J&K: ਕਾਰੀਗਰ ਨੇ ਭਾਰਤ ਦੇ ਨਕਸ਼ੇ ਦੇ ਡਿਜ਼ਾਈਨ ਨਾਲ ਬੁਣਿਆ ਸ਼ਾਲ, ਸੈਲਾਨੀਆਂ ਲਈ ਬਣੇਗਾ ਖਿੱਚ ਦਾ ਕੇਂਦਰ
Saturday, Nov 05, 2022 - 01:06 PM (IST)
ਸ਼੍ਰੀਨਗਰ- ਜੰਮੂ-ਕਸ਼ਮੀਰ ’ਚ ਸਦੀਆਂ ਪੁਰਾਣੀ ਅਮੀਰ ਕਲਾ ਅਤੇ ਸ਼ਿਲਪਕਾਰੀ ਨੂੰ ਉਤਸ਼ਾਹਿਤ ਕਰਨ ਲਈ ਸ਼੍ਰੀਨਗਰ ’ਚ ਇਕ ਸੰਸਥਾ ਨੇ ਆਪਣੀ ਕਿਸਮ ਦੀ ਇਕ ‘ਕਾਨੀ ਸ਼ਾਲ’ ਤਿਆਰ ਕੀਤੀ ਹੈ, ਜਿਸ ’ਚ ਰਾਸ਼ਟਰੀ ਝੰਡੇ ਦੇ ਰੰਗਾਂ ਨਾਲ ਭਰਿਆ ਭਾਰਤ ਦਾ ਨਕਸ਼ਾ ਹੈ। ਇਸ ਵਿਲੱਖਣ ਸ਼ਾਲ ਦਾ ਆਕਾਰ 2 ਫੁੱਟ ਚੌੜਾ ਅਤੇ 3 ਫੁੱਟ ਲੰਮਾ ਹੈ ਅਤੇ ਇਸ ਨੂੰ ਵਿਸ਼ੇਸ਼ ਰੂਪ ਨਾਲ ਵਿਲੱਖਣ ਕਲਾਕ੍ਰਿਤੀ ਨੂੰ ਉਜਾਗਰ ਕਰਨ ਲਈ ਇਕ ਕੰਧ ਦੇ ਰੂਪ ’ਚ ਇਸਤੇਮਾਲ ਕੀਤਾ ਜਾਵੇਗਾ, ਜੋ ਸੈਰ-ਸਪਾਟੇ ਲਈ ਖਿੱਚ ਦਾ ਕੇਂਦਰ ਹੋਵੇਗਾ।
ਕਸ਼ਮੀਰੀ ਕਲਾ ਅਤੇ ਸ਼ਿਲਪ ਘਾਟੀ ਦੇ ਕਾਰੀਗਰਾਂ ਵਲੋਂ ਕੀਤੀ ਗਈ ਆਪਣੀ ਵਿਲੱਖਣ ਗੁਣਵੱਤਾ, ਡਿਜ਼ਾਈਨ ਅਤੇ ਸ਼ਿਲਪਕਲਾ ਕਾਰਨ ਦੁਨੀਆ ਭਰ ਵਿਚ ਪ੍ਰਸਿੱਧ ਹੈ। ਰਿਵਾਇਤੀ ਕਾਨੀ ਸ਼ਾਲ ਜੋ ਪਸ਼ਮੀਨਾ ਨਾਲ ਬਣਿਆ ਹੁੰਦਾ ਹੈ, ਘਾਟੀ ’ਚ ਡਿਜ਼ਾਈਨ ਸਕੂਲ ਦੇ ਸਭ ਤੋਂ ਅਨੁਭਵੀ ਕਾਰੀਗਰਾਂ ਵਲੋਂ ਤਿਆਰ ਕੀਤਾ ਜਾਂਦਾ ਹੈ।
ਬਹੁਤ ਸਾਰੇ ਕਾਰੀਗਰ ਇਸ ਵਪਾਰ ਨਾਲ ਸਬੰਧਤ ਹਨ, ਜੋ ਆਪਣੀ ਰੋਜ਼ੀ-ਰੋਟੀ ਕਮਾਉਂਦੇ ਹਨ, ਜਿਸ ਕਾਰਨ ਸ਼ਾਲ ਦੇ ਮੁਕੰਮਲ ਹੋਣ ਤੋਂ ਬਾਅਦ ਸਕੂਲ ਆਫ਼ ਡਿਜ਼ਾਈਨ ਇਸ ਕਿਸਮ ਦੇ ਵਿਲੱਖਣ ਡਿਜ਼ਾਈਨ ਦੇ ਹੋਰ ਉਤਪਾਦ ਤਿਆਰ ਕਰਨਾ ਸ਼ੁਰੂ ਕਰ ਦੇਵੇਗਾ। ਇਕ ਨਿਊਜ਼ ਏਜੰਸੀ ਨਾਲ ਗੱਲਬਾਤ ਕਰਦਿਆਂ ਆਰਟੀਸਨ ਸਕੂਲ ਆਫ਼ ਡਿਜ਼ਾਈਨਜ਼ ਦੇ ਮੁਸ਼ਤਾਕ ਅਹਿਮਦ ਨੇ ਕਿਹਾ ਕਿ ਉਨ੍ਹਾਂ ਨੇ ਸੁੰਦਰਤਾ ਵਧਾਉਣ ਲਈ ਕਸ਼ਮੀਰੀ ਫੁੱਲਾਂ ਦੀ ਵਰਤੋਂ ਕੀਤੀ ਹੈ, ਜੋ ਸੈਲਾਨੀਆਂ ਨੂੰ ਆਕਰਸ਼ਿਤ ਕਰਨਗੇ।