J&K ਬੈਂਕ ਦੇ ਚੇਅਰਮੈਨ ਦੀਆਂ ਜਾਇਦਾਦਾਂ ’ਤੇ ACB ਵਲੋਂ ਛਾਪੇ, ਕਈ ਦਸਤਾਵੇਜ਼ ਜ਼ਬਤ

Thursday, Jun 20, 2019 - 08:46 AM (IST)

J&K ਬੈਂਕ ਦੇ ਚੇਅਰਮੈਨ ਦੀਆਂ ਜਾਇਦਾਦਾਂ ’ਤੇ ACB ਵਲੋਂ ਛਾਪੇ, ਕਈ ਦਸਤਾਵੇਜ਼ ਜ਼ਬਤ

ਸ਼੍ਰੀਨਗਰ – ਭ੍ਰਿਸ਼ਟਾਚਾਰ ਰੋਕੂ ਬਿਊਰੋ (ਏ. ਸੀ. ਬੀ.) ਦੀ ਇਕ ਟੀਮ ਨੇ ਬੁੱਧਵਾਰ ਜੰਮੂ ਐਂਡ ਕਸ਼ਮੀਰ ਬੈਂਕ ਦੇ ਬਰਤਰਫ ਚੇਅਰਮੈਨ ਪ੍ਰਵੇਜ਼ ਅਹਿਮਦ ਦੀਆਂ ਜਾਇਦਾਦਾਂ ’ਤੇ ਛਾਪੇ ਮਾਰੇ। ਛਾਪੇ ਉਨ੍ਹਾਂ ਦੇ ਨਿੱਜੀ ਨਿਵਾਸ ਸਮੇਤ 3 ਵੱਖ-ਵੱਖ ਥਾਵਾਂ ’ਤੇ ਮਾਰੇ ਗਏ। ਏ. ਸੀ. ਬੀ. ਦੀ ਟੀਮ ਨਾਲ ਤਲਾਸ਼ੀਆਂ ਦੀ ਮੁਹਿੰਮ ਦੌਰਾਨ ਮੈਜਿਸਟਰੇਟ ਅਤੇ ਪੁਲਸ ਮੁਲਾਜ਼ਮ ਵੀ ਮੌਜੂਦ ਸਨ। ਪ੍ਰਵੇਜ਼ ਦੇ ਵੱਡੇ ਭਰਾ ਦੇ ਮਕਾਨ ’ਤੇ ਵੀ ਛਾਪਾ ਮਾਰਿਆ ਗਿਆ। ਏ. ਸੀ. ਬੀ. ਦੀ ਟੀਮ ਨੇ ਕੁਝ ਦਸਤਾਵੇਜ਼ਾਂ ਨੂੰ ਆਪਣੇ ਕਬਜ਼ੇ ਵਿਚ ਲੈਣ ਦੇ ਨਾਲ ਹੀ ਕਈ ਵਿਅਕਤੀਆਂ ਕੋਲੋਂ ਪੁੱਛਗਿੱਛ ਵੀ ਕੀਤੀ।

ਦੱਸਣਯੋਗ ਹੈ ਕਿ 8 ਜੂਨ ਨੂੰ ਸੂਬਾਈ ਪ੍ਰਸ਼ਾਸਨ ਨੇ ਉਕਤ ਬੈਂਕ ਵਿਚ ਘਪਲਿਆਂ, ਗੈਰ-ਕਾਨੂੰਨੀ ਨਿਯੁਕਤੀਆਂ ਅਤੇ ਵਿੱਤੀ ਨਿਯਮਾਂ ਦੀ ਉਲੰਘਣਾ ਦੇ ਦੋਸ਼ ਹੇਠ ਪ੍ਰਵੇਜ਼ ਅਹਿਮਦ ਨੂੰ ਉਨ੍ਹਾਂ ਦੇ ਅਹੁਦੇ ਤੋਂ ਹਟਾ ਦਿੱਤਾ ਸੀ। ਨਾਲ ਹੀ ਮਾਮਲਾ ਦਰਜ ਕਰ ਕੇ ਜਾਂਚ ਵੀ ਸ਼ੁਰੂ ਕੀਤੀ ਸੀ। ਏ. ਸੀ. ਬੀ. ਨੇ 8 ਜੂਨ ਨੂੰ ਬੈਂਕ ਦੇ ਹੈੱਡਕੁਆਰਟਰ ਅਤੇ ਹੋਰਨਾਂ ਦਫਤਰਾਂ ਨੂੰ ਸੀਲ ਕਰ ਦਿੱਤਾ ਸੀ।

ਕਿਸੇ ਵੀ ਜਾਂਚ ਲਈ ਹਾਂ ਤਿਆਰ : ਪ੍ਰਵੇਜ਼ ਅਹਿਮਦ

ਪ੍ਰਵੇਜ਼ ਅਹਿਮਦ ਨੇ ਬੁੱਧਵਾਰ ਕਿਹਾ ਕਿ ਉਨ੍ਹਾਂ ਆਪਣਾ ਕੰਮ ਪੂਰੀ ਲਗਨ ਅਤੇ ਈਮਾਨਦਾਰੀ ਨਾਲ ਕੀਤਾ ਸੀ। ਫਿਰ ਵੀ ਉਹ ਹਰ ਤਰ੍ਹਾਂ ਦੀ ਜਾਂਚ ਲਈ ਤਿਆਰ ਹਨ ਅਤੇ ਸਭ ਨੂੰ ਪੂਰਾ ਸਹਿਯੋਗ ਦੇਣਗੇ।


Related News