ਭਾਰਤ 3 ਸਾਲਾਂ ''ਚ ਬੁਨਿਆਦੀ ਢਾਂਚੇ ਦੇ ਮਾਮਲੇ ''ਚ ਚੀਨ ਦੀ ਬਰਾਬਰੀ ਕਰ ਲਵੇਗਾ

Thursday, Sep 07, 2023 - 04:17 PM (IST)

ਭਾਰਤ 3 ਸਾਲਾਂ ''ਚ ਬੁਨਿਆਦੀ ਢਾਂਚੇ ਦੇ ਮਾਮਲੇ ''ਚ ਚੀਨ ਦੀ ਬਰਾਬਰੀ ਕਰ ਲਵੇਗਾ

ਨਵੀਂ ਦਿੱਲੀ- ਭਾਰਤ ਸਰਹੱਦੀ ਇਲਾਕੇ 'ਚ ਬੁਨਿਆਦੀ ਢਾਂਚੇ ਦੇ ਮਾਮਲੇ 'ਚ ਭਾਵੇਂ ਚੀਨ ਤੋਂ ਪਿੱਛੇ ਹੈ ਪਰ ਹੁਣ ਉਹ ਤੇਜ਼ੀ ਨਾਲ ਇਸ ਮਾਮਲੇ 'ਚ ਅੱਗੇ ਵਧ ਰਿਹਾ ਹੈ। ਕੰਟਰੋਲ ਰੇਖਾ (ਐੱਲ.ਏ.ਸੀ.) 'ਤੇ ਲਗਭਗ 3 ਸਾਲ ਪਹਿਲਾਂ ਚੀਨ ਨਾਲ ਸ਼ੁਰੂ ਹੋਏ ਵਿਵਾਦ ਕਾਰਨ ਭਾਰਤ ਨੇ ਫ਼ੌਜ ਮਿਸ਼ਨਾਂ, ਤਕਨੀਕੀ ਖੇਤਰ ਦੀਆਂ ਕਮੀਆਂ ਨੂੰ ਦੂਰ ਕਰਨਾ ਅਤੇ ਖਰਚੇ ਆਦਿ ਵਰਗੇ ਮਸਲਿਆਂ ਦਾ ਹੱਲ ਤੇਜ਼ੀ ਨਾਲ ਕਰਨਾ ਸ਼ੁਰੂ ਕਰ ਦਿੱਤਾ ਹੈ। ਇਹ ਗੱਲ ਬਾਰਡਰ ਰੋਡ ਸੰਗਠਨ (BRO) ਦੇ ਮੁਖੀ ਲੈਫ਼ਟੀਨੈਂਟ ਜਨਰਲ ਰਾਜੀਵ ਚੌਧਰੀ ਨੇ ਇਕ ਇੰਟਰਵਿਊ ਦੌਰਾਨ ਕਹੀ। 

ਉਨ੍ਹਾਂ ਨੇ ਅੱਗੇ ਕਿਹਾ ਕਿ ਇਸ ਮਾਮਲੇ 'ਚ ਭਾਰਤ ਅਗਲੇ 3-4 ਸਾਲਾਂ 'ਚ ਚੀਨ ਦੇ ਬਰਾਬਰ ਆ ਕੇ ਖੜ੍ਹਾ ਹੋ ਜਾਵੇਗਾ।ਜੂਨ 2020 'ਚ ਗਲਵਾਨ ਘਾਟੀ 'ਚ ਭਾਰਤ ਅਤੇ ਚੀਨ ਦੀਆਂ ਫ਼ੌਜਾਂ ਵਿਚਾਲੇ ਹੋਈ ਝੜਪ ਤੋਂ ਬਾਅਦ ਇਸ ਖੇਤਰ ਵੱਲ ਵੱਲ੍ਹ ਜ਼ਿਆਦਾ ਧਿਆਨ ਦਿੱਤਾ ਜਾਣ ਲੱਗਾ ਤਾਂ ਜੋ ਆਉਣ ਵਾਲੇ ਸਮੇਂ 'ਚ ਦੇਸ਼ ਦੀ ਅਜਿਹੇ ਹਮਲਿਆਂ ਤੋਂ ਰੱਖਿਆ ਕੀਤੀ ਜਾ ਸਕੇ। ਚੌਧਰੀ ਨੇ ਕਿਹਾ, 'ਚੀਨ ਲੱਦਾਖ, ਉੱਤਰਾਖੰਡ ਅਤੇ ਅਰੁਣਾਚਲ ਪ੍ਰਦੇਸ਼ ਨਾਲ ਲੱਗਦੇ LAC ਖੇਤਰ 'ਚ ਆਪਣੀ ਫ਼ੌਜ ਦੀ ਸਹੂਲਤ ਲਈ ਅਤੇ ਉਨ੍ਹਾਂ ਦੀਆਂ ਬੁਨਿਆਦੀ ਲੋੜਾਂ ਪੂਰੀਆਂ ਕਰਨ ਲਈ ਕਾਫ਼ੀ ਪੈਸਾ ਖਰਚ ਰਿਹਾ ਹੈ, ਜਿਸ ਕਾਰਨ ਉਹ ਸਹੂਲਤਾਂ ਮੁਹੱਈਆ ਕਰਵਾਉਣ ਦੇ ਮਾਮਲੇ 'ਚ ਭਾਰਤ ਤੋਂ ਅੱਗੇ ਹੈ ਪਰ ਪਿਛਲੇ 3 ਸਾਲਾਂ ਦੌਰਾਨ ਅਸੀਂ ਹੁਣ ਇਹ ਫ਼ਰਕ ਕਾਫ਼ੀ ਘੱਟ ਕਰ ਦਿੱਤਾ ਹੈ ਅਤੇ ਉਮੀਦ ਕਰਦੇ ਹਾਂ ਕਿ ਇਹ ਫ਼ਰਕ 3-4 ਸਾਲਾਂ 'ਚ ਬਿਲਕੁਲ ਖ਼ਤਮ ਹੋ ਜਾਵੇਗਾ।' 

ਗਲਵਾਨ ਘਾਟੀ ਦੀ ਇਸ ਘਟਨਾ ਕਾਰਨ ਦੋਵਾਂ ਦੇਸ਼ਾਂ ਦੇ 6 ਦਹਾਕੇ ਪੁਰਾਣੇ ਆਪਸੀ ਸੰਬੰਧ ਵੀ ਖ਼ਰਾਬ ਹੋਏ ਹਨ ਜਿਸ 'ਚ 20 ਭਾਰਤੀ ਜਵਾਨ ਸ਼ਹੀਦ ਹੋਏ ਸਨ। ਭਾਰਤ ਦੇ ਬਿਆਨ ਮੁਤਾਬਕ ਚੀਨ ਦੇ ਭਾਰਤ ਨਾਲੋਂ ਦੁੱਗਣੇ ਸਿਪਾਹੀ ਮਾਰੇ ਗਏ ਸਨ, ਜਦਕਿ ਚੀਨ ਦੀ ਸੈਨਾ ਦੇ ਬਿਆਨ ਅਨੁਸਾਰ ਉਨ੍ਹਾਂ ਦੇ ਸਿਰਫ਼ 4 ਜਵਾਨ ਮਾਰੇ ਗਏ ਸਨ।ਸੈਟੇਲਾਈਟ ਰਾਹੀਂ ਲਈਆਂ ਗਈਆਂ ਤਸਵੀਰਾਂ ਵੱਲ ਧਿਆਨ ਦੇਈਏ ਤਾਂ ਪਤਾ ਲਗਦਾ ਹੈ ਕਿ ਕਿਵੇਂ ਚੀਨ ਨੇ ਸਿਰਫ਼ 3 ਸਾਲ ਦੇ ਵਕਫ਼ੇ ਦੌਰਾਨ ਨਵੇਂ ਏਅਰਬੇਸ, ਮਿਸਾਇਲਾਂ ਦੇ ਠਿਕਾਣੇ, ਨਵੇਂ ਰੋਡ, ਪੁਲ, ਬੰਕਰ ਅਤੇ ਅੰਡਰਗ੍ਰਾਊਂਡ ਸੁਰੰਗਾਂ ਬਣਾਈਆਂ ਹਨ ਤਾਂ ਜੋ ਬਾਹਰੀ ਹਮਲਿਆਂ ਤੋਂ ਬਚਿਆ ਜਾ ਸਕੇ। 

ਚੌਧਰੀ ਨੇ ਅੱਗੇ ਦੱਸਿਆ ਕਿ ਸੈਨਾ ਨੂੰ ਆਵਾਜਾਈ ਅਤੇ ਮੁੱਖ ਸਹੂਲਤਾਂ ਦੇਣ ਲਈ BRO ਨੇ ਪਿਛਲੇ 3 ਸਾਲਾਂ ਭਾਰਤ ਦੇ ਦੂਰ-ਦੁਰਾਡੇ ਸਰਹੱਦੀ ਇਲਾਕਿਆਂ 'ਚ ਲਗਭਗ 8000 ਕਰੋੜ ਦੇ ਕਰੀਬ 300 ਮਹੱਤਵਪੂਰਨ ਪ੍ਰਾਜੈਕਟ ਪੂਰੇ ਕੀਤੇ ਹਨ, ਜਿਨ੍ਹਾਂ 'ਚ ਰੋਡ, ਸੁਰੰਗਾਂ, ਪੁਲ, ਅਤੇ ਏਅਰਬੇਸ ਸ਼ਾਮਲ ਹਨ। ਇਨ੍ਹਾਂ 'ਚੋਂ 205 ਪ੍ਰਾਜੈਕਟ ਦੇਸ਼ ਨੂੰ ਸਮਰਪਿਤ ਕੀਤੇ ਜਾ ਚੁੱਕੇ ਹਨ ਜਦਕਿ 90 ਪ੍ਰਾਜੈਕਟਾਂ ਦਾ ਉਦਘਾਟਨ 12 ਸਤੰਬਰ ਨੂੰ ਦੇਸ਼ ਦੇ ਰੱਖਿਆ ਮੰਤਰੀ ਰਾਜਨਾਥ ਸਿੰਘ ਕਰਨਗੇ ਜਿਨ੍ਹਾਂ 'ਚ 23 ਰੋਡ, 63 ਪੁਲ, ਅਰੁਣਾਂਚਲ ਪ੍ਰਦੇਸ਼ ਦੀ ਨੇਚਿਪਚੂ ਸੁਰੰਗ ਅਤੇ ਪੱਛਮੀ ਬੰਗਾਲ ਦੇ 2 ਏਅਰਬੇਸ ਸ਼ਾਮਲ ਹਨ


author

Rakesh

Content Editor

Related News