ਜਾਅਲੀ ਨੋਟਾਂ ਦੇ ਅੰਤਰ-ਰਾਜੀ ਗਿਰੋਹ ਦਾ ਪਰਦਾਫਾਸ਼, ਕਾਂਗਰਸ ਬੁਲਾਰੇ ਦੇ ਪੁੱਤਰ ਸਮੇਤ 4 ਗ੍ਰਿਫ਼ਤਾਰ

Tuesday, Aug 25, 2026 - 01:40 AM (IST)

ਜਾਅਲੀ ਨੋਟਾਂ ਦੇ ਅੰਤਰ-ਰਾਜੀ ਗਿਰੋਹ ਦਾ ਪਰਦਾਫਾਸ਼, ਕਾਂਗਰਸ ਬੁਲਾਰੇ ਦੇ ਪੁੱਤਰ ਸਮੇਤ 4 ਗ੍ਰਿਫ਼ਤਾਰ

ਜੈਪੁਰ : ਜੈਪੁਰ ਪੁਲਸ ਦੀ ਬਜਾਜ ਨਗਰ ਥਾਣਾ ਪੁਲਸ ਅਤੇ ਸੀ.ਐੱਸ.ਟੀ. (CST) ਟੀਮ ਨੇ ਸਾਂਝੀ ਕਾਰਵਾਈ ਕਰਦਿਆਂ ਜਾਅਲੀ ਨੋਟਾਂ ਦੇ ਇੱਕ ਵੱਡੇ ਅੰਤਰ-ਰਾਜੀ ਗਿਰੋਹ ਦਾ ਪਰਦਾਫਾਸ਼ ਕੀਤਾ ਹੈ। ਪੁਲਸ ਨੇ ਇਸ ਮਾਮਲੇ ਵਿੱਚ ਚਾਰ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰਕੇ ਉਨ੍ਹਾਂ ਕੋਲੋਂ 4 ਲੱਖ 30 ਹਜ਼ਾਰ 500 ਰੁਪਏ ਦੇ ਜਾਅਲੀ ਨੋਟ ਬਰਾਮਦ ਕੀਤੇ ਹਨ। ਇਸ ਮਾਮਲੇ ਵਿੱਚ ਸਭ ਤੋਂ ਹੈਰਾਨੀਜਨਕ ਖ਼ੁਲਾਸਾ ਇਹ ਹੋਇਆ ਹੈ ਕਿ ਗ੍ਰਿਫ਼ਤਾਰ ਕੀਤੇ ਗਏ ਮੁਲਜ਼ਮਾਂ ਵਿੱਚ ਰਾਜਸਥਾਨ ਕਾਂਗਰਸ ਦੇ ਸੂਬਾ ਬੁਲਾਰੇ ਅਤੇ ਰਾਜਸਥਾਨ ਪ੍ਰਦੇਸ਼ ਕਾਂਗਰਸ ਕਮੇਟੀ (RPCC) ਦੇ ਜਨਰਲ ਸਕੱਤਰ ਆਰ.ਸੀ. ਚੌਧਰੀ ਦਾ ਪੁੱਤਰ ਸਾਹਿਲ ਚੌਧਰੀ ਵੀ ਸ਼ਾਮਲ ਹੈ।

ਪੁਲਸ ਦੀ ਮੁੱਢਲੀ ਜਾਂਚ ਵਿੱਚ ਸਾਹਮਣੇ ਆਇਆ ਹੈ ਕਿ ਜਾਅਲੀ ਨੋਟਾਂ ਦੀ ਇਹ ਖੇਪ ਬੰਗਲਾਦੇਸ਼ ਤੋਂ ਗਿਰੋਹ ਦੇ ਮੁੱਖ ਸਰਗਨਾ ਅਮਨ ਰਾਣਾ ਰਾਹੀਂ ਜੈਪੁਰ ਪਹੁੰਚਾਈ ਗਈ ਸੀ। ਅਮਨ ਰਾਣਾ ਮੂਲ ਰੂਪ ਵਿੱਚ ਰੋਹਤਕ (ਹਰਿਆਣਾ) ਦਾ ਰਹਿਣ ਵਾਲਾ ਹੈ ਅਤੇ ਇਸ ਵੇਲੇ ਬੰਗਲਾਦੇਸ਼ ਵਿੱਚ ਬੈਠ ਕੇ ਹੀ ਇਸ ਗਿਰੋਹ ਦਾ ਸੰਚਾਲਨ ਕਰ ਰਿਹਾ ਹੈ। 

ਪੁਲਸ ਪੁੱਛਗਿੱਛ ਦੌਰਾਨ ਮੁਲਜ਼ਮਾਂ ਨੇ ਕਬੂਲ ਕੀਤਾ ਹੈ ਕਿ ਜਾਅਲੀ ਨੋਟਾਂ ਦੀ ਇਸ ਖੇਪ ਨੂੰ ਆਉਣ ਵਾਲੀਆਂ ਨਗਰ ਨਿਗਮ ਚੋਣਾਂ ਦੌਰਾਨ ਬਾਜ਼ਾਰ ਵਿੱਚ ਚਲਾਉਣ (ਖਪਾਉਣ) ਦੀ ਪੂਰੀ ਯੋਜਨਾ ਤਿਆਰ ਕੀਤੀ ਗਈ ਸੀ। ਪੁਲਸ ਹੁਣ ਇਸ ਗੱਲ ਦੀ ਜਾਂਚ ਕਰ ਰਹੀ ਹੈ ਕਿ ਇਸ ਯੋਜਨਾ ਵਿੱਚ ਹੋਰ ਕੌਣ-ਕੌਣ ਲੋਕ ਸ਼ਾਮਲ ਸਨ ਅਤੇ ਜੈਪੁਰ ਵਿੱਚ ਪਹਿਲਾਂ ਕਿੰਨੀ ਜਾਅਲੀ ਕਰੰਸੀ ਪਹੁੰਚਾਈ ਜਾ ਚੁੱਕੀ ਹੈ।

ਪੁਲਸ ਨੇ ਕਾਰਵਾਈ ਦੌਰਾਨ ਗ੍ਰਿਫ਼ਤਾਰ ਕੀਤੇ ਗਏ ਚਾਰਾਂ ਮੁਲਜ਼ਮਾਂ—ਅੰਸ਼ੁਲ, ਸਾਹਿਲ ਚੌਧਰੀ, ਪ੍ਰਿਆਂਸ਼ੂ ਅਤੇ ਅਕਾਸ਼ ਕੋਲੋਂ ਜਾਅਲੀ ਨੋਟਾਂ ਤੋਂ ਇਲਾਵਾ ਤਸਕਰੀ ਵਿੱਚ ਵਰਤੀਆਂ ਜਾ ਰਹੀਆਂ ਦੋ ਲਗਜ਼ਰੀ ਗੱਡੀਆਂ (ਸਕੌਰਪੀਓ ਅਤੇ ਫਾਰਚੂਨਰ) ਵੀ ਜ਼ਬਤ ਕੀਤੀਆਂ ਹਨ। ਪੁਲਸ ਨੇ ਸਾਰੇ ਮੁਲਜ਼ਮਾਂ ਖ਼ਿਲਾਫ਼ ਭਾਰਤੀ ਨਿਆਏ ਸੰਹਿਤਾ (BNS) ਦੀਆਂ ਧਾਰਾਵਾਂ 178, 179 ਅਤੇ 180 ਤਹਿਤ ਮਾਮਲਾ ਦਰਜ ਕਰ ਲਿਆ ਹੈ ਅਤੇ ਅੱਗੇ ਦੀ ਪੁੱਛਗਿੱਛ ਜਾਰੀ ਹੈ।


author

Inder Prajapati

Content Editor

Related News