ਪਾਰਟੀ ਚਾਹੇਗੀ ਤਾਂ ਅਗਲੀ ਮੁਲਾਕਾਤ ਮੁੱਖ ਮੰਤਰੀ ਵਜੋਂ ਹੋਵੇਗੀ : ਅਨਿਲ ਵਿਜ

Saturday, Oct 05, 2024 - 12:39 PM (IST)

ਅੰਬਾਲਾ (ਵਾਰਤਾ)- ਹਰਿਆਣਾ ਦੇ ਸਾਬਕਾ ਗ੍ਰਹਿ ਮੰਤਰੀ ਅਨਿਲ ਵਿਜ ਨੇ ਸ਼ਨੀਵਾਰ ਨੂੰ ਦੁਹਰਾਇਆ ਕਿ ਜੇਕਰ ਪਾਰਟੀ ਚਾਹੇਗੀ ਤਾਂ ਉਹ ਮੁੱਖ ਮੰਤਰੀ ਬਣ ਜਾਣਗੇ। ਹਰਿਆਣਾ ਵਿਧਾਨ ਸਭਾ ਚੋਣਾਂ ਲਈ ਵੋਟਿੰਗ ਵਾਲੇ ਦਿਨ ਮੀਡੀਆ ਨਾਲ ਗੱਲ ਕਰਦਿਆਂ ਵਿਜ ਨੇ ਕਿਹਾ,''ਜੇਕਰ ਪਾਰਟੀ ਚਾਹੇਗੀ ਤਾਂ ਤੁਹਾਡੇ ਨਾਲ ਅਗਲੀ ਮੁਲਾਕਾਤ ਮੁੱਖ ਮੰਤਰੀ ਵਜੋਂ ਹੋਵੇਗੀ।'' ਉਨ੍ਹਾਂ ਦਾਅਵਾ ਕੀਤਾ ਕਿ ਸਰਕਾਰ ਭਾਰਤੀ ਜਨਤਾ ਪਾਰਟੀ ਦੀ ਹੀ ਬਣੇਗੀ। ਮੁੱਖ ਮੰਤਰੀ ਦੇ ਅਹੁਦੇ ਲਈ ਆਪਣੀ ਦਾਅਵੇਦਾਰੀ ਸਬੰਧੀ ਪੁੱਛੇ ਸਵਾਲ ਦੇ ਜਵਾਬ 'ਚ ਉਨ੍ਹਾਂ ਕਿਹਾ ਕਿ ਉਨ੍ਹਾਂ ਕਦੇ ਵੀ ਮੁੱਖ ਮੰਤਰੀ ਦੇ ਅਹੁਦੇ ਦਾ ਦਾਅਵਾ ਨਹੀਂ ਕੀਤਾ। ਜਦੋਂ 2014 'ਚ ਭਾਜਪਾ ਦੀ ਸਰਕਾਰ ਬਣੀ ਸੀ, ਉਦੋਂ ਵੀ ਉਨ੍ਹਾਂ ਨੂੰ ਮੁੱਖ ਮੰਤਰੀ ਬਣਾਇਆ ਜਾ ਸਕਦਾ ਸੀ ਕਿਉਂਕਿ ਕਾਂਗਰਸ ਸਰਕਾਰ ਦੇ ਕਾਰਜਕਾਲ (2009-2014) ਦੌਰਾਨ ਉਹ ਭਾਜਪਾ ਵਿਧਾਇਕ ਦਲ ਦੇ ਆਗੂ ਸਨ ਅਤੇ ਉਨ੍ਹਾਂ ਨੇ 5 ਸਾਲ ਸਰਕਾਰ ਦੀ ਨੱਕ 'ਚ ਦਮ ਕਰ ਰੱਖਿਆ ਸੀ। 

ਵਿਜ ਨੇ ਕਿਹਾ ਕਿ ਮਾਰਚ 'ਚ ਜਦੋਂ ਮਨੋਹਰ ਲਾਲ ਖੱਟੜ ਨੂੰ ਹਟਾ ਕੇ ਨਾਇਬ ਸਿੰਘ ਸੈਣੀ ਨੂੰ ਮੁੱਖ ਮੰਤਰੀ ਬਣਾਇਆ ਗਿਆ, ਉਦੋਂ ਵੀ ਉਨ੍ਹਾਂ ਨੇ ਅਹੁਦੇ 'ਤੇ ਕੋਈ ਦਾਅਵਾ ਨਹੀਂ ਕੀਤਾ। ਵਿਜ ਨੇ ਕਿਹਾ ਕਿ ਬਾਅਦ 'ਚ ਲੋਕਾਂ ਨੇ ਕਹਿਣਾ ਸ਼ੁਰੂ ਕੀਤਾ ਕਿ ਸੀਨੀਅਰ ਨੇਤਾ ਹੋਣ ਦੇ ਨਾਤੇ ਵਿਜ ਨੂੰ ਮੁੱਖ ਮੰਤਰੀ ਕਿਉਂ ਨਹੀਂ ਬਣਾਇਆ ਜਾ ਸਕਦਾ, ਉਦੋਂ ਮੈਂ ਕਿਹਾ ਕਿ ਜੇਕਰ ਮੈਨੂੰ ਮੁੱਖ ਮੰਤਰੀ ਬਣਾਇਆ ਜਾਂਦਾ ਹੈ ਤਾਂ ਮੈਂ ਹਰਿਆਣਾ ਦੀ ਤਕਦੀਰ ਅਤੇ ਤਸਵੀਰ ਬਦਲ ਦੇਵਾਂਗਾ। ਭਾਜਪਾ ਆਗੂ ਨੇ ਕਿਹਾ ਕਿ ਹੁਣ ਵੀ ਪਾਰਟੀ ਚਾਹੇਗੀ ਤਾਂ ਉਹ ਮੁੱਖ ਮੰਤਰੀ ਬਣਨਗੇ, ਕਿਉਂਕਿ ਉਨ੍ਹਾਂ ਨੇ ਕਦੇ ਪਾਰਟੀ ਦਾ ਕੋਈ ਆਦੇਸ਼ ਨਹੀਂ ਟਾਲਿਆ। ਦੱਸਣਯੋਗ ਹੈ ਕਿ ਪਿਛਲੇ ਦਿਨੀਂ ਵਿਜ ਦੇ ਮੁੱਖ ਮੰਤਰੀ ਅਹੁਦੇ ਦੇ ਦਾਅਵੇ ਤੋਂ ਬਾਅਦ ਭਾਜਪਾ ਦੀ ਸੀਨੀਅਰ ਲੀਡਰਸ਼ਿਪ ਸਪੱਸ਼ਟ ਕਰ ਚੁੱਕੀ ਹੈ ਕਿ ਪਾਰਟੀ ਹਰਿਆਣਾ 'ਚ ਸੈਣੀ ਦੀ ਅਗਵਾਈ 'ਚ ਲੜ ਰਹੀ ਹੈ ਅਤੇ ਉਹੀ ਪਾਰਟੀ ਦਾ ਮੁੱਖ ਮੰਤਰੀ ਚਿਹਰਾ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

 


DIsha

Content Editor

Related News