ਜੰਮੂ ਕਸ਼ਮੀਰ ਨੇ ਹੜ੍ਹ ਨਾਲ ਨੁਕਸਾਨ ਦੀ ਭਵਿੱਖਬਾਣੀ ਲਈ ਬ੍ਰਿਟੇਨ ਦੀ ਪੁਲਾੜ ਏਜੰਸੀ ਨਾਲ ਮਿਲਾਇਆ ਹੱਥ

Saturday, Feb 13, 2021 - 01:29 PM (IST)

ਜੰਮੂ ਕਸ਼ਮੀਰ ਨੇ ਹੜ੍ਹ ਨਾਲ ਨੁਕਸਾਨ ਦੀ ਭਵਿੱਖਬਾਣੀ ਲਈ ਬ੍ਰਿਟੇਨ ਦੀ ਪੁਲਾੜ ਏਜੰਸੀ ਨਾਲ ਮਿਲਾਇਆ ਹੱਥ

ਜੰਮੂ- ਜੰਮੂ-ਕਸ਼ਮੀਰ ਕੇਂਦਰ ਸ਼ਾਸਿਤ ਪ੍ਰਦੇਸ਼ ਨੇ ਹੜ੍ਹ ਕਾਰਣ ਹੋਣ ਵਾਲੇ ਨੁਕਸਾਨ ਦੀ ਭਵਿੱਖਬਾਣੀ ਕਰਨ ਲਈ ਇਕ ਸਹਿਯੋਗੀ ਪ੍ਰਾਜੈਕਟ ਲਈ ਬ੍ਰਿਟੇਨ ਦੀ ਇਕ ਪੁਲਾੜ ਏਜੰਸੀ ਨਾਲ ਹੱਥ ਮਿਲਿਆ ਹੈ। ਇਕ ਅਧਿਕਾਰਤ ਬੁਲਾਰੇ ਨੇ ਦੱਸਿਆ ਕਿ ਆਕਸਫੋਰਡ ਯੂਨੀਵਰਸਿਟੀ, ਸੇਅਰਜ਼ ਐਂਡ ਪਾਰਟਨਰਜ਼ (ਐੱਸ.ਪੀ.ਐੱਲ.) ਤੇ ਡੀ-ਆਰਬਿਟ ਦੇ ਸਹਿਯੋਗ ਨਾਲ ਐੱਚ.ਆਰ. ਵੈਲਿੰਗਫੋਰਡ ਵਲੋਂ ਸ਼ੁਰੂ ਕੀਤੇ ਗਏ ਰਾਸ਼ਟਰੀ ਪੁਲਾੜ ਇਨੋਵੇਸ਼ਨ ਪ੍ਰੋਗਰਾਮ (ਐੱਨ.ਐੱਸ.ਆਈ.ਪੀ.) ਇਕ ਅਜਿਹੀ ਪਹਿਲ ਹੈ, ਜੋ ਬ੍ਰਿਟੇਨ ਦੇ ਸੰਗਠਨਾਂ ਅਤੇ ਅੰਤਰਰਾਸ਼ਟਰੀ ਸਾਂਝੇਦਾਰਾਂ ਵਿਚਾਲੇ ਸਹਿਯੋਗੀ ਪ੍ਰਾਜੈਕਟਾਂ ਨੂੰ ਸਮਰਥਨ ਦਿੰਦੀ ਹੈ।

ਬੁਲਾਰੇ ਨੇ ਦੱਸਿਆ ਕਿ ਉੱਪ ਰਾਜਪਾਲ ਦੇ ਪ੍ਰਸ਼ਾਸਨ ਨੇ ਇਹ ਇਕ ਵੱਡਾ ਕਦਮ ਦੱਸਿਆ ਹੈ, ਜੋ ਨਦੀ 'ਚ ਆਉਣ ਵਾਲੇ ਹੜ੍ਹ ਤੋਂ ਲੋਕਾਂ ਦੇ ਪ੍ਰਭਾਵਿਤ ਹੋਣ, ਇਮਾਰਤਾਂ ਦੇ ਢਹਿਣ, ਬੁਨਿਆਦੀ ਸਹੂਲਤਾਂ 'ਚ ਰੁਕਾਵਟ ਪੈਦਾ ਹੋਣ ਅਤੇ ਆਰਥਿਕ ਨੁਕਸਾਨ ਦੇ ਸੰਦਰਭ 'ਚ ਜ਼ੋਖਮ ਸੰਬੰਧੀ ਭਵਿੱਖਬਾਣੀ ਕਰਨ 'ਚ ਮਦਦ ਕਰੇਗਾ। ਉਨ੍ਹਾਂ ਦੱਸਿਆ ਕਿ ਇਸ ਸਮੇਂ ਜੰਮੂ-ਕਸ਼ਮੀਰ 'ਚ ਹੜ੍ਹ ਨਾਲ ਹੋਣ ਵਾਲੇ ਨੁਕਸਨ ਦੀ ਭਵਿੱਖਬਾਣੀ ਲਈ ਇਸ ਤਰ੍ਹਾਂ ਦਾ ਕੋਈ ਪ੍ਰਭਾਵਸ਼ਾਲੀ ਤੰਤਰ ਨਹੀਂ ਹੈ।

ਉੱਪ ਰਾਜਪਾਲ ਮਨੋਜ ਸਿਨਹਾ ਨੇ ਕਿਹਾ ਕਿ ਅੰਤਰਰਾਸ਼ਟਰੀ ਗਠਜੋੜ ਦੀ ਮਦਦ ਨਾਲ ਪਿਛਲੇ ਹੜ੍ਹਾਂ ਸੰਬੰਧੀ ਘਟਨਾਕ੍ਰ੍ਮ ਦੇ ਵਿਸ਼ਲੇਸ਼ਣ ਅਤੇ ਆਉਣ ਵਾਲੇ ਹੜ੍ਹ ਅਤੇ ਉਸ ਕਾਰਨ ਪੈਣ ਵਾਲੇ ਪ੍ਰਭਾਵ ਵਿਚਾਲੇ ਸੰਬੰਧਾਂ ਦਾ ਪਤਾ ਲਗਾਉਣ 'ਚ ਮਦਦ ਮਿਲੇਗੀ। ਉਨ੍ਹਾਂ ਕਿਹਾ,''ਇਹ ਤੰਤਰ ਲੋਕਾਂ, ਉਨ੍ਹਾਂ ਦੇ ਮਕਾਨ, ਫਸਲਾਂ, ਪਸ਼ੂਧਨ ਅਤੇ ਆਵਾਜਾਈ ਦੇ ਰਸਤਿਆਂ 'ਤੇ ਪ੍ਰਭਾਵ ਦੀ ਭਵਿੱਖਬਾਣੀ 'ਚ ਮਦਦ ਕਰੇਗਾ ਅਤੇ ਇਸ ਤਰ੍ਹਾਂ ਹੜ੍ਹ ਦੌਰਾਨ ਲੋਕਾਂ ਦੇ ਸਾਹਮਣੇ ਆਉਣ ਵਾਲੀਆਂ ਕਈ ਚੁਣੌਤੀਆਂ ਨਾਲ ਨਜਿੱਠਣ 'ਚ ਮਦਦ ਮਿਲੇਗੀ।'' ਸਿਨਹਾ ਨੇ ਕਿਹਾ ਕਿ ਹੜ੍ਹ ਦੇ ਜ਼ੋਖਮ ਸੰਬੰਧੀ ਭਵਿੱਖਬਾਣੀ ਪ੍ਰਭਾਵੀ ਯੋਜਨਾ ਬਣਾਉਣ 'ਚ ਮਦਦਗਾਰ ਹੋਵੇਗਾ। ਬੁਲਾਰੇ ਨੇ ਦੱਸਿਆ ਕਿ ਕੇਂਦਰ ਸ਼ਾਸਿਤ ਪ੍ਰਦੇਸ਼ ਨੂੰ ਇਸ ਪ੍ਰਾਜੈਕਟ ਦਾ ਕੋਈ ਖਰਚ ਵਹਿਨ ਨਹੀਂ ਕਰਨਾ ਪਵੇਗਾ।


author

DIsha

Content Editor

Related News