ਮੁੜ ਲੀਹ ''ਤੇ ਆਉਣ ਲੱਗੇ ਭਾਰਤ-ਚੀਨ ਦੇ ਸਬੰਧ ! ਇਕੱਲਾ ਪੈਣ ਲੱਗਾ ਪਾਕਿਸਤਾਨ

Monday, Sep 14, 2026 - 02:02 PM (IST)

ਮੁੜ ਲੀਹ ''ਤੇ ਆਉਣ ਲੱਗੇ ਭਾਰਤ-ਚੀਨ ਦੇ ਸਬੰਧ ! ਇਕੱਲਾ ਪੈਣ ਲੱਗਾ ਪਾਕਿਸਤਾਨ

ਇੰਟਰਨੈਸ਼ਨਲ ਡੈਸਕ- ਨਵੀਂ ਦਿੱਲੀ ਵਿਖੇ ਸਮਾਪਤ ਹੋਏ 18ਵੇਂ ਬ੍ਰਿਕਸ ਸਿਖਰ ਸੰਮੇਲਨ ਦੌਰਾਨ ਸਰਬਸੰਮਤੀ ਨਾਲ ਪਾਸ ਕੀਤੇ ਗਏ 'ਨਵੀਂ ਦਿੱਲੀ ਘੋਸ਼ਣਾ ਪੱਤਰ' 'ਚ 22 ਅਪ੍ਰੈਲ 2025 ਦੇ ਪਹਿਲਗਾਮ ਅੱਤਵਾਦੀ ਹਮਲੇ ਦੀ ਸਖ਼ਤ ਨਿੰਦਾ ਕੀਤੀ ਗਈ ਹੈ। ਪਾਕਿਸਤਾਨ ਦੇ ਸਭ ਤੋਂ ਨਜ਼ਦੀਕੀ ਅਤੇ ਰਣਨੀਤਕ ਦੋਸਤ ਚੀਨ ਵੱਲੋਂ ਇਸ ਐਲਾਨਨਾਮੇ 'ਤੇ ਦਸਤਖ਼ਤ ਕਰਨ ਨਾਲ ਗਲੋਬਲ ਪੱਧਰ 'ਤੇ 'ਚ ਇਹ ਸਵਾਲ ਉੱਠਣ ਲੱਗ ਪਏ ਹਨ ਕਿ ਕੀ ਚੀਨ-ਪਾਕਿਸਤਾਨ ਦੀ ਸਦਾਬਹਾਰ ਦੋਸਤੀ ਹੁਣ ਦਬਾਅ ਹੇਠ ਆ ਗਈ ਹੈ ?

ਬ੍ਰਿਕਸ ਦੇਸ਼ਾਂ ਨੇ ਪਹਿਲਗਾਮ ਹਮਲੇ, ਜਿਸ 'ਚ 26 ਲੋਕਾਂ ਦੀ ਜਾਨ ਗਈ ਸੀ ਦਾ ਸਪੱਸ਼ਟ ਨਾਂ ਲੈ ਕੇ ਸਖ਼ਤ ਨਿੰਦਾ ਕੀਤੀ। ਦਿੱਲੀ ਘੋਸ਼ਣਾ ਪੱਤਰ 'ਚ ਸਰਹੱਦ ਪਾਰ ਅੱਤਵਾਦ, ਅੱਤਵਾਦੀਆਂ ਦੀ ਘੁਸਪੈਠ, ਅੱਤਵਾਦ ਨੂੰ ਮਿਲਣ ਵਾਲੀ ਵਿੱਤੀ ਮਦਦ ਅਤੇ ਉਨ੍ਹਾਂ ਨੂੰ ਸੁਰੱਖਿਅਤ ਪਨਾਹ ਦੇਣ ਖ਼ਿਲਾਫ਼ ਜ਼ੀਰੋ-ਟੌਲਰੈਂਸ ਦੀ ਨੀਤੀ ਅਪਣਾਉਣ ਦੀ ਮੰਗ ਕੀਤੀ ਗਈ ਹੈ।

ਹਾਲਾਂਕਿ ਘੋਸ਼ਣਾ ਪੱਤਰ 'ਚ ਸਿੱਧੇ ਤੌਰ 'ਤੇ ਪਾਕਿਸਤਾਨ ਦਾ ਨਾਂ ਨਹੀਂ ਲਿਆ ਗਿਆ, ਪਰ ਭਾਰਤੀ ਜਾਂਚ ਏਜੰਸੀ ਅਨੁਸਾਰ ਪਹਿਲਗਾਮ ਹਮਲੇ 'ਚ ਪਾਕਿਸਤਾਨ ਦੇ 'ਲਸ਼ਕਰ-ਏ-ਤੋਇਬਾ' ਅਤੇ 'ਦਿ ਰੇਸਿਸਟੈਂਸ ਫ੍ਰੰਟ' ਦੀ ਸ਼ਮੂਲੀਅਤ ਸਾਬਿਤ ਹੋ ਚੁੱਕੀ ਹੈ। ਇਸ ਦੇ ਬਾਵਜੂਦ ਚੀਨ ਦਾ ਸਰਹੱਦ ਪਾਰ ਅੱਤਵਾਦ ਖ਼ਿਲਾਫ਼ ਇਸ ਮਤੇ ਦਾ ਸਮਰਥਨ ਕਰਨਾ ਭਾਰਤ ਦੀ ਇੱਕ ਵੱਡੀ ਕੂਟਨੀਤਕ ਜਿੱਤ ਮੰਨਿਆ ਜਾ ਰਿਹਾ ਹੈ।

ਪਾਕਿਸਤਾਨ 'ਚ ਚੀਨ-ਪਾਕਿਸਤਾਨ ਆਰਥਿਕ ਲਾਂਘੇ (CPEC) ਦੇ ਪ੍ਰੋਜੈਕਟਾਂ ਅਤੇ ਚੀਨੀ ਨਾਗਰਿਕਾਂ 'ਤੇ ਲਗਾਤਾਰ ਹੋ ਰਹੇ ਹਮਲਿਆਂ ਕਾਰਨ ਬੀਜਿੰਗ ਪਾਕਿਸਤਾਨ ਦੀ ਸੁਰੱਖਿਆ ਸਥਿਤੀ ਤੋਂ ਕਾਫ਼ੀ ਅਸੰਤੁਸ਼ਟ ਹੈ। ਪਾਕਿਸਤਾਨ ਦੇ ਵਿੱਤੀ ਸੰਕਟ ਅਤੇ ਚੀਨੀ ਨਿਵੇਸ਼ਕਾਂ ਨੂੰ ਭੁਗਤਾਨ 'ਚ ਹੋ ਰਹੀ ਦੇਰੀ ਕਾਰਨ ਚੀਨੀ ਕੰਪਨੀਆਂ ਵੀ ਪਾਕਿਸਤਾਨ 'ਚ ਨਵੇਂ ਪ੍ਰੋਜੈਕਟ ਲੈਣ ਤੋਂ ਪਰਹੇਜ਼ ਕਰ ਰਹੀਆਂ ਹਨ।

ਇਸੇ ਦੌਰਾਨ ਲੱਦਾਖ ਸਰਹੱਦੀ ਵਿਵਾਦ ਤੋਂ ਬਾਅਦ ਪ੍ਰਧਾਨ ਮੰਤਰੀ ਮੋਦੀ ਅਤੇ ਚੀਨੀ ਰਾਸ਼ਟਰਪਤੀ ਸ਼ੀ ਜਿਨਪਿੰਗ ਵਿਚਾਲੇ ਹੋਈਆਂ ਦੁਵੱਲੀਆਂ ਬੈਠਕਾਂ ਨਾਲ ਦੋਹਾਂ ਦੇਸ਼ਾਂ ਦੇ ਸਬੰਧ ਮੁੜ ਪਟੜੀ 'ਤੇ ਆ ਰਹੇ ਹਨ, ਜਿਸ ਮਗਰੋਂ ਬੀਜਿੰਗ ਹੁਣ ਖੇਤਰੀ ਸਥਿਰਤਾ ਅਤੇ ਆਰਥਿਕ ਹਿੱਤਾਂ ਲਈ ਭਾਰਤ ਨਾਲ ਸਹਿਯੋਗ ਵਧਾਉਣ ਦਾ ਪੱਖ ਪੂਰ ਰਿਹਾ ਹੈ ਤੇ ਪਾਕਿਸਤਾਨ ਨਾਲ ਉਸ ਦਾ ਇੱਕਤਰਫ਼ਾ ਸਮਰਥਨ ਹੁਣ ਰਣਨੀਤਕ ਦਬਾਅ ਹੇਠ ਨਜ਼ਰ ਆ ਰਿਹਾ ਹੈ।


author

Harpreet SIngh

Content Editor

Related News