ਭਾਰਤ ਪੁਲਾੜ ਖੇਤਰ ''ਚ ਉੱਭਰ ਰਹੀ ਇੱਕ ਵਿਸ਼ਵ ਸ਼ਕਤੀ, ਦੁਨੀਆ ਕਰ ਰਹੀ ਹੈ ਸਲਾਮ : ਸ਼ੁਭਾਂਸ਼ੂ ਸ਼ੁਕਲਾ
Tuesday, Feb 03, 2026 - 04:36 PM (IST)
ਨੈਸ਼ਨਲ ਡੈਸਕ : ਭਾਰਤੀ ਪੁਲਾੜ ਯਾਤਰੀ ਸ਼ੁਭਾਂਸ਼ੂ ਸ਼ੁਕਲਾ ਨੇ ਮੰਗਲਵਾਰ ਨੂੰ ਕਿਹਾ ਕਿ ਭਾਰਤ ਅੱਜ ਗੁੰਝਲਦਾਰ ਮਿਸ਼ਨਾਂ ਨੂੰ ਸਫਲਤਾਪੂਰਵਕ ਪੂਰਾ ਕਰਨ ਦੀ ਸਮਰੱਥਾ ਅਤੇ ਆਪਣੀਆਂ ਅਭਿਲਾਸ਼ੀ ਨੀਤੀਆਂ ਕਾਰਨ ਪੁਲਾੜ ਪ੍ਰੋਗਰਾਮਾਂ ਵਿੱਚ ਇੱਕ ਉੱਭਰ ਰਹੀ ਸ਼ਕਤੀ ਵਜੋਂ ਸਾਹਮਣੇ ਆਇਆ ਹੈ। ਰਾਏਪੁਰ ਦੇ ਸਵਾਮੀ ਵਿਵੇਕਾਨੰਦ ਹਵਾਈ ਅੱਡੇ 'ਤੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਕਿਹਾ ਕਿ ਭਾਰਤ ਦੀਆਂ ਇਨ੍ਹਾਂ ਪ੍ਰਾਪਤੀਆਂ ਨੇ ਪੂਰੀ ਦੁਨੀਆ ਦਾ ਧਿਆਨ ਆਪਣੇ ਵੱਲ ਖਿੱਚਿਆ ਹੈ।
ਸਕੂਲ ਵਿੱਚ ਸਪੇਸ ਲੈਬ ਦਾ ਉਦਘਾਟਨ
ਭਾਰਤੀ ਹਵਾਈ ਸੈਨਾ ਦੇ ਗਰੁੱਪ ਕੈਪਟਨ ਸ਼ੁਕਲਾ ਨਵਾਂ ਰਾਏਪੁਰ ਦੇ ਅਟਲ ਨਗਰ ਸਥਿਤ ਰਾਖੀ ਪਿੰਡ ਦੇ ਇੱਕ ਸਰਕਾਰੀ ਸਕੂਲ ਵਿੱਚ ‘ਸਿਮੂਲੇਟਰ ਸਹਿਤ ਸਪੇਸ ਲੈਬੋਰਟਰੀ’ ਦਾ ਉਦਘਾਟਨ ਕਰਨ ਪਹੁੰਚੇ ਸਨ। ਇਸ ਮੌਕੇ ਉਨ੍ਹਾਂ ਨੇ ਬੱਚਿਆਂ ਨੂੰ ਪੁਲਾੜ ਵਿਗਿਆਨ ਦੇ ਖੇਤਰ ਵਿੱਚ ਉੱਭਰ ਰਹੇ ਕਰੀਅਰ ਦੇ ਮੌਕਿਆਂ ਬਾਰੇ ਜਾਣੂ ਕਰਵਾਉਣ ਦੀ ਲੋੜ 'ਤੇ ਜ਼ੋਰ ਦਿੱਤਾ। ਉਨ੍ਹਾਂ ਕਿਹਾ ਕਿ ਜਾਣਕਾਰੀ ਦੀ ਘਾਟ ਕਾਰਨ ਨੌਜਵਾਨਾਂ ਦੇ ਭਵਿੱਖ ਦੇ ਰਸਤੇ ਸੀਮਤ ਹੋ ਜਾਂਦੇ ਹਨ, ਇਸ ਲਈ ਇਹ ਜ਼ਰੂਰੀ ਹੈ ਕਿ ਬੱਚੇ ਦੇਸ਼ ਦੀ ਤਰੱਕੀ, ਗਗਨਯਾਨ ਅਤੇ ਭਵਿੱਖ ਦੇ ਚੰਦਰ ਮਿਸ਼ਨਾਂ ਬਾਰੇ ਜਾਣਨ।
ਅੰਤਰਰਾਸ਼ਟਰੀ ਪੁਲਾੜ ਸਟੇਸ਼ਨ ਜਾਣ ਵਾਲੇ ਪਹਿਲੇ ਭਾਰਤੀ
ਦੱਸਣਯੋਗ ਹੈ ਕਿ ਗਰੁੱਪ ਕੈਪਟਨ ਸ਼ੁਕਲਾ ਨੇ ਪਿਛਲੇ ਸਾਲ ਜੂਨ-ਜੁਲਾਈ ਵਿੱਚ 18 ਦਿਨਾਂ ਦਾ ਮਿਸ਼ਨ ਪੂਰਾ ਕੀਤਾ ਸੀ ਤੇ ਉਹ ਅੰਤਰਰਾਸ਼ਟਰੀ ਪੁਲਾੜ ਸਟੇਸ਼ਨ (ISS) 'ਤੇ ਜਾਣ ਵਾਲੇ ਪਹਿਲੇ ਭਾਰਤੀ ਹਨ। ਉਨ੍ਹਾਂ ਨੇ ਕੇਂਦਰੀ ਬਜਟ ਵਿੱਚ ਪੁਲਾੜ ਵਿਭਾਗ ਲਈ ਫੰਡਾਂ ਵਿੱਚ ਕੀਤੇ ਗਏ 2 ਫੀਸਦੀ ਵਾਧੇ ਦੀ ਸ਼ਲਾਘਾ ਕਰਦਿਆਂ ਇਸ ਨੂੰ ਭਾਰਤ ਦੀਆਂ ਪੁਲਾੜ ਇੱਛਾਵਾਂ ਲਈ ਮਜ਼ਬੂਤ ਲੀਡਰਸ਼ਿਪ ਦਾ ਸਮਰਥਨ ਦੱਸਿਆ।
ਵਿਸ਼ਵ ਪੱਧਰ 'ਤੇ ਭਾਰਤ ਦਾ ਵਧਿਆ ਮਾਣ
ਸ਼ੁਕਲਾ ਨੇ ਕਿਹਾ ਕਿ ਵਿਸ਼ਵ ਪੱਧਰ 'ਤੇ ਭਾਰਤ ਨੂੰ ਸਨਮਾਨ ਦੀ ਨਿਗਾਹ ਨਾਲ ਦੇਖਿਆ ਜਾਂਦਾ ਹੈ ਅਤੇ ਪੂਰੀ ਦੁਨੀਆ ਨੂੰ ਭਾਰਤ ਤੋਂ ਵੱਡੀਆਂ ਉਮੀਦਾਂ ਹਨ। ਉਨ੍ਹਾਂ ਮੁਤਾਬਕ ਭਾਰਤ ਦੇ ਹਰ ਮਿਸ਼ਨ 'ਤੇ ਦੁਨੀਆ ਦੀ ਕਰੜੀ ਨਜ਼ਰ ਰਹਿੰਦੀ ਹੈ ਕਿਉਂਕਿ ਭਾਰਤ ਨੇ ਬਹੁਤ ਹੀ ਚੁਣੌਤੀਪੂਰਨ ਕੰਮਾਂ ਨੂੰ ਸਫਲਤਾ ਨਾਲ ਨੇਪਰੇ ਚਾੜ੍ਹਿਆ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
