ਆਫ ਦਾ ਰਿਕਾਰਡ : ‘ਕਾਕਰੋਚ’ ਦੀ ਘਰ ਵਾਪਸੀ ਦੀ ਖ਼ਬਰ ਵਿਚਾਲੇ ਖੁਫ਼ੀਆ ਏਜੰਸੀਆਂ ਚੌਕਸ

Wednesday, Jun 03, 2026 - 11:20 PM (IST)

ਆਫ ਦਾ ਰਿਕਾਰਡ : ‘ਕਾਕਰੋਚ’ ਦੀ ਘਰ ਵਾਪਸੀ ਦੀ ਖ਼ਬਰ ਵਿਚਾਲੇ ਖੁਫ਼ੀਆ ਏਜੰਸੀਆਂ ਚੌਕਸ

ਨੈਸ਼ਨਲ ਡੈਸਕ- ਸੁਰੱਖਿਆ ਅਤੇ ਖੁਫ਼ੀਆ ਏਜੰਸੀਆਂ 6 ਜੂਨ ਨੂੰ ਕਾਕਰੋਚ ਜਨਤਾ ਪਾਰਟੀ (ਸੀ. ਜੇ. ਪੀ.) ਦੇ ਸੰਸਥਾਪਕ ਅਭਿਜੀਤ ਦੀਪਕੇ ਦੇ ਅਮਰੀਕਾ ਤੋਂ ਪਰਤਣ ਤੋਂ ਪਹਿਲਾਂ ਅਲਰਟ ਹਨ। ਉਨ੍ਹਾਂ ਦੇ ਸਮਰਥਕ ਕਥਿਤ ਪ੍ਰੀਖਿਆ ਘਪਲੇ ਨੂੰ ਲੈ ਕੇ ਸਿੱਖਿਆ ਮੰਤਰੀ ਧਰਮਿੰਦਰ ਪ੍ਰਧਾਨ ਦੇ ਅਸਤੀਫ਼ੇ ਦੀ ਮੰਗ ਲਈ ਦਿੱਲੀ ਵਿਚ ਵੱਡਾ ਪ੍ਰਦਰਸ਼ਨ ਕਰਨ ਦੀ ਤਿਆਰੀ ਕਰ ਰਹੇ ਹਨ।

ਜਿਸ ਗੱਲ ਨੇ ਸੁਰੱਖਿਆ ਏਜੰਸੀਆਂ ਦਾ ਖ਼ਾਸ ਤੌਰ ’ਤੇ ਧਿਆਨ ਖਿੱਚਿਆ ਹੈ, ਉਹ ਹੈ ਦੀਪਕੇ ਦੀ ਸਮਰਥਕਾਂ ਨੂੰ ਦਿੱਲੀ ਏਅਰਪੋਰਟ ’ਤੇ ਇਕੱਠੇ ਹੋਣ ਅਤੇ ਉਨ੍ਹਾਂ ਦੇ ਨਾਲ ਪਾਰਲੀਮੈਂਟ ਸਟ੍ਰੀਟ ਪੁਲਸ ਸਟੇਸ਼ਨ ਆਉਣ ਦੀ ਅਪੀਲ, ਜਿੱਥੇ ਉਹ ਜੰਤਰ-ਮੰਤਰ ’ਤੇ ਸ਼ਾਂਤਮਈ ਪ੍ਰਦਰਸ਼ਨ ਲਈ ਇਜਾਜ਼ਤ ਮੰਗਣਾ ਚਾਹੁੰਦੇ ਹਨ।

ਅਧਿਕਾਰੀਆਂ ਦਾ ਕਹਿਣਾ ਹੈ ਕਿ ਰਾਜਧਾਨੀ ਦੇ ਕੁਝ ਹਿੱਸਿਆਂ ਵਿਚ ਅਜੇ ਵੀ ਪਾਬੰਦੀ ਲੱਗੀ ਹੋਈ ਹੈ ਅਤੇ ਅਧਿਕਾਰੀਆਂ ਤੋਂ ਪਹਿਲਾਂ ਮਨਜ਼ੂਰੀ ਲਏ ਬਿਨਾਂ ਕੋਈ ਜਲੂਸ ਜਾਂ ਰੈਲੀ ਨਹੀਂ ਕੀਤੀ ਜਾ ਸਕਦੀ। ਇਸ ਲਈ, ਏਅਰਪੋਰਟ ਤੋਂ ਸਿੱਧੇ ਭੀੜ ਇਕੱਠੀ ਕਰਨ ਦੀ ਕੋਈ ਵੀ ਕੋਸ਼ਿਸ਼ ਕਾਨੂੰਨ ਵਿਵਸਥਾ ਦੀ ਸਮੱਸਿਆ ਖੜ੍ਹੀ ਕਰ ਸਕਦੀ ਹੈ। ਸਰਕਾਰ ਨੇ ਪਹਿਲਾਂ ਰਾਸ਼ਟਰੀ ਸੁਰੱਖਿਆ ਦੀਆਂ ਚਿੰਤਾਵਾਂ ਦਾ ਹਵਾਲਾ ਦਿੰਦੇ ਹੋਏ ਸੀ. ਜੇ. ਪੀ. ਦਾ ਐਕਸ (ਪਹਿਲਾਂ ਟਵਿੱਟਰ) ਅਕਾਊਂਟ ਬਲਾਕ ਕਰ ਦਿੱਤਾ ਸੀ। ਸੁਰੱਖਿਆ ਏਜੰਸੀਆਂ ਨੇ ਕਥਿਤ ਤੌਰ ’ਤੇ ਇਸ ਅਕਾਊਂਟ ਨੂੰ ਇਸ ਡਰੋਂ ਫਲੈਗ ਕੀਤਾ ਸੀ ਕਿ ਇਸ ਦਾ ਵਾਇਰਲ ਕੰਟੈਂਟ ਲੋਕਾਂ ਵਿਚ ਅਸ਼ਾਂਤੀ ਫੈਲਾ ਸਕਦਾ ਹੈ ਅਤੇ ਜਨਤਕ ਵਿਵਸਥਾ ’ਤੇ ਅਸਰ ਪਾ ਸਕਦਾ ਹੈ। ਜੈਨ-ਜ਼ੀ ਦੇ ਚਲਾਏ ਗਏ ਇਸ ਮਜ਼ਾਕੀਆ ਮੂਵਮੈਂਟ ਨੇ ਬਹੁਤ ਘੱਟ ਸਮੇਂ ਵਿਚ 1 ਕਰੋੜ ਤੋਂ ਵੱਧ ਫਾਲੋਅਰਜ਼ ਬਣਾ ਲਏ ਸਨ। ਇਸ ਤੋਂ ਬਾਅਦ ਦੀਪਕੇ ਨੇ ਅਕਾਊਂਟ ਨੂੰ ਬਲਾਕ ਕੀਤੇ ਜਾਣ ਦੇ ਹੁਕਮ ਨੂੰ ਦਿੱਲੀ ਹਾਈ ਕੋਰਟ ਵਿਚ ਚੁਣੌਤੀ ਦਿੱਤੀ ਸੀ। ਕੋਰਟ ਨੇ ਅਕਾਊਂਟ ਤੁਰੰਤ ਬਹਾਲ ਕਰਨ ਤੋਂ ਮਨਾ ਕਰ ਦਿੱਤਾ, ਪਰ ਸਰਕਾਰ ਅਤੇ ਐਕਸ ਦੋਵਾਂ ਨੂੰ ਨੋਟਿਸ ਜਾਰੀ ਕੀਤੇ।

ਭਾਰਤ ਪਰਤਣ ਅਤੇ ਪਬਲਿਕ ਕੈਂਪੇਨ ਸ਼ੁਰੂ ਕਰਨ ਦੇ ਦੀਪਕੇ ਦੇ ਫੈਸਲੇ ਨੇ ਇਸ ਵਿਵਾਦ ਵਿਚ ਇਕ ਨਵਾਂ ਸਿਆਸੀ ਪਹਿਲੂ ਜੋੜ ਦਿੱਤਾ ਹੈ। ਪਤਾ ਲੱਗਿਆ ਹੈ ਕਿ ਸੀ. ਜੇ. ਪੀ. ਨੇ ਕਾਂਗਰਸ ਸਮੇਤ ਕਈ ਵਿਰੋਧੀ ਪਾਰਟੀਆਂ ਨੂੰ ਸੰਦੇਸ਼ ਭੇਜੇ ਸਨ। ਪਰ ਕਾਂਗਰਸ ਨੇ ਦੱਸਿਆ ਕਿ ਉਸ ਦੇ ਵਿੰਗਾਂ—ਯੂਥ ਕਾਂਗਰਸ ਅਤੇ ਐੱਨ. ਐੱਸ. ਯੂ. ਆਈ.—ਨੇ ਆਪਣੀਆਂ ਮੁਹਿੰਮਾਂ ਸ਼ੁਰੂ ਕਰ ਦਿੱਤੀਆਂ ਹਨ ਅਤੇ ਰਾਹੁਲ ਗਾਂਧੀ ਪ੍ਰਧਾਨ ਦੇ ਅਸਤੀਫੇ ਦੀ ਲੜਾਈ ਨੂੰ ਲੀਡ ਕਰ ਰਹੇ ਹਨ।


author

Rakesh

Content Editor

Related News