'ਈਸ਼ਾ ਗੈਂਗ' ਵਲੋਂ ਅਗਵਾ ਨੌਜਵਾਨ ਨੂੰ ਨੰਗਾ ਕਰ ਕੇ ਕੁੱਟਿਆ

01/20/2019 1:35:42 PM

ਹਰਿਆਣਾ (ਸਤੀਸ਼ ਰਾਘਵ)— ਲੋਕਾਂ 'ਚ ਇਨਸਾਨੀਅਤ ਕਿਸ ਕਦਰ ਮਰਦੀ ਜਾ ਰਹੀ ਹੈ, ਇਸ ਗੱਲ ਦਾ ਅੰਦਾਜ਼ਾ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀ ਵੀਡੀਓ ਤੋਂ ਲਾਇਆ ਜਾ ਸਕਦਾ ਹੈ। 9 ਦਸੰਬਰ ਨੂੰ ਦਿਨ ਦਿਹਾੜੇ 'ਈਸ਼ਾ ਗੈਂਗ' ਦੇ ਗੁਰਗਿਆਂ ਨੇ ਸੋਹਨਾ ਦੇ ਕਸਬਾ ਇੰਡਰੀ ਮੋੜ ਤੋਂ ਇਸ ਨੌਜਵਾਨ ਨੂੰ ਅਗਵਾ ਕਰ ਲਿਆ ਸੀ। ਅਗਵਾ ਕਰਨ ਮਗਰੋਂ ਨੌਜਵਾਨ ਨੂੰ ਨੰਗਾ ਕਰ ਕੇ ਕੁੱਟਿਆ ਗਿਆ। ਬਦਮਾਸ਼ ਉਸ ਨੂੰ ਕੁੱਟਦੇ ਰਹੇ ਅਤੇ ਉਹ ਰਹਿਮ ਦੀ ਭੀਖ ਮੰਗਦਾ ਰਿਹਾ। ਇਸ ਮਾਮਲੇ ਵਿਚ ਸੋਹਨਾ ਸਿਟੀ ਪੁਲਸ ਵਲੋਂ ਇਕ ਵਿਅਕਤੀ ਦੀ ਸ਼ਿਕਾਇਤ 'ਤੇ 8 ਨਾਮਜ਼ਦ ਅਤੇ ਕਰੀਬ 2 ਦਰਜਨ ਹੋਰ ਲੋਕਾਂ ਵਿਰੁੱਧ ਗੰਭੀਰ ਧਾਰਾਵਾਂ ਹੇਠ ਮਾਮਲਾ ਦਰਜ ਕੀਤਾ ਸੀ। 

ਜ਼ਿਕਰਯੋਗ ਹੈ ਕਿ 9 ਦਸੰਬਰ ਨੂੰ ਕਸਬਾ ਇੰਡਰੀ ਮੋੜ 'ਤੇ ਬਾਜ਼ਾਰ ਵਿਚ ਦੋ ਗੈਂਗਸਟਰਾਂ ਦੇ ਗੁਰਗਿਆਂ ਵਿਚਾਲੇ ਕੁੱਟਮਾਰ ਹੋਈ ਸੀ। ਇਸ ਦੌਰਾਨ ਈਸ਼ਾ ਗੈਂਗ ਦੇ ਗੁਰਗੇ ਇਕ ਨੌਜਵਾਨ ਨੂੰ ਅਗਵਾ ਕਰ ਕੇ ਲੈ ਗਏ ਸਨ। ਉਨ੍ਹਾਂ ਨੌਜਵਾਨ ਨਾਲ ਕੁੱਟਮਾਰ ਕੀਤੀ। ਨੌਜਵਾਨ ਦੀ ਇੰਝ ਕੁੱਟਮਾਰ ਨਾ ਹੁੰਦੀ ਅਤੇ ਨਾ ਹੀ ਇਨਸਾਨੀਅਤ ਨੂੰ ਸ਼ਰਮਸਾਰ ਕਰਦੀ ਇਹ ਵੀਡੀਓ ਵਾਇਰਲ ਹੁੰਦੀ। ਜੇਕਰ ਉਸ ਸਮੇਂ ਦੇ ਥਾਣਾ ਮੁਖੀ ਭਾਰਤ ਇੰਦਰ ਕੁਮਾਰ ਦਾ ਤਬਾਦਲਾ ਨਾ ਹੁੰਦਾ। ਥਾਣਾ ਮੁਖੀ ਭਾਰਤ ਇੰਦਰ ਦੀ ਅਗਵਾਈ ਵਿਚ ਪੁਲਸ ਈਸ਼ਾ ਗੈਂਗ ਤਕ ਪਹੁੰਚਣ ਵਾਲੀ ਸੀ ਪਰ ਐਨ ਮੌਕੇ ਥਾਣਾ ਮੁਖੀ ਦਾ ਤਬਾਦਲਾ ਹੋ ਗਿਆ। ਓਧਰ ਮਾਮਲੇ ਦੀ ਗੰਭੀਰਤਾ ਨੂੰ ਦੇਖਦੇ ਹੋਏ ਪੁਲਸ ਆਪਣੇ ਵਲੋਂ ਜਾਂਚ-ਪੜਤਾਲ ਕਰ ਰਹੀ ਹੈ। ਪੁਲਸ ਨੂੰ ਅਗਵਾ ਕੀਤੇ ਗਏ ਨੌਜਵਾਨ ਨੇ ਲਿਖਤੀ ਸ਼ਿਕਾਇਤ ਦਿੱਤੀ ਹੈ ਅਤੇ ਕਾਨੂੰਨੀ ਕਾਰਵਾਈ ਕਰਨ ਦੀ ਮੰਗ ਕੀਤੀ ਹੈ। ਪੁਲਸ ਦਾ ਕਹਿਣਾ ਹੈ ਕਿ ਦੋਸ਼ੀਆਂ ਦੀ ਗ੍ਰਿਫਤਾਰੀ ਤੋਂ ਬਾਅਦ ਹੀ ਨੌਜਵਾਨ ਨੂੰ ਅਗਵਾ ਕੀਤੇ ਜਾਣ ਦਾ ਖੁਲਾਸਾ ਹੋ ਸਕੇਗਾ। ਫਿਲਹਾਲ ਇਹ ਦੇਖਣ ਹੋਵੇਗਾ ਕਿ ਪੁਲਸ ਈਸ਼ਾ ਗੈਂਗ ਨੂੰ ਫੜਦੀ ਹੈ ਜਾਂ ਫਿਰ ਦੋਸ਼ੀ ਬਚ ਨਿਕਲਦੇ ਹਨ।


Tanu

Content Editor

Related News