ਕਸ਼ਮੀਰ ''ਚ ਅਗਲੇ 24 ਘੰਟਿਆਂ ''ਚ ਬਦਲੇਗਾ ਮੌਸਮ ਦਾ ਮਿਜਾਜ਼, ਮੀਂਹ ਤੇ ਬਰਫਬਾਰੀ ਦੀ ਸੰਭਾਵਨਾ
Saturday, Oct 14, 2023 - 04:05 PM (IST)
ਸ਼੍ਰੀਨਗਰ- ਅਗਲੇ 24 ਘੰਟਿਆਂ ਦੌਰਾਨ ਕੇਂਦਰ ਸ਼ਾਸਿਤ ਪ੍ਰਦੇਸ਼ ਜੰਮੂ-ਕਸ਼ਮੀਰ ਵਿਚ ਮੀਂਹ ਅਤੇ ਬਰਫ਼ਬਾਰੀ ਦੀ ਸੰਭਾਵਨਾ ਹੈ। ਮੌਸਮ ਵਿਗਿਆਨ ਕੇਂਦਰ (IMD) ਨੇ ਸ਼ਨੀਵਾਰ ਨੂੰ ਇਹ ਜਾਣਕਾਰੀ ਦਿੱਤੀ। ਜੰਮੂ-ਕਸ਼ਮੀਰ 'ਚ ਸ਼ੁੱਕਰਵਾਰ ਅਤੇ ਸ਼ਨੀਵਾਰ ਦੀ ਦਰਮਿਆਨੀ ਰਾਤ ਨੂੰ ਮੀਂਹ ਪਿਆ। ਰਾਜਧਾਨੀ ਸ਼੍ਰੀਨਗਰ 'ਚ ਸ਼ੁੱਕਰਵਾਰ ਰਾਤ ਤੋਂ ਹੁਣ ਤੱਕ 2.2 ਮਿਲੀਮੀਟਰ ਮੀਂਹ ਦਰਜ ਕੀਤਾ ਗਿਆ।
ਦੱਖਣੀ ਕਸ਼ਮੀਰ ਦੇ ਕਾਜੀਗੁੰਡ 'ਚ 0.6 ਮਿਲੀਮੀਟਰ ਮੀਂਹ ਪਿਆ, ਜਦੋਂ ਕਿ ਉੱਤਰੀ ਕਸ਼ਮੀਰ ਦੇ ਕੁਪਵਾੜਾ ਕਸਬੇ ਵਿਚ 2.1 ਮਿਲੀਮੀਟਰ ਮੀਂਹ ਪਿਆ। ਉੱਤਰੀ ਕਸ਼ਮੀਰ ਦੇ ਬਾਰਾਮੂਲਾ ਜ਼ਿਲ੍ਹੇ ਦੇ ਗੁਲਮਰਗ ਦੇ ਸਕੀ ਰਿਜ਼ੋਰਟ ਵਿਚ 2.8 ਮਿਲੀਮੀਟਰ ਮੀਂਹ ਦਰਜ ਕੀਤਾ ਗਿਆ। ਮੀਂਹ ਕਾਰਨ ਸੂਬੇ ਵਿਚ ਘੱਟੋ-ਘੱਟ ਤਾਪਮਾਨ 'ਚ ਵੀ ਗਿਰਾਵਟ ਦੇਖਣ ਨੂੰ ਮਿਲੀ। ਮੌਸਮ ਦੀ ਸਥਿਤੀ ਦੇ ਮੱਦੇਨਜ਼ਰ ਅਧਿਕਾਰੀਆਂ ਨੇ ਮੌਸਮ ਵਿਚ ਸੁਧਾਰ ਹੋਣ ਅਤੇ ਬਰਫ਼ ਸਾਫ਼ ਹੋਣ ਤੱਕ ਸਿੰਥਾਨ-ਕਿਸ਼ਤਵਾੜ ਅਤੇ ਮਾਰਗਨ ਸੜਕਾਂ ਨੂੰ ਆਵਾਜਾਈ ਲਈ ਬੰਦ ਕਰ ਦਿੱਤਾ ਹੈ। ਮੌਸਮ ਭਵਿੱਖਬਾਣੀ ਕਰਨ ਵਾਲੇ ਫੈਜ਼ਾਨ ਆਰਿਫ ਨੇ ਆਉਣ ਵਾਲੇ ਦਿਨਾਂ 'ਚ ਕੁਝ ਥਾਵਾਂ 'ਤੇ ਭਾਰੀ ਬਰਫਬਾਰੀ ਦੀ ਚਿਤਾਵਨੀ ਦਿੱਤੀ ਹੈ।