ਭਾਰਤ 'ਚ 2023 'ਚ 16 ਲੱਖ ਬੱਚਿਆਂ ਨੂੰ ਨਹੀਂ ਲੱਗੀ ਕੋਈ ਵੀ ਵੈਕਸੀਨ, ਦੁਨੀਆ 'ਚ ਇਹ ਦੂਜਾ ਸਭ ਤੋਂ ਵੱਡਾ ਅੰਕੜਾ

Tuesday, Jul 16, 2024 - 06:19 PM (IST)

ਭਾਰਤ 'ਚ 2023 'ਚ 16 ਲੱਖ ਬੱਚਿਆਂ ਨੂੰ ਨਹੀਂ ਲੱਗੀ ਕੋਈ ਵੀ ਵੈਕਸੀਨ, ਦੁਨੀਆ 'ਚ ਇਹ ਦੂਜਾ ਸਭ ਤੋਂ ਵੱਡਾ ਅੰਕੜਾ

ਨਵੀਂ ਦਿੱਲੀ (ਭਾਸ਼ਾ)- ਭਾਰਤ 'ਚ 2023 'ਚ ਕਰੀਬ 16 ਲੱਖ ਬੱਚਿਆਂ ਨੂੰ ਵੈਕਸੀਨ ਦੀ ਇਕ ਵੀ ਖੁਰਾਕ ਨਹੀਂ ਮਿਲੀ। ਭਾਰਤ ਇਸ ਕ੍ਰਮ 'ਚ ਦੂਜੇ ਸਥਾਨ 'ਤੇ ਹੈ ਜਦਕਿ ਨਾਈਜੀਰੀਆ ਪਹਿਲੇ ਸਥਾਨ 'ਤੇ ਹੈ ਜਿੱਥੇ 21 ਲੱਖ ਬੱਚਿਆਂ ਨੂੰ ਇਸੇ ਮਿਆਦ ਦੌਰਾਨ ਟੀਕੇ ਦੀ ਇਕ ਵੀ ਖੁਰਾਕ ਨਹੀਂ ਮਿਲੀ। ਭਾਰਤ ਦੀ ਰੈਂਕਿੰਗ 'ਚ ਹਾਲਾਂਕਿ 2021 ਦੇ ਮੁਕਾਬਲੇ ਸੁਧਾਰ ਹੋਇਆ ਹੈ, ਜਦੋਂ ਦੇਸ਼ 'ਚ ਵਿਸ਼ਵ ਪੱਧਰ 'ਤੇ ਸਭ ਤੋਂ ਵੱਧ 27.3 ਲੱਖ ਬੱਚਿਆਂ ਨੂੰ ਵੈਕਸੀਨ ਦੀ ਇਕ ਵੀ ਖੁਰਾਕ ਨਹੀਂ ਮਿਲੀ ਸੀ। ਸੋਮਵਾਰ ਨੂੰ ਵਿਸ਼ਵ ਸਿਹਤ ਸੰਗਠਨ (ਡਬਲਿਯੂਐੱਚਓ) ਅਤੇ ਯੂਨੀਸੇਫ ਦੁਆਰਾ ਸਾਂਝੇ ਤੌਰ 'ਤੇ ਪ੍ਰਕਾਸ਼ਿਤ ਕੀਤੇ ਗਏ ਅੰਕੜਿਆਂ ਅਨੁਸਾਰ, 2023 'ਚ ਨਾਈਜੀਰੀਆ 'ਚ ਜ਼ੀਰੋ ਖੁਰਾਕ ਵਾਲੇ ਬੱਚਿਆਂ ਦੀ ਸੰਖਿਆ ਸਭ ਤੋਂ ਵੱਧ 21 ਲੱਖ ਸੀ। ਭਾਰਤ ਤੋਂ ਬਾਅਦ ਹੋਰ ਦੇਸ਼ ਇਥੋਪੀਆ, ਕਾਂਗੋ, ਸੂਡਾਨ ਅਤੇ ਇੰਡੋਨੇਸ਼ੀਆ ਹਨ। ਇਸ ਸ਼੍ਰੇਣੀ 'ਚ ਚੋਟੀ ਦੇ 20 ਦੇਸ਼ਾਂ 'ਚ ਚੀਨ 18ਵੇਂ ਸਥਾਨ 'ਤੇ ਹੈ, ਜਦਕਿ ਪਾਕਿਸਤਾਨ 10ਵੇਂ ਸਥਾਨ 'ਤੇ ਹੈ। ਟੀਕਾਕਰਨ ਏਜੰਡਾ 2030 (IA2030) ਦੇ ਸੰਦਰਭ 'ਚ 2021 'ਚ ਟੀਕਾਕਰਨ ਕੀਤੇ ਗਏ ਬੱਚਿਆਂ ਦੀ ਗਿਣਤੀ ਦੇ ਆਧਾਰ 'ਤੇ 20 ਦੇਸ਼ਾਂ ਨੂੰ ਤਰਜੀਹ ਦਿੱਤੀ ਗਈ ਸੀ। ਦੱਖਣ ਏਸ਼ੀਆ ਖੇਤਰ (ਰੋਸਾ) ਲਈ ਸੰਯੁਕਤ ਰਾਸ਼ਟਰ ਦੀਆਂ ਏਜੰਸੀਆਂ ਦੀ ਰਿਪੋਰਟ ਅਨੁਸਾਰ, ਜ਼ੀਰੋ ਖ਼ੁਰਾਕ ਵਾਲੇ ਬੱਚਿਆਂ ਦੀ ਗਿਣਤੀ ਦੇ ਆਧਾਰ 'ਤੇ ਰੈਂਕ ਕੀਤੇ ਗਏ ਦੇਸ਼ਾਂ 'ਚ 2021-2023 'ਚ ਭਾਰਤ 1,592,000 ਜ਼ੀਰੋ ਖੁਰਾਕ ਵਾਲੇ ਬੱਚਿਆਂ ਨਾਲ 8 ਦੇਸ਼ਾਂ 'ਚੋਂ ਪਹਿਲੇ ਸਥਾਨ 'ਤੇ ਹੈ। 

ਵਿਸ਼ਵ ਸਿਹਤ ਸੰਗਠਨ ਨੇ ਮੰਗਲਵਾਰ ਨੂੰ ਦੱਖਣ-ਪੂਰਬੀ ਏਸ਼ੀਆ ਖੇਤਰ ਦੇ ਦੇਸ਼ਾਂ ਤੋਂ ਸਾਰੇ ਪੱਧਰਾਂ 'ਤੇ ਕੋਸ਼ਿਸ਼ਾਂ ਨੂੰ ਹੋਰ ਮਜ਼ਬੂਤ ਕਰਨ ਦੀ ਅਪੀਲ ਕੀਤੀ, ਜਿਸ 'ਚ ਉੱਪ ਰਾਸ਼ਟਰੀ ਪੱਧਰ 'ਤੇ ਅਨੁਕੂਲਿਤ ਦ੍ਰਿਸ਼ਟੀਕੋਣ ਅਪਣਾਇਆ ਜਾਣਾ ਚਾਹੀਦਾ ਤਾਂ ਕਿ ਟੀਕਾਕਰਨ ਵਾਂਝੇ ਅਤੇ ਘੱਟ ਟੀਕਾਕਰਨ ਵਾਲੇ ਬੱਚਿਆਂ ਦੀ ਪਛਾਣ ਕੀਤੀ ਜਾ ਸਕੇ ਅਤੇ ਉਨ੍ਹਾਂ ਦੀ ਟੀਕਾਕਰਨ ਕੀਤਾ ਜਾ ਸਕੇ। ਦੱਖਣ ਪੂਰਬੀ ਏਸ਼ੀਆ ਲਈ ਡਬਲਿਊ.ਐੱਚ.ਓ. ਦੀ ਖੇਤਰੀ ਡਾਇਰੈਕਟਰ ਸਾਇਮਾ ਵਾਜੇਦ ਨੇ ਕਿਹਾ,''ਟੀਕਾਕਰਨ ਤੋਂ ਵਾਂਝੇ ਅਤੇ ਘੱਟ ਟੀਕਾਕਰਨ ਵਾਲੇ ਬੱਚਿਆਂ ਦੀ ਵਧਦੀ ਗਿਣਤੀ ਕਾਰਨ ਤੁਰੰਤ ਕਾਰਵਾਈ ਦੀ ਜ਼ਰੂਰਤ ਹੈ। ਸਾਨੂੰ ਇਹ ਪਤਾ ਲਗਾਉਣ ਦੀ ਲੋੜ ਹੈ ਕਿ ਇਹ ਬੱਚੇ ਕਿੱਥੇ ਅਤੇ ਕਿਉਂ ਰਹਿ ਗਏ ਅਤੇ ਜਲਦ ਤੋਂ ਜਲਦ ਉਨ੍ਹਾਂ ਤੱਕ ਪਹੁੰਚਣ 'ਚ ਪਹਿਲ ਦੇਣੀ ਚਾਹੀਦੀ ਹੈ। ਉਨ੍ਹਾਂ ਕਿਹਾ,''ਕਿਸੇ ਵੀ ਬੱਚੇ ਨੂੰ, ਅਜਿਹੇ ਕਿਸੇ ਵੀ ਜਾਨਲੇਵਾ ਜਾਂ ਖ਼ਤਰਨਾਕ ਬੀਮਾਰੀ ਦੀ ਲਪੇਟ 'ਚ ਨਹੀਂ ਆਉਣਾ ਚਾਹੀਦਾ, ਜਦੋਂ ਉਨ੍ਹਾਂ ਤੋਂ ਬਚਣ ਲਈ ਸੁਰੱਖਿਅਤ ਅਤੇ ਪ੍ਰਭਾਵੀ ਟੀਕੇ ਮੌਜੂਦ ਹਨ।'' ਉਨ੍ਹਾਂ ਕਿਹਾ ਕਿ ਇਹ ਖੇਤਰ 2030 ਦੇ ਟੀਕਾਕਰਨ ਏਜੰਡੇ ਨੂੰ ਪ੍ਰਾਪਤ ਕਰਨ ਦੀ ਦਿਸ਼ਾ 'ਚ ਪਿੱਛੇ ਹੈ। ਭਾਰਤ 'ਚ 2023 'ਚ ਖਸਰਾ ਰੋਕੂ ਟੀਕੇ (ਐੱਮਸੀਵੀ1) ਦੀ ਪਹਿਲੀ ਖੁਰਾਕ ਨਾ ਲਗਵਾਉਣ ਵਾਲੇ ਬੱਚਿਆਂ ਦੀ ਗਿਣਤੀ ਤੀਜੀ ਸਭ ਤੋਂ ਵੱਡੀ ਗਿਣਤੀ ਸੀ। ਇਹ ਅੰਕੜਾ ਲਗਭਗ 16 ਲੱਖ ਸੀ। ਐੱਮਸੀਵੀ1 ਪ੍ਰਾਪਤ ਕਰਨ ਵਾਲੇ ਬੱਚਿਆਂ ਦਾ ਫ਼ੀਸਦੀ, 'ਰਾਸ਼ਟਰੀ ਟੀਕਾਕਰਨ ਪ੍ਰੋਗਰਾਮ ਦੇ ਆਧਾਰ 'ਤੇ ਆਮ ਤੌਰ 'ਤੇ 9 ਜਾਂ 12 ਮਹੀਨਿਆਂ 'ਚ', ਘੱਟ ਕੇ 93 ਫ਼ੀਸਦੀ ਰਹਿ ਗਿਆ। ਇਹ 2019 ਦੀ ਤੁਲਨਾ 'ਚ ਘੱਟ ਹੈ, ਜਦੋਂ ਅੰਕੜਾ 95 ਫ਼ੀਸਦੀ ਸੀ। ਵਿਸ਼ਵ ਸਿਹਤ ਸੰਗਠਨ (WHO) ਅਤੇ ਸੰਯੁਕਤ ਰਾਸ਼ਟਰ ਚਿਲਡਰਨ ਫੰਡ (UNICEF) ਨੇ 14 ਬੀਮਾਰੀਆਂ ਦੇ ਵਿਰੁੱਧ ਟੀਕਾਕਰਨ ਦੇ ਰੁਝਾਨਾਂ 'ਤੇ ਆਪਣੇ ਨਵੇਂ ਵਿਸ਼ਲੇਸ਼ਣ ਨੂੰ ਜਾਰੀ ਕਰਕੇ ਇਸ ਨਤੀਜਾ ਸਾਂਝਾ ਕੀਤਾ ਹੈ।

ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ

👇Join us on Whatsapp channel👇

https://whatsapp.com/channel/0029Va94hsaHAdNVur4L170e


author

DIsha

Content Editor

Related News