ਪਾਬੰਦੀਆਂ ਵਿਚਾਲੇ ਰੂਸ ਦੀ ''ਟ੍ਰੇਡ ਲਾਈਫਲਾਈਨ'' ਬਣ ਕੇ ਉੱਭਰ ਰਿਹੈ ਭਾਰਤ
Sunday, Sep 13, 2026 - 03:20 PM (IST)
ਇੰਟਰਨੈਸ਼ਨਲ ਡੈਸਕ- ਰੂਸ-ਯੂਕ੍ਰੇਨ ਜੰਗ ਅਤੇ ਪੱਛਮੀ ਦੇਸ਼ਾਂ ਦੀਆਂ ਆਰਥਿਕ ਪਾਬੰਦੀਆਂ ਤੋਂ ਬਾਅਦ ਭਾਰਤ ਰੂਸ ਦੀ ਅਰਥਵਿਵਸਥਾ ਲਈ 'ਲਾਈਫ਼ਲਾਈਨ' ਬਣ ਕੇ ਉੱਭਰਿਆ ਹੈ। ਪੱਛਮੀ ਪਾਬੰਦੀਆਂ ਤੋਂ ਬਾਅਦ ਰੂਸ ਨੇ ਭਾਰਤ ਨੂੰ ਛੋਟ 'ਤੇ ਕੱਚਾ ਤੇਲ ਦੇਣਾ ਸ਼ੁਰੂ ਕੀਤਾ, ਜਿਸ ਮਗਰੋਂ ਭਾਰਤੀ ਰਿਫ਼ਾਇਨਰੀਆਂ ਨੇ ਰੂਸੀ ਕੱਚੇ ਤੇਲ ਦਾ ਆਯਾਤ ਬਹੁਤ ਵੱਡੇ ਪੱਧਰ 'ਤੇ ਵਧਾਇਆ। ਇਸ ਨਾਲ ਰੂਸ ਨੂੰ ਆਪਣਾ ਦੇਸ਼ ਚਲਾਉਣ ਲਈ ਜ਼ਰੂਰੀ ਵਿਦੇਸ਼ੀ ਮੁਦਰਾ ਪ੍ਰਾਪਤ ਹੋਈ।
ਭਾਰਤ ਨੇ ਰੂਸ ਤੋਂ ਸਸਤਾ ਕੱਚਾ ਤੇਲ ਖਰੀਦ ਕੇ ਉਸ ਨੂੰ ਰਿਫ਼ਾਇਨ ਕੀਤਾ ਅਤੇ ਪੈਟਰੋਲ-ਡੀਜ਼ਲ ਦੇ ਰੂਪ 'ਚ ਯੂਰਪ ਸਮੇਤ ਕਈ ਹੋਰ ਬਾਜ਼ਾਰਾਂ 'ਚ ਵੇਚਿਆ। ਹਾਲ ਹੀ ਦੇ ਮਹੀਨਿਆਂ 'ਚ, ਯੂਕ੍ਰੇਨੀ ਡਰੋਨ ਹਮਲਿਆਂ ਕਾਰਨ ਰੂਸ ਦੀਆਂ ਆਪਣੀਆਂ ਰਿਫ਼ਾਇਨਰੀਆਂ ਨੂੰ ਨੁਕਸਾਨ ਪਹੁੰਚਣ ਕਰ ਕੇ ਰੂਸ ਨੇ ਭਾਰਤ ਸਥਿਤ ਵਾਡਿਨਾਰ ਰਿਫ਼ਾਇਨਰੀ (ਨਾਇਰਾ ਐਨਰਜੀ) ਤੋਂ ਰਿਕਾਰਡ ਮਾਤਰਾ 'ਚ ਪੈਟਰੋਲ ਆਯਾਤ ਵੀ ਕੀਤਾ ਹੈ।
ਭਾਰਤ ਨੇ ਅਮਰੀਕਾ ਅਤੇ ਪੱਛਮੀ ਦੇਸ਼ਾਂ ਦੇ ਦਬਾਅ ਦੇ ਬਾਵਜੂਦ ਆਪਣੇ ਰਾਸ਼ਟਰੀ ਹਿੱਤਾਂ ਅਤੇ ਊਰਜਾ ਸੁਰੱਖਿਆ ਨੂੰ ਪਹਿਲ ਦਿੱਤੀ। ਇਸ ਵਪਾਰਕ ਸਾਂਝ ਨਾਲ ਰੂਸ 'ਤੇ ਪੱਛਮੀ ਪਾਬੰਦੀਆਂ ਦਾ ਅਸਰ ਕਾਫ਼ੀ ਹੱਦ ਤੱਕ ਘਟ ਗਿਆ ਹੈ, ਜਿਸ ਨਾਲ ਦੋਵਾਂ ਦੇਸ਼ਾਂ ਦੇ ਦੁਵੱਲੇ ਸਬੰਧ ਹੋਰ ਮਜ਼ਬੂਤ ਹੋਏ ਹਨ।
