ਬਰਫ਼ਬਾਰੀ ਕਾਰਨ ਵਧਿਆ ਸੀਤ ਲਹਿਰ ਦਾ ਕਹਿਰ

Friday, Jan 17, 2025 - 04:43 PM (IST)

ਬਰਫ਼ਬਾਰੀ ਕਾਰਨ ਵਧਿਆ ਸੀਤ ਲਹਿਰ ਦਾ ਕਹਿਰ

ਸ਼ਿਮਲਾ- ਹਿਮਾਚਲ ਪ੍ਰਦੇਸ਼ 'ਚ ਮੀਂਹ ਅਤੇ ਬਰਫ਼ਬਾਰੀ ਕਾਰਨ ਸੀਤ ਲਹਿਰ ਦਾ ਕਹਿਰ ਵਧ ਗਿਆ ਹੈ। ਸ਼ੁੱਕਰਵਾਰ ਨੂੰ ਮੌਸਮ ਤਾਂ ਸਾਫ ਹੋਇਆ ਪਰ ਠੰਡ ਦਾ ਕਹਿਰ ਲਗਾਤਾਰ ਜਾਰੀ ਹੈ। ਹੇਠਲੇ ਪਹਾੜੀ ਅਤੇ ਮੈਦਾਨੀ ਇਲਾਕਿਆਂ ਵਿਚ ਸੰਘਣੀ ਧੁੰਦ ਛਾਈ ਹੈ, ਜਿਸ ਨਾਲ ਲੋਕਾਂ ਨੂੰ ਸਫ਼ਰ ਕਰਨ 'ਚ ਕਾਫੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਸੂਬੇ 'ਚ 10 ਥਾਵਾਂ 'ਤੇ ਘੱਟੋ-ਘੱਟ ਤਾਪਮਾਨ ਮਾਈਨਸ 'ਚ ਰਿਕਾਰਡ ਕੀਤਾ ਗਿਆ ਹੈ।

ਬੀਤੇ ਦਿਨੀਂ ਬਰਫਬਾਰੀ ਕਾਰਨ ਸੂਬੇ ਦੇ ਕਈ ਖੇਤਰਾਂ ਵਿਚ ਵਾਹਨਾਂ ਦੀ ਆਵਾਜਾਈ ਪ੍ਰਭਾਵਿਤ ਹੋਈ ਹੈ। ਉੱਪਰੀ ਸ਼ਿਮਲਾ ਦੇ ਕਈ ਰੂਟਾਂ 'ਤੇ ਬੱਸ ਸੇਵਾਵਾਂ ਠੱਪ ਹੋ ਗਈ ਹੈ। ਕੁੱਲੂ, ਕਿੰਨੌਰ ਅਤੇ ਲਾਹੌਲ-ਸਪੀਤੀ ਜ਼ਿਲ੍ਹਿਆਂ 'ਚ ਵੀ ਬਰਫ਼ਬਾਰੀ ਤੋਂ ਲੋਕ ਪਰੇਸ਼ਾਨ ਹਨ। ਬਰਫ਼ਬਾਰੀ ਤੋਂ ਬਾਅਦ ਕੁੱਲੂ ਅਤੇ ਲਾਹੌਲ ਵਿਚ ਕਰੀਬ 145 ਸੜਕਾਂ ਬੰਦ ਹਨ ਅਤੇ ਕੁਝ ਇਲਾਕਿਆਂ ਵਿਚ ਬਿਜਲੀ ਵੀ ਨਹੀਂ ਹੈ।

ਮੌਸਮ ਵਿਗਿਆਨ ਕੇਂਦਰ ਸ਼ਿਮਲਾ ਨੇ 19 ਜਨਵਰੀ ਤੱਕ ਸੀਤ ਲਹਿਰ ਅਤੇ ਸੰਘਣੀ ਧੁੰਦ ਦਾ ਯੈਲੋ ਅਲਰਟ ਜਾਰੀ ਕੀਤਾ ਹੈ। ਵਿਭਾਗ ਮੁਤਾਬਕ 19,21 ਅਤੇ 22 ਜਨਵਰੀ ਨੂੰ ਸੂਬੇ ਦੇ ਕਈ ਹਿੱਸਿਆਂ ਵਿਚ ਮੀਂਹ ਅਤੇ ਬਰਫ਼ਬਾਰੀ ਹੋ ਸਕਦੀ ਹੈ।


author

Tanu

Content Editor

Related News