ਲੱਦਾਖ 'ਚ ਭਾਰਤੀ ਫੌਜ ਦਾ ਹੈਲੀਕਾਪਟਰ ਹੋਇਆ ਕ੍ਰੈਸ਼ ! 2 ਪਾਇਲਟ ਜ਼ਖ਼ਮੀ
Saturday, May 23, 2026 - 11:27 AM (IST)
ਲੇਹ- ਲੱਦਾਖ ਤੋਂ ਇੱਕ ਵੱਡੀ ਖ਼ਬਰ ਸਾਹਮਣੇ ਆ ਰਹੀ ਹੈ, ਜਿੱਥੇ ਭਾਰਤੀ ਫੌਜ ਦਾ ਇਕ 'ਚੀਤਾ' ਹੈਲੀਕਾਪਟਰ (Cheetah Helicopter) ਹਾਦਸੇ ਦਾ ਸ਼ਿਕਾਰ ਹੋ ਗਿਆ ਹੈ। ਸੂਤਰਾਂ ਮੁਤਾਬਕ ਇਹ ਹਾਦਸਾ ਸ਼ਯੋਕ ਨਦੀ ਦੇ ਨੇੜਲੇ ਇਲਾਕੇ 'ਚ ਵਾਪਰਿਆ, ਜਿੱਥੇ ਹੈਲੀਕਾਪਟਰ ਸਿੱਧਾ ਇਕ ਪਹਾੜੀ ਨਾਲ ਜਾ ਟਕਰਾਇਆ। ਇਸ ਭਿਆਨਕ ਹਾਦਸੇ 'ਚ ਰਾਹਤ ਦੀ ਗੱਲ ਇਹ ਰਹੀ ਕਿ ਹੈਲੀਕਾਪਟਰ 'ਚ ਸਵਾਰ ਫੌਜ ਦੇ ਇਕ ਡਿਵੀਜ਼ਨ ਕਮਾਂਡਰ (ਮੇਜਰ ਜਨਰਲ ਰੈਂਕ ਦੇ ਅਧਿਕਾਰੀ) ਪੂਰੀ ਤਰ੍ਹਾਂ ਸੁਰੱਖਿਅਤ ਹਨ। ਹਾਲਾਂਕਿ, ਹੈਲੀਕਾਪਟਰ ਉਡਾ ਰਹੇ ਦੋਵੇਂ ਪਾਇਲਟਾਂ ਨੂੰ ਸੱਟਾਂ ਲੱਗੀਆਂ ਹਨ। ਇਹ ਹਾਦਸਾ 20 ਮਈ ਨੂੰ ਦਿਨ ਦੇ ਸਮੇਂ ਵਾਪਰਿਆ ਸੀ। ਘਟਨਾ ਦੀ ਜਾਣਕਾਰੀ 23 ਮਈ ਨੂੰ ਸਾਹਮਣੇ ਆਈ ਹੈ।
ਘਟਨਾ ਤੋਂ ਤੁਰੰਤ ਬਾਅਦ ਫੌਜ ਨੇ ਹਰਕਤ 'ਚ ਆਉਂਦਿਆਂ ਮਹਿਜ਼ 15 ਤੋਂ 20 ਮਿੰਟਾਂ 'ਚ ਰੈਸਕਿਊ ਟੀਮ ਮੌਕੇ 'ਤੇ ਭੇਜ ਦਿੱਤੀ ਅਤੇ ਤਿੰਨਾਂ ਨੂੰ ਸੁਰੱਖਿਅਤ ਕੱਢ ਕੇ ਇਲਾਜ ਲਈ ਲੇਹ ਲਿਆਂਦਾ ਗਿਆ। ਫੌਜੀ ਸੂਤਰਾਂ ਅਨੁਸਾਰ, ਹਾਦਸੇ ਦੇ ਸਮੇਂ ਲੱਦਾਖ 'ਚ ਮੌਸਮ ਬਿਲਕੁਲ ਸਾਫ਼ ਸੀ ਅਤੇ ਵਿਜ਼ੀਬਿਲਟੀ ਦੀ ਵੀ ਕੋਈ ਸਮੱਸਿਆ ਨਹੀਂ ਸੀ। ਫਿਲਹਾਲ ਇਹ ਸਪੱਸ਼ਟ ਨਹੀਂ ਹੋ ਸਕਿਆ ਹੈ ਕਿ ਹੈਲੀਕਾਪਟਰ ਸਿੱਧਾ ਪਹਾੜੀ ਨਾਲ ਕਿਵੇਂ ਟਕਰਾਇਆ। ਫੌਜ ਨੇ ਹਾਦਸੇ ਦੇ ਅਸਲ ਕਾਰਨਾਂ ਦਾ ਪਤਾ ਲਗਾਉਣ ਲਈ 'ਕੋਰਟ ਆਫ ਇਨਕੁਆਇਰੀ' ਦੇ ਹੁਕਮ ਦੇ ਦਿੱਤੇ ਹਨ।
ਇਸ ਹਾਦਸੇ ਨੇ ਇਕ ਵਾਰ ਫਿਰ ਭਾਰਤੀ ਫੌਜ ਦੇ ਪੁਰਾਣੇ ਹੋ ਰਹੇ ਹੈਲੀਕਾਪਟਰ ਬੇੜੇ (Fleet) ਬਾਰੇ ਚਿੰਤਾਵਾਂ ਵਧਾ ਦਿੱਤੀਆਂ ਹਨ। ਚੀਤਾ ਇੱਕ ਸਿੰਗਲ ਇੰਜਣ ਵਾਲਾ ਹੈਲੀਕਾਪਟਰ ਹੈ, ਜਿਸ ਦੀ ਵਰਤੋਂ ਫੌਜ ਲੰਬੇ ਸਮੇਂ ਤੋਂ ਦੁਰਗਮ ਇਲਾਕਿਆਂ 'ਚ ਕਰ ਰਹੀ ਹੈ। ਅੰਕੜਿਆਂ ਮੁਤਾਬਕ ਫੌਜ ਕੋਲ ਇਸ ਸਮੇਂ ਲਗਭਗ 190 ਚੀਤਾ, ਚੇਤਕ ਅਤੇ ਚੀਤਲ ਹੈਲੀਕਾਪਟਰ ਹਨ। ਇਨ੍ਹਾਂ 'ਚੋਂ 5 ਹੈਲੀਕਾਪਟਰ 50 ਸਾਲ ਤੋਂ ਵੀ ਵੱਧ ਪੁਰਾਣੇ ਹਨ। ਲਗਭਗ 130 ਹੈਲੀਕਾਪਟਰ 30 ਤੋਂ 50 ਸਾਲ ਪੁਰਾਣੇ ਹੋ ਚੁੱਕੇ ਹਨ। ਰੱਖਿਆ ਮਾਹਿਰ ਕਾਫੀ ਸਮੇਂ ਤੋਂ ਇਨ੍ਹਾਂ ਪੁਰਾਣੇ ਹੈਲੀਕਾਪਟਰਾਂ ਨੂੰ ਬਦਲਣ ਦੀ ਮੰਗ ਕਰ ਰਹੇ ਹਨ ਤਾਂ ਜੋ ਅਜਿਹੇ ਹਾਦਸਿਆਂ ਨੂੰ ਰੋਕਿਆ ਜਾ ਸਕੇ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
