J&K: ਸੁਰੱਖਿਆ ਏਜੰਸੀਆਂ ਦਾ ਅਲਰਟ, 15 ਅਗਸਤ ਮੌਕੇ ਡਰੋਨ ਹਮਲੇ ਦੀ ਫਿਰਾਕ ’ਚ ਅੱਤਵਾਦੀ
Sunday, Aug 01, 2021 - 02:19 PM (IST)

ਨੈਸ਼ਨਲ ਡੈਸਕ– ਜੰਮੂ-ਕਸ਼ਮੀਰ ’ਚ ਸੁਰੱਖਿਆ ਏਜੰਸੀਆਂ ਨੇ ਅਲਰਟ ਜਾਰੀ ਕੀਤਾ ਹੈ। ਸ਼ੱਕ ਜਤਾਇਆ ਜਾ ਰਿਹਾ ਹੈ ਕਿ 15 ਅਗਸਤ ਨੂੰ ਪਾਕਿਸਤਾਨ ਤੋਂ ਚੱਲ ਰਹੇ ਅੱਤਵਾਦੀ ਸੰਗਠਨ ਜੰਮੂ-ਕਸ਼ਮੀਰ ’ਚ ਇਕ ਵੱਡੇ ਹਮਲੇ ਨੂੰ ਅੰਜ਼ਾਮ ਦੇਣ ਦੀ ਸਾਜ਼ਿਸ਼ ਰਚ ਰਹੇ ਹਨ। ਸੁਰੱਖਿਆ ਏਜੰਸੀਆਂ ਨੂੰ ਮਿਲੀ ਜਾਣਕਾਰੀ ਮੁਤਾਬਕ, ਅੱਤਵਾਦੀ ਡਰੋਨ ਹਮਲੇ ਨੂੰ ਅੰਜ਼ਾਮ ਦੇਣ ਦੀ ਫਿਰਾਕ ’ਚ ਹਨ।
ਖੁਫੀਆ ਏਜੰਸੀਆਂ ਮੁਤਾਬਕ, ਸੁਤੰਤਰਤਾ ਦਿਵਸ ਮੌਕੇ ਅੱਤਵਾਦੀ ਜੰਮੂ-ਕਸ਼ਮੀਰ ’ਚ ਮੌਲਾਨਾ ਆਜ਼ਾਦ ਸਟੇਡੀਅਮ ’ਤੇ ਹਮਲੇ ਨੂੰ ਅੰਜ਼ਾਮ ਦੇ ਸਕਦੇ ਹਨ।
ਖੁਫੀਆ ਏਜੰਸੀਆਂ ਮੁਤਾਬਕ, 26-27 ਜੂਨ ਦੀ ਰਾਤ ਨੂੰ ਏਅਰ ਫੋਰਸ ਸਟੇਸ਼ਨ ’ਤੇ ਡਰੋਨ ਰਾਹੀਂ IED ਸੁੱਟਣ ਵਰਗਾ ਹਮਲਾ ਕੀਤਾ ਗਿਆ ਸੀ, ਅਜਿਹਾ ਹੀ ਹਮਲਾ 15 ਅਗਸਤ ਨੂੰ ਹੋ ਸਕਦਾ ਹੈ। ਸੁਰੱਖਿਆ ਏਜੰਸੀਆਂ ਦੇ ਇਸ ਅਲਰਟ ਤੋਂ ਬਾਅਦ ਸੂਬੇ ’ਚ ਸੁਰੱਖਿਆ ਵਧਾ ਦਿੱਤੀ ਗਈ ਹੈ। ਦੱਸ ਦੇਈਏ ਕਿ ਜੰਮੂ-ਕਸ਼ਮੀਰ ’ਚ ਪਿਛਲੇ ਕੁਝ ਦਿਨਾਂ ਤੋਂ ਕਈ ਵਾਰ ਡਰੋਨ ਵੇਖੇ ਜਾ ਚੁੱਕੇ ਹਨ।