ਮੰਗਲੁਰੂ ''ਚ ਲੈਂਡਸਲਾਈਡ ਕਾਰਨ ਮਕਾਨ ਡਿੱਗਿਆ, ਇੱਕੋ ਪਰਿਵਾਰ ਦੇ 3 ਜੀਆਂ ਦੀ ਮੌਤ
Wednesday, Jul 01, 2026 - 10:07 PM (IST)
ਮੰਗਲੁਰੂ : ਕਰਨਾਟਕ ਦੇ ਤੱਟੀ ਜ਼ਿਲ੍ਹੇ ਮੰਗਲੁਰੂ ਵਿੱਚ ਭਾਰੀ ਬਾਰਿਸ਼ ਦੇ ਕਾਰਨ ਬੁੱਧਵਾਰ ਤੜਕੇ ਹੋਏ ਲੈਂਡਸਲਾਈਡ ਨੇ ਇੱਕ ਹੱਸਦਾ-ਵੱਸਦਾ ਪਰਿਵਾਰ ਉਜਾੜ ਦਿੱਤਾ ਹੈ। ਨਾਗੋਰੀ ਖੇਤਰ ਵਿੱਚ ਇੱਕ ਮਕਾਨ ਉੱਪਰ ਪਹਾੜੀ ਤੋਂ ਮਿੱਟੀ ਦਾ ਵੱਡਾ ਢੇਰ ਡਿੱਗਣ ਕਾਰਨ ਮਲਬੇ ਵਿੱਚ ਦਬ ਕੇ ਤਿੰਨ ਲੋਕਾਂ ਦੀ ਮੌਤ ਹੋ ਗਈ, ਜਦਕਿ ਤਿੰਨ ਹੋਰਨਾਂ ਨੂੰ ਸੁਰੱਖਿਅਤ ਬਾਹਰ ਕੱਢ ਲਿਆ ਗਿਆ।
ਰਾਸ਼ਟਰੀ ਆਫ਼ਤ ਪ੍ਰਬੰਧਨ ਬਲ ਦੇ ਅਧਿਕਾਰੀਆਂ ਅਨੁਸਾਰ ਮ੍ਰਿਤਕਾਂ ਦੀ ਪਛਾਣ ਸ਼ਾਂਤਾ (46), ਉਸ ਦੀ ਅੱਠ ਸਾਲਾ ਬੇਟੀ ਅਨਾਮਿਕਾ ਚੌਰਸੀਆ ਅਤੇ ਚਾਰ ਸਾਲਾ ਬੇਟੀ ਪਰੀ ਵਜੋਂ ਹੋਈ ਹੈ। ਇਸ ਦੇ ਨਾਲ ਹੀ ਬਾਲਕ੍ਰਿਸ਼ਨ (48), ਅਲਕਾ (14) ਅਤੇ ਅਨੁਸ਼ਕਾ (11) ਨੂੰ ਮਲਬੇ ਵਿੱਚੋਂ ਜਿਉਂਦਾ ਕੱਢ ਕੇ ਇਲਾਜ ਲਈ ਨੇੜਲੇ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਹੈ। ਦੱਸਿਆ ਜਾ ਰਿਹਾ ਹੈ ਕਿ ਇਹ ਪਰਿਵਾਰ ਮੂਲ ਰੂਪ ਵਿੱਚ ਬਿਹਾਰ ਦਾ ਰਹਿਣ ਵਾਲਾ ਸੀ ਅਤੇ ਪਿਛਲੇ ਦੋ ਦਹਾਕਿਆਂ ਤੋਂ ਮੰਗਲੁਰੂ ਦੇ ਕਾਂਕਾਨਾਡੀ ਇਲਾਕੇ ਵਿੱਚ ਰਹਿ ਰਿਹਾ ਸੀ।
ਹਾਦਸੇ ਦੀ ਸੂਚਨਾ ਮਿਲਦੇ ਹੀ ਗੁਆਂਢੀਆਂ, ਅਗਨੀਸ਼ਮਨ ਅਤੇ ਐਮਰਜੈਂਸੀ ਸੇਵਾਵਾਂ ਦੇ ਕਰਮਚਾਰੀਆਂ ਅਤੇ ਐੱਨ.ਡੀ.ਆਰ.ਐੱਫ. ਦੀਆਂ ਟੀਮਾਂ ਨੇ ਤੁਰੰਤ ਸਾਂਝੀ ਬਚਾਅ ਮੁਹਿੰਮ ਸ਼ੁਰੂ ਕੀਤੀ। ਦੱਖਣ ਕੰਨੜ ਦੇ ਡਿਪਟੀ ਕਮਿਸ਼ਨਰ ਦਰਸ਼ਨ ਨੇ ਘਟਨਾ ਵਾਲੀ ਥਾਂ ਦਾ ਦੌਰਾ ਕਰਕੇ ਸਥਿਤੀ ਦਾ ਜਾਇਜ਼ਾ ਲਿਆ। ਜ਼ਿਲ੍ਹਾ ਪ੍ਰਸ਼ਾਸਨ ਨੇ ਇਲਾਕੇ ਵਿਚ ਲਗਾਤਾਰ ਹੋ ਰਹੀ ਬਾਰਿਸ਼ ਨੂੰ ਦੇਖਦੇ ਹੋਏ ਸੰਵੇਦਨਸ਼ੀਲ ਪਹਾੜੀ ਇਲਾਕਿਆਂ ਵਿਚ ਰਹਿ ਰਹੇ ਲੋਕਾਂ ਨੂੰ ਚੌਕਸ ਰਹਿਣ ਅਤੇ ਸੁਰੱਖਿਅਤ ਥਾਵਾਂ 'ਤੇ ਜਾਣ ਦੀ ਅਪੀਲ ਕੀਤੀ ਹੈ।
ਕਰਨਾਟਕ ਦੇ ਸਿਹਤ ਮੰਤਰੀ ਯੂ.ਟੀ. ਖਾਦਰ ਨੇ ਹਸਪਤਾਲ ਜਾ ਕੇ ਜ਼ਖਮੀਆਂ ਦਾ ਹਾਲ-ਚਾਲ ਪੁੱਛਿਆ। ਉਨ੍ਹਾਂ ਐਲਾਨ ਕੀਤਾ ਕਿ ਮ੍ਰਿਤਕਾਂ ਦੇ ਪਰਿਵਾਰਾਂ ਨੂੰ ਬਣਦਾ ਮੁਆਵਜ਼ਾ ਦਿੱਤਾ ਜਾਵੇਗਾ, ਭਾਵੇਂ ਉਹ ਦੂਜੇ ਰਾਜ ਦੇ ਰਹਿਣ ਵਾਲੇ ਹੋਣ। ਮੰਤਰੀ ਨੇ ਭਰੋਸਾ ਦਿੱਤਾ ਕਿ ਜ਼ਖਮੀਆਂ ਦਾ ਮੁਫ਼ਤ ਅਤੇ ਗੁਣਵੱਤਾ ਭਰਪੂਰ ਇਲਾਜ ਯਕੀਨੀ ਬਣਾਇਆ ਜਾਵੇਗਾ ਅਤੇ ਪ੍ਰਭਾਵਿਤ ਪਰਿਵਾਰ ਦੇ ਮੁੜ ਵਸੇਬੇ ਲਈ ਮਕਾਨ ਦੀ ਮੁਰੰਮਤ ਵਾਸਤੇ ਵੀ ਵਿੱਤੀ ਸਹਾਇਤਾ ਮੁਹੱਈਆ ਕਰਵਾਈ ਜਾਵੇਗੀ। ਉਨ੍ਹਾਂ ਇਸ ਘਟਨਾ ਨੂੰ ਪੂਰੇ ਤੱਟੀ ਖੇਤਰ ਲਈ ਇੱਕ 'ਸ਼ੁਰੂਆਤੀ ਚੇਤਾਵਨੀ' ਵਜੋਂ ਲੈਣ ਦੀ ਗੱਲ ਕਹੀ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
