''ਬੇਵਕੂਫ਼ੀ ਭਰਿਆ ਕਦਮ'' ; ISRO ਲਾਂਚ ਕੇਂਦਰਾਂ ਦੇ ਨਿੱਜੀਕਰਨ ਨੂੰ ਲੈ ਕੇ ਸਾਬਕਾ ਚੇਅਰਮੈਨ ਨੇ ਦਿੱਤੀ ਚਿਤਾਵਨੀ
Monday, Aug 24, 2026 - 10:43 AM (IST)
ਨੈਸ਼ਨਲ ਡੈਸਕ- ਭਾਰਤੀ ਪੁਲਾੜ ਖੋਜ ਸੰਗਠਨ (ਇਸਰੋ) ਦੇ ਸਾਬਕਾ ਚੇਅਰਮੈਨ ਡਾ. ਜੀ. ਮਾਧਵਨ ਨਾਇਰ ਨੇ ਭਾਰਤ ਦੇ ਪੁਲਾੜ ਖੇਤਰ ਦੇ ਬਹੁਤ ਜ਼ਿਆਦਾ ਨਿੱਜੀਕਰਨ ਖ਼ਿਲਾਫ਼ ਚਿਤਾਵਨੀ ਦਿੱਤੀ ਹੈ। ਉਨ੍ਹਾਂ ਕਿਹਾ ਕਿ ਨਿੱਜੀ ਕੰਪਨੀਆਂ ਇਸਰੋ ਦੀ ਜਗ੍ਹਾ ਨਹੀਂ ਲੈ ਸਕਦੀਆਂ। ਉਨ੍ਹਾਂ ਨੇ ਲਾਂਚ ਕੇਂਦਰਾਂ ਦਾ ਪ੍ਰਬੰਧਨ ਤੇ ਸੰਚਾਲਨ ਕਾਰਜ ਨਿੱਜੀ ਕੰਪਨੀਆਂ ਨੂੰ ਸੌਂਪਣ ਦੇ ਕਿਸੇ ਵੀ ਕਦਮ ਨੂੰ ‘ਬੇਵਕੂਫ਼ੀ ਭਰਿਆ’ ਫੈਸਲਾ ਦੱਸਿਆ।
ਇਕ ਨਿਊਜ਼ ਚੈਨਲ ਨੂੰ ਦਿੱਤੇ ਇੰਟਰਵਿਊ ’ਚ ਉਨ੍ਹਾਂ ਨੇ ਲਾਂਚ ਕੇਂਦਰਾਂ ਦਾ ਪ੍ਰਬੰਧਨ ਤੇ ਸੰਚਾਲਨ ਪ੍ਰਾਈਵੇਟ ਕੰਪਨੀਆਂ ਨੂੰ ਸੌਂਪਣ ਦੇ ਪ੍ਰਸਤਾਵਾਂ ਦਾ ਸਖਤ ਵਿਰੋਧ ਕੀਤਾ ਅਤੇ ਦੇਸ਼ ਦੇ ਪੁਲਾੜ ਪ੍ਰੋਗਰਾਮ ’ਚ ਨਿੱਜੀ ਖੇਤਰ ਦੀ ਭਾਈਵਾਲੀ ਵਧਾਉਣ ਦੇ
ਤਰੀਕੇ ’ਤੇ ਸਵਾਲ ਚੁੱਕਿਆ। ਉਨ੍ਹਾਂ ਚਿਤਾਵਨੀ ਦਿੱਤੀ ਕਿ ਕਿਸੇ ਲਾਂਚ ਕੇਂਦਰ ਨੂੰ ਪ੍ਰਾਈਵੇਟ ਕੰਪਨੀ ਨੂੰ ਸੌਂਪਣਾ ‘ਸਮੁੰਦਰ ਦੀ ਡੂੰਘਾਈ ਜਾਣੇ ਬਿਨਾਂ ਉਸ ’ਚ ਛਾਲ ਮਾਰਨ’ ਵਰਗਾ ਹੋਵੇਗਾ।
ਉਨ੍ਹਾਂ ਕਿਹਾ ਕਿ ਲਾਂਚ ਕੇਂਦਰ ਦਾ ਪ੍ਰਬੰਧਨ ਅਤੇ ਸੰਚਾਲਨ ਸਰਕਾਰੀ ਪੁਲਾੜ ਏਜੰਸੀ ਕੋਲ ਹੀ ਰਹਿਣਾ ਚਾਹੀਦਾ ਹੈ। ਇਸਰੋ ਨੂੰ ਦੇਸ਼ ਦੀ ਕੀਮਤੀ ਸੰਸਥਾ ਦੱਸਦਿਆਂ ਸਾਬਕਾ ਚੇਅਰਮੈਨ ਨੇ ਕਿਹਾ ਕਿ ਇਸਰੋ ਪਹਿਲਾਂ ਹੀ ਬੇਵਜ੍ਹਾ ਦੀ ਨੌਕਰਸ਼ਾਹੀ ਦੇ ਬੋਝ ਹੇਠ ਦੱਬਿਆ ਹੋਇਆ ਹੈ। ਉਨ੍ਹਾਂ ਨੇ ਇਹ ਵੀ ਦੋਸ਼ ਲਾਇਆ ਕਿ ਹਾਲ ਹੀ ’ਚ ਲਾਂਚਿੰਗ ’ਚ ਹੋਈਆਂ ਦੋ ਨਾਕਾਮੀਆਂ ਨੂੰ ਵਧਾ-ਚੜ੍ਹਾ ਕੇ ਦੱਸ ਕੇ ਪੁਲਾੜ ਏਜੰਸੀ ਨੂੰ ਕਮਜ਼ੋਰ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।
