''ਜਦੋਂ ਬੁਲਾਓਗੇ, ਮੈਂ ਆ ਜਾਵਾਂਗਾ..!'', ''ਹੱਥ ਵੱਢਣ'' ਦਾ ਬਿਆਨ ਦੇਣ ਵਾਲਾ ਪਾਕਿ ਮੰਤਰੀ ਆਇਆ ਭਾਰਤ
Monday, Nov 23, 2026 - 03:14 PM (IST)
ਨਵੀਂ ਦਿੱਲੀ- ਨਵੀਂ ਦਿੱਲੀ 'ਚ ਹੋ ਰਹੇ ਪਹਿਲੇ SCO ਸੰਮੇਲਨ 'ਚ ਸ਼ਾਮਲ ਹੋਣ ਲਈ ਪਾਕਿਸਤਾਨੀ ਵਾਤਾਵਰਨ ਮੰਤਰੀ ਮੁਸੱਦਿਕ ਮਸੂਦ ਮਲਿਕ ਵੀ ਪਹੁੰਚੇ ਹੋਏ ਹਨ। ਉਹ ਐਤਵਾਰ ਨੂੰ ਨਵੀਂ ਦਿੱਲੀ 'ਚ ਸਿੰਧੂ ਜਲ ਸੰਧੀ ਬਾਰੇ ਆਪਣੇ ਪੁਰਾਣੇ ਭੜਕਾਊ ਬਿਆਨਾਂ ਦੀ ਜ਼ਿੰਮੇਵਾਰੀ ਤੋਂ ਪੱਲਾ ਝਾੜਦੇ ਹੋਏ ਨਜ਼ਰ ਆਏ। ਪਹਿਲਾਂ ਭਾਰਤ ਨੂੰ ਧਮਕੀਆਂ ਦੇਣ ਵਾਲੇ ਪਾਕਿਸਤਾਨੀ ਮੰਤਰੀ ਹੁਣ ਮੁਅੱਤਲ ਪਈ ਜਲ ਸੰਧੀ 'ਤੇ ਦੋ-ਪੱਖੀ ਗੱਲਬਾਤ ਲਈ ਭਾਰਤ ਤੋਂ ਰਸਮੀ ਸੱਦੇ ਦੀ ਅਪੀਲ ਕਰਦੇ ਨਜ਼ਰ ਆਏ।
ਨਵੀਂ ਦਿੱਲੀ 'ਚ ਪਹਿਲੇ 'SCO ਸਿਵਿਲਾਈਜ਼ੇਸ਼ਨਲ ਡਾਇਲਾਗ ਫੋਰਮ' 'ਚ ਪਾਕਿਸਤਾਨੀ ਵਫ਼ਦ ਦੀ ਅਗਵਾਈ ਕਰਨ ਪਹੁੰਚੇ ਮਲਿਕ ਨੂੰ ਜਦੋਂ ਸਿੰਧੂ ਜਲ ਸੰਧੀ ਬਾਰੇ ਸਵਾਲ ਕੀਤੇ ਗਏ ਤਾਂ ਉਨ੍ਹਾਂ ਇਨ੍ਹਾਂ ਸਵਾਲਾਂ ਤੋਂ ਪਾਸਾ ਵੱਟਦਿਆਂ ਕਿਹਾ, "ਜਦੋਂ ਤੁਸੀਂ ਮੈਨੂੰ ਸਿੰਧੂ ਜਲ ਸੰਧੀ 'ਤੇ ਚਰਚਾ ਕਰਨ ਲਈ ਸੱਦਾ ਦਿਓਗੇ, ਅਸੀਂ ਉਦੋਂ ਜ਼ਰੂਰ ਗੱਲ ਕਰਾਂਗੇ।" ਉਨ੍ਹਾਂ ਕਿਹਾ ਕਿ ਪਹਿਲਾਂ ਭਾਰਤ ਨੂੰ ਦੋ-ਪੱਖੀ ਗੱਲਬਾਤ ਦਾ ਸੱਦਾ ਦੇਣਾ ਪਵੇਗਾ, ਉਸ ਤੋਂ ਬਾਅਦ ਹੀ ਉਹ ਸਾਰੇ ਸਵਾਲਾਂ ਦੇ ਜਵਾਬ ਦੇਣਗੇ। ਜ਼ਿਕਰਯੋਗ ਹੈ ਕਿ ਇਸੇ ਸਾਲ ਜੂਨ 'ਚ ਮਲਿਕ ਨੇ ਸਿੰਧੂ ਜਲ ਸੰਧੀ ਨੂੰ ਮੁਅੱਤਲ ਕਰਨ ਦੇ ਭਾਰਤ ਦੇ ਫ਼ੈਸਲੇ ਦੀ ਆਲੋਚਨਾ ਕਰਦਿਆਂ ਭੜਕਾਊ ਧਮਕੀ ਦਿੱਤੀ ਸੀ ਕਿ ਪਾਕਿਸਤਾਨ ਉਸ ਹੱਥ ਨੂੰ ਵੱਢ ਦੇਵੇਗਾ ਜੋ ਉਸ ਦੇ ਹਿੱਸੇ ਦਾ ਪਾਣੀ ਰੋਕਣ ਦੀ ਕੋਸ਼ਿਸ਼ ਕਰੇਗਾ।

ਇਹ ਵੀ ਪੜ੍ਹੋ- ਅਮਰੀਕਾ 'ਚ ਪੰਜਾਬੀ ਮੁੰਡੇ ਦੇ ਨਾਂ 'ਤੇ ਬਣਿਆ ਕਾਨੂੰਨ, 150 ਸਾਲ ਪੁਰਾਣੀ ਰਵਾਇਤ ਹੋਵੇਗੀ ਖ਼ਤਮ
ਪਾਕਿਸਤਾਨੀ ਮੰਤਰੀ ਦੀਆਂ ਅਪੀਲਾਂ ਅਤੇ ਪੁਰਾਣੇ ਬਿਆਨਾਂ 'ਤੇ ਪ੍ਰਤੀਕਿਰਿਆ ਦਿੰਦਿਆਂ ਵਿਦੇਸ਼ ਮੰਤਰਾਲੇ ਦੇ ਬੁਲਾਰੇ ਰਣਧੀਰ ਜਾਇਸਵਾਲ ਨੇ ਕਿਸੇ ਵੀ ਤਰ੍ਹਾਂ ਦੀ ਰਿਆਇਤ ਤੋਂ ਸਾਫ਼ ਇਨਕਾਰ ਕਰ ਦਿੱਤਾ। ਉਨ੍ਹਾਂ ਕਿਹਾ ਕਿ ਸਿੰਧੂ ਜਲ ਸੰਧੀ 'ਤੇ ਭਾਰਤ ਨੇ ਆਪਣਾ ਰੁਖ਼ ਪਹਿਲਾਂ ਹੀ ਬਿਲਕੁਲ ਸਪੱਸ਼ਟ ਕਰ ਦਿੱਤਾ ਹੈ ਅਤੇ ਇਸ 'ਚ ਕੋਈ ਬਦਲਾਅ ਨਹੀਂ ਹੋਇਆ ਹੈ।
ਜ਼ਿਕਰਯੋਗ ਹੈ ਕਿ ਅਪ੍ਰੈਲ 2025 'ਚ ਜੰਮੂ-ਕਸ਼ਮੀਰ ਦੇ ਪਹਿਲਗਾਮ 'ਚ ਹੋਏ ਅੱਤਵਾਦੀ ਹਮਲੇ, ਜਿਸ 'ਚ 26 ਲੋਕ ਮਾਰੇ ਗਏ ਸਨ, ਤੋਂ ਬਾਅਦ ਭਾਰਤ ਨੇ 'ਆਪ੍ਰੇਸ਼ਨ ਸਿੰਦੂਰ' ਤਹਿਤ ਫ਼ੌਜੀ ਕਾਰਵਾਈ ਕਰਨ ਦੇ ਨਾਲ-ਨਾਲ 1960 ਦੀ ਸਿੰਧੂ ਜਲ ਸੰਧੀ ਨੂੰ ਵੀ ਤੁਰੰਤ ਪ੍ਰਭਾਵ ਨਾਲ ਸਸਪੈਂਡ ਕਰ ਦਿੱਤਾ ਸੀ। ਭਾਰਤ ਦੀ ਸ਼ਰਤ ਹੈ ਕਿ ਜਦੋਂ ਤੱਕ ਪਾਕਿਸਤਾਨ ਸਰਹੱਦ ਪਾਰੋਂ ਅੱਤਵਾਦ ਨੂੰ ਸਮਰਥਨ ਦੇਣਾ ਪੱਕੇ ਤੌਰ 'ਤੇ ਬੰਦ ਨਹੀਂ ਕਰਦਾ, ਇਹ ਸੰਧੀ ਬਹਾਲ ਨਹੀਂ ਹੋਵੇਗੀ।
ਇਸ ਫ਼ੈਸਲੇ ਨੇ ਪਾਕਿਸਤਾਨੀ ਆਰਥਿਕਤਾ ਦਾ ਲੱਕ ਤੋੜ ਦਿੱਤਾ ਹੈ, ਕਿਉਂਕਿ ਉਸ ਦੀ 80 ਫੀਸਦੀ ਵਾਹੀਯੋਗ ਜ਼ਮੀਨ, ਕੁੱਲ ਪਾਣੀ ਦੀ 93 ਫੀਸਦੀ ਵਰਤੋਂ ਅਤੇ ਜੀ.ਡੀ.ਪੀ. ਦਾ ਇੱਕ-ਚੌਥਾਈ ਹਿੱਸਾ ਸਿੰਧੂ ਨਦੀ ਦੇ ਪਾਣੀ 'ਤੇ ਹੀ ਨਿਰਭਰ ਕਰਦਾ ਹੈ। ਇਸ ਨੂੰ ਮੁਅੱਤਲ ਕੀਤੇ ਜਾਣ ਮਗਰੋਂ ਪਾਕਿਸਤਾਨ ਗੰਭੀਰ ਸੰਕਟ ਨਾਲ ਜੂਝ ਰਿਹਾ ਹੈ। ਭਾਰਤ ਨੇ ਸਪੱਸ਼ਟ ਕੀਤਾ ਹੈ ਕਿ ਜਦੋਂ ਤੱਕ ਪਾਕਿਸਤਾਨ ਅੱਤਵਾਦ ਨੂੰ ਸਮਰਥਨ ਦੇਣਾ ਬੰਦ ਨਹੀਂ ਕਰਦਾ, ਉਦੋਂ ਤੱਕ ਇਸ ਬਾਰੇ ਗੱਲ ਨਹੀਂ ਕੀਤੀ ਜਾਵੇਗੀ।
ਇਹ ਵੀ ਪੜ੍ਹੋ- 'ਮੇਰੀ ਧੀ ਕੋਲ ਵਰਕ ਪਰਮਿਟ ਹੈ..!', ICE ਅਧਿਕਾਰੀਆਂ ਦੇ ਪੈਰ ਫੜ ਰੋਂਦੀ ਰਹੀ ਮਾਂ, US ਏਅਰਪੋਰਟ 'ਤੇ ਪਿਆ ਰੌਲ਼ਾ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
