਰ ਘਾਟੀ ਪਹੁੰਚਿਆ ਹੈ।

ਦੱਸਣਯੋਗ ਹੈ ਕਿ ਇਸੇ ਸਾਲ 14 ਫਰਵਰੀ ਨੂੰ ਪੁਲਵਾਮਾ 'ਚ ਹੀ ਸੀ. ਆਰ. ਪੀ. ਐੱਫ. ਦੇ ਕਾਫਿਲੇ 'ਤੇ ਅੱਤਵਾਦੀ ਹਮਲਾ ਕੀਤਾ ਗਿਆ ਸੀ। ਇਸ ਹਮਲੇ 'ਚ 40 ਜਵਾਨ ਸ਼ਹੀਦ ਹੋ ਗਏ ਸਨ। ਪੁਲਵਾਮਾ ਅੱਤਵਾਦੀ ਹਮਲੇ ਦਾ ਬਦਲਾ ਲੈਣ ਲਈ 26 ਫਰਵਰੀ ਨੂੰ ਬਾਲਾਕੋਟ 'ਚ ਭਾਰਤੀ ਹਵਾਈ ਫੌਜ ਨੇ ਏਅਰ ਸਟਰਾਈਕ ਕੀਤੀ ਗਈ ਸੀ ਅਤੇ ਕਈ ਅੱਤਵਾਦੀ ਕੈਂਪਾਂ ਨੂੰ ਤਬਾਹ ਕਰ ਦਿੱਤਾ ਸੀ।


author

Tanu

Content Editor

Related News