J&K : ਭਾਰਤੀ ਫ਼ੌਜ ਨੇ LOC ਨੇੜੇ ਸਥਾਪਤ ਕੀਤਾ ਅਖਰੋਟ ਪ੍ਰੋਸੈਸਿੰਗ ਪਲਾਂਟ, ਕਿਸਾਨਾਂ ਨੂੰ ਹੋਵੇਗਾ ਫ਼ਾਇਦਾ

03/20/2022 9:43:37 AM

ਕੁਪਵਾੜਾ (ਭਾਸ਼ਾ)- ਜੰਮੂ ਕਸ਼ਮੀਰ ਦੇ ਕੁਪਵਾੜਾ ਜ਼ਿਲ੍ਹੇ 'ਚ ਕਰਨਾਹ ਡਿਵੀਜ਼ਨ 'ਚ ਭਾਰਤੀ ਫ਼ੌਜ ਵਲੋਂ ਅਖਰੋਟ ਪ੍ਰੋਸੈਸਿੰਗ ਪਲਾਂਟ ਦੀ ਸਥਾਪਨਾ ਕੀਤੀ ਗਈ ਹੈ, ਜੋ ਦੁਨੀਆ ਭਰ 'ਚ ਅਖਰੋਟ ਲਈ ਪ੍ਰਸਿੱਧ ਹੈ। ਅਧਿਕਾਰਤ ਨੋਟ 'ਚ ਕਿਹਾ ਗਿਆ ਹੈ,''ਭਾਰਤੀ ਫ਼ੌਜ ਵਲੋਂ ਵਿੱਤ ਪੌਸ਼ਿਤ ਅਤੇ ਨਿਰਮਿਤ ਅਖਰੋਟ ਪ੍ਰੋਸੈਸਿੰਗ ਪਲਾਂਟ ਦਾ ਉਦਘਾਟਨ ਕੰਟਰੋਲ ਰੇਖਾ (ਐੱਲ.ਓ.ਸੀ.) ਦੇ ਕਰੀਬ ਪਰਦਾ ਪਿੰਡ 'ਚ ਕੀਤਾ ਗਿਆ ਸੀ। ਸ਼ਕਤੀ ਵਿਜੇ ਬ੍ਰਿਗੇਡ ਨੇ ਇਸ ਨੂੰ ਅਸਲੀਅਤ ਬਣਾਉਣ 'ਚ ਮਹੱਤਵਪੂਰਨ ਭੂਮਿਕਾ ਨਿਭਾਈ ਸੀ।'' ਇਹ ਪਲਾਂਟ ਖੇਤਰ ਦੇ ਕਿਸਾਨਾਂ ਨੂੰ ਪ੍ਰੋਸੈਸਿੰਗ ਪਲਾਂਟ 'ਚ ਸਥਾਪਤ ਮਸ਼ੀਨਾਂ ਦੇ ਮਾਧਿਅਮ ਨਾਲ ਅਖਰੋਟ ਦੀ ਪੈਕਿੰਗ ਅਤੇ ਬ੍ਰਾਂਡਿੰਗ ਕਰ ਕੇ ਆਪਣੀ ਉਪਜ ਦਾ ਬਿਹਤਰ ਮੁੱਲ ਪ੍ਰਾਪਤ ਕਰਨ 'ਚ ਸਮਰੱਥ ਬਣਾਏਗਾ। 

ਇਹ ਵੀ ਪੜ੍ਹੋ : ਵੰਡ ਦੌਰਾਨ ਪਾਕਿਸਤਾਨ ਨੂੰ ਕਰਤਾਰਪੁਰ ਸਾਹਿਬ ਦੇਣਾ ਇਕ ਗਲਤੀ ਸੀ : ਅਮਿਤ ਸ਼ਾਹ

ਬ੍ਰਿਗੇਡੀਅਰ ਐੱਸ.ਪੀ. ਕੌਂਸਲ ਨੇ ਕਿਹਾ,''ਇਸ ਪਲਾਂਟ ਨਾਲ ਖੇਤਰ 'ਚ ਆਰਥਿਕ ਲਾਭ ਅਤੇ ਰੁਜ਼ਗਾਰ ਦੇ ਰਸਤੇ ਖੁੱਲ੍ਹਣਗੇ।'' ਪਰਦਾ, ਅਮਰੂਈ, ਪੰਤਜਾਰਾ, ਪਿੰਗਲਾ, ਪਿੰਗਲਾ ਹਰਿਦਲ ਅਤੇ ਬਹਾਦਰਕੋਟ ਆਦਿ ਪਿੰਡਾਂ ਨੂੰ ਲਘੁ ਉੱਦਮ ਨਾਲ ਲਾਭ ਹੋਵੇਗਾ। ਭਾਰਤੀ ਫ਼ੌਜ ਨੇ ਕਿਹਾ,''ਭਾਰਤੀ ਫ਼ੌਜ ਵਲੋਂ ਕਰਨਾਹ 'ਚ ਅਜਿਹੇ 2 ਤੋਂ 3 ਹੋਰ ਪਲਾਂਟ ਸਥਾਪਤ ਕਰਨ ਦੀ ਵੀ ਕੋਸ਼ਿਸ਼ ਕੀਤੀ ਜਾ ਰਹੀ ਹੈ ਤਾਂ ਕਿ ਪੂਰੀ ਤਹਿਸੀਲ ਨੂੰ ਫ਼ਾਇਦਾ ਹੋ ਸਕੇ।'' ਪਲਾਂਟ ਦਾ ਉਦਘਾਟਨ ਬ੍ਰਿਗੇਡੀਅਰ ਐੱਸ.ਪੀ. ਕੌਂਸਲ, ਬ੍ਰਿਗੇਡ ਕਮਾਂਡਰ, ਬੀ.ਡੀ.ਸੀ. ਚੇਅਰਮੈਨ ਤਿਥਵਾਲ ਸ਼੍ਰੀ ਨਿਸ਼ਾਦਾ ਬਾਨੋ, ਪਿੰਡਾਂ ਦੇ ਸਰਪੰਚਾਂ ਅਤੇ ਪਿੰਡ ਵਾਸੀਆਂ ਨੇ ਕੀਤਾ।

ਨੋਟ : ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ 'ਚ ਦਿਓ ਜਵਾਬ


DIsha

Content Editor

Related News